ਲੁਧਿਆਣਾ (ਮਹਿਰਾ) : ਲੁਧਿਆਣਾ ਦੇ ਬਹੁ-ਚਰਚਿਤ ਈਸੇਵਾਲ ਗੈਂਗਰੇਪ ਮਾਮਲੇ 'ਚ ਪੁਲਸ ਵੱਲੋਂ ਸਥਾਨਕ ਅਦਾਲਤ 'ਚ ਦੋਸ਼ੀਆਂ ਖਿਲਾਫ ਚਾਰਜਸ਼ੀਟ ਦਰਜ ਕਰ ਦਿੱਤੀ ਗਈ ਹੈ। ਪੁਲਸ ਥਾਣਾ ਦਾਖਾ ਵੱਲੋਂ ਪੀੜਤ ਲੜਕੀ ਦੀ ਸ਼ਿਕਾਇਤ 'ਤੇ ਦੋਸ਼ੀਆਂ ਸਾਦਿਕ ਅਲੀ ਨਿਵਾਸੀ ਪੁਲਸ ਥਾਣਾ ਮੁਕੰਦਪੁਰ ਜ਼ਿਲਾ ਨਵਾਂਸ਼ਹਿਰ, ਜਗਰੂਪ ਸਿੰਘ ਉਰਫ ਰੂਪੀ ਨਿਵਾਸੀ ਪਿੰਡ ਜਸਪਾਲ ਬਾਂਗਰ, ਅਜੇ ਉਰਫ ਬ੍ਰਿਜ ਨੰਦਨ ਨਿਵਾਸੀ ਯੂ.ਪੀ., ਸੈੱਫ ਅਲੀ ਨਿਵਾਸੀ ਹਿਮਾਚਲ ਪ੍ਰਦੇਸ਼, ਸੁਰਮਾ ਨਿਵਾਸੀ ਖਾਨਪੁਰ ਪੁਲਸ ਥਾਣਾ ਪੇਹਲੋਂ ਦੇ ਗੈਂਗਰੇਪ ਦੇ ਦੋਸ਼ 'ਚ ਧਾਰਾ 376 ਡੀ, 342, 384, 354 ਬੀ, 279 ਬੀ 364-ਏ, 397 ਆਈ. ਪੀ. ਸੀ. ਦੇ ਤਹਿਤ 10 ਫਰਵਰੀ 2019 ਨੂੰ ਪੁਲਸ ਨੇ ਪਰਚਾ ਦਰਜ ਕੀਤਾ ਸੀ। ਦੋਸ਼ੀਆਂ ਵਿਰੁੱਧ ਚਾਰਜਸ਼ੀਟ ਅਦਾਲਤ 'ਚ ਦਾਖਲ ਕੀਤੇ ਜਾਣ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਅਟਾਰਨੀ ਰਵਿੰਦਰ ਕੁਮਾਰ ਅਬਰੋਲ ਤੇ ਡੀ. ਐੱਸ. ਪੀ. ਹਰਕਮਲ ਕੌਰ ਨੇ ਦੱਸਿਆ ਕਿ ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਅੱਜ ਉਹ ਖੁਦ ਅਦਾਲਤ 'ਚ ਦੋਸ਼ੀਆਂ ਵਿਰੁੱਧ ਚਲਾਨ ਪੇਸ਼ ਕਰਵਾਉਣ ਲਈ ਆਈ ਸੀ। ਹਾਲਾਂਕਿ ਪੀੜਤਾ ਨੇ ਆਪਣੇ ਬਿਆਨਾਂ 'ਚ 10 ਵਿਅਕਤੀਆਂ ਵੱਲੋਂ ਉਸ ਨਾਲ ਜਬਰ-ਜ਼ਨਾਹ ਕੀਤੇ ਜਾਣ ਦੀ ਗੱਲ ਕੀਤੀ ਹੈ ਪਰ ਪੁਲਸ ਨੇ ਪੰਜ ਦੋਸ਼ੀਆਂ ਖਿਲਾਫ ਹੀ ਚਾਰਜਸ਼ੀਟ ਦਾਖਲ ਕੀਤੀ ਹੈ।
ਵਰਣਨਯੋਗ ਹੈ ਕਿ 9 ਫਰਵਰੀ ਦੀ ਰਾਤ ਪੀੜਤਾ ਆਪਣੇ ਇਕ ਮਰਦ ਮਿੱਤਰ ਨਾਲ ਲੁਧਿਆਣਾ ਦੇ ਦਾਖਾ ਪੁਲਸ ਥਾਣੇ ਦੇ ਤਹਿਤ ਆਉਂਦੇ ਇਕ ਨਹਿਰ ਦੇ ਕੋਲ ਪੁੱਜੇ ਤਾਂ ਤਿੰਨ ਦੋਸ਼ੀਆਂ ਨੇ ਆਪਣਾ ਮੋਟਰਸਾਈਕਲ ਉਨ੍ਹਾਂ ਦੀ ਕਾਰ ਦੇ ਅੱਗੇ ਲਾ ਦਿੱਤਾ ਤੇ 1 ਦੋਸ਼ੀ ਨੇ ਉਨ੍ਹਾਂ ਦੀ ਕਾਰ 'ਤੇ ਇੱਟ ਮਾਰੀ ਤੇ 2 ਨੇ ਉਨ੍ਹਾਂ ਦੀ ਕਾਰ ਦਾ ਸਟੇਰਿੰਗ ਫੜ ਲਿਆ ਤੇ ਉਨ੍ਹਾਂ ਨੇ ਮੌਕੇ 'ਤੇ ਹੋਰ ਲੜਕੇ ਬੁਲਾ ਲਏ ਜਿਨ੍ਹਾਂ ਨੇ ਆਉਂਦੇ ਹੀ ਉਸ ਦੇ ਮਿੱਤਰ ਨੂੰ ਕਾਰ ਦੀ ਪਿਛਲੀ ਸੀਟ 'ਤੇ ਸੁੱਟ ਦਿੱਤਾ ਤੇ ਸਾਰੇ ਵਿਅਕਤੀ ਉਸ ਨੂੰ ਕਾਰ ਸਮੇਤ ਇਕ ਸੁੰਨਸਾਨ ਪਲਾਟ 'ਚ ਲੈ ਗਏ ਜਿੱਥੇ ਉਨ੍ਹਾਂ ਨੇ ਉਸ ਦੇ ਮਰਦ ਮਿੱਤਰ ਨੂੰ ਕਾਰ 'ਚ ਹੀ ਬੰਦੀ ਬਣਾ ਲਿਆ ਅਤੇ ਉਸ ਨਾਲ 10 ਵਿਅਕਤੀਆਂ ਨੇ ਗੈਂਗਰੇਪ ਕੀਤਾ।
ਇੱਥੇ ਹੀ ਬਸ ਨਹੀਂ, ਦੋਸ਼ੀਆਂ ਨੇ ਉਸ ਦੇ ਮਰਦ ਮਿੱਤਰ ਨੂੰ ਜ਼ਬਰਦਸਤੀ ਫੋਨ ਕਰ ਕੇ ਆਪਣੇ ਮਿੱਤਰ ਤੋਂ ਇਕ ਲੱਖ ਦੀ ਫਿਰੌਤੀ ਵੀ ਮੰਗਵਾਉਣ ਲਈ ਕਿਹਾ ਪਰ ਰਾਤ 2 ਵਜੇ ਜਦੋਂ ਉਸ ਦਾ ਮਿੱਤਰ ਫਿਰੌਤੀ ਲੈ ਕੇ ਨਹੀਂ ਆਇਆ ਤਾਂ ਦੋਸ਼ੀ ਰਾਤ 2 ਵਜੇ ਉਨ੍ਹਾਂ ਦੀ ਗੱਡੀ ਦੀ ਚਾਬੀ ਸੁੱਟ ਕੇ ਆਪਣੇ ਮੋਟਰਸਾਈਕਲ 'ਤੇ ਘਟਨਾ ਵਾਲੀ ਜਗ੍ਹਾ ਤੋਂ ਫਰਾਰ ਹੋ ਗਏ। ਰਾਤ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੇ ਅਗਲੇ ਦਿਨ ਪੁਲਸ ਥਾਣੇ ਵਿਚ ਜਾ ਕੇ ਆਪਣੇ ਨਾਲ ਹੋਈ ਉਪਰੋਕਤ ਘਟਨਾ ਦੀ ਜਾਣਕਾਰੀ ਦਿੱਤੀ।
ਪੁਲਸ ਵੱਲੋਂ ਅਦਾਲਤ 'ਚ ਦਾਖਲ ਕੀਤੇ ਗਏ ਚਲਾਨ 'ਚ ਪੁਲਸ ਨੇ ਸਾਰੇ ਸਬੂਤਾਂ ਨੂੰ ਇਕ ਪੁਲੰਦੇ ਦੇ ਰੂਪ 'ਚ ਅਦਾਲਤ 'ਚ ਆਪਣੀ ਚਲਾਨ ਫਾਈਲ ਦੇ ਨਾਲ ਸੰਕਲਨ ਕੀਤਾ ਹੈ ਤੇ ਇਸ ਤੋਂ ਇਲਾਵਾ ਪੁਲਸ ਨੇ ਦੋਸ਼ੀਆਂ ਵਿਰੁੱਧ ਆਪਣੇ ਦੋਸ਼ ਸਾਬਤ ਕਰਨ ਲਈ ਪੀੜਤਾ ਦੇ ਬਿਆਨਾਂ ਸਮੇਤ 700 ਪੰਨਿਆਂ ਦੇ ਇਸ ਚਲਾਨ 'ਚ 54 ਗਵਾਹਾਂ ਦੀ ਸੂਚੀ ਅਦਾਲਤ ਵਿਚ ਪੇਸ਼ ਕੀਤੀ ਹੈ। ਰਵਿੰਦਰ ਕੁਮਾਰ ਅਬਰੋਲ ਨੇ ਦੱਸਿਆ ਕਿ ਇਕ ਦੋਸ਼ੀ ਨਾਬਾਲਗ ਹੈ। ਉਸ ਵਿਰੁੱਧ ਜੁਵੀਨਾਇਲ ਅਦਾਲਤ ਵਿਚ 5 ਅਪ੍ਰੈਲ ਨੂੰ ਚਲਾਨ ਪੇਸ਼ ਕੀਤਾ ਜਾਵੇਗਾ।
ਬੀਬੀ ਸਿੱਧੂ ਨੂੰ ਖਹਿਰਾ ਵਲੋਂ ਪੰਜਾਬ ਏਕਤਾ ਪਾਰਟੀ 'ਚ ਸ਼ਾਮਲ ਹੋਣ ਦਾ ਸੱਦਾ (ਵੀਡੀਓ)
NEXT STORY