ਜਲੰਧਰ (ਜੁਗਿੰਦਰ ਸੰਧੂ)—ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਕਾਰਨ ਜੰਮੂ-ਕਸ਼ਮੀਰ ਦੇ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ। ਇਨ੍ਹਾਂ ਲੋਕਾਂ ਨੂੰ ਜਿਥੇ ਆਪਣੇ ਘਰ-ਘਾਟ ਛੱਡਣ ਲਈ ਮਜਬੂਰ ਹੋਣਾ ਪਿਆ, ਉਥੇ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਜਾਨਾਂ ਵੀ ਗੁਆਉਣੀਆਂ ਪਈਆਂ। ਇਨ੍ਹਾਂ ਵਿਚੋਂ ਬਹੁਤ ਸਾਰੇ ਪਰਿਵਾਰ ਹੁਣ ਤੱਕ ਆਪਣੇ ਘਰਾਂ ਨੂੰ ਨਹੀਂ ਪਰਤ ਸਕੇ ਅਤੇ ਸ਼ਰਨਾਰਥੀ ਕੈਂਪਾਂ 'ਚ ਜਾਂ ਹੋਰ ਦੂਰ-ਦੁਰਾਡੇ ਥਾਵਾਂ 'ਤੇ ਜ਼ਿੰਦਗੀ ਗੁਜ਼ਾਰ ਰਹੇ ਹਨ।
ਅੱਤਵਾਦ ਦੀ ਮਾਰ ਦੇ ਨਾਲ ਹੀ ਪਾਕਿਸਤਾਨੀ ਸੈਨਿਕਾਂ ਵਲੋਂ ਕੀਤੀ ਜਾਂਦੀ ਗੋਲੀਬਾਰੀ ਨੇ ਵੀ ਇਸ ਸੂਬੇ ਦੇ ਹਜ਼ਾਰਾਂ ਪਰਿਵਾਰਾਂ ਨੂੰ ਕੱਖਾਂ ਤੋਂ ਹੌਲੇ ਕਰ ਦਿੱਤਾ ਹੈ। ਸਰਹੱਦੀ ਖੇਤਰਾਂ ਵਿਚ ਅਕਸਰ ਤਣਾਅ ਵਾਲੀ ਸਥਿਤੀ ਬਣੀ ਰਹਿੰਦੀ ਹੈ, ਜਿਸ ਨਾਲ ਇਨ੍ਹਾਂ ਲੋਕਾਂ ਦੇ ਕੰਮ-ਧੰਦੇ ਪ੍ਰਭਾਵਿਤ ਹੁੰਦੇ ਹਨ ਅਤੇ ਰੋਜ਼ੀ-ਰੋਟੀ ਦੀ ਸਮੱਸਿਆ ਬਣ ਜਾਂਦੀ ਹੈ। ਅਜਿਹੇ ਦੁਖਿਆਰੇ ਅਤੇ ਲੋੜਵੰਦ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ 20 ਸਾਲ ਪਹਿਲਾਂ ਇਕ ਵਿਸ਼ੇਸ਼ ਰਾਹਤ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਹੜੀ ਅੱਜ ਤੱਕ ਨਿਰਵਿਘਨ ਰੂਪ 'ਚ ਜਾਰੀ ਹੈ।
ਇਸ ਮੁਹਿੰਮ ਅਧੀਨ 506ਵੇਂ ਟਰੱਕ ਦੀ ਰਾਹਤ ਸਮੱਗਰੀ ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰ ਸੁਚੇਤਗੜ੍ਹ ਨਾਲ ਸਬੰਧਤ ਪਿੰਡਾਂ ਦੇ ਪਰਿਵਾਰਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਸਮੱਗਰੀ ਦਾ ਯੋਗਦਾਨ ਸ਼੍ਰੀ ਰਾਧਾ ਕ੍ਰਿਸ਼ਨ ਜਨ ਸੇਵਾ ਸਮਿਤੀ ਪਟਿਆਲਾ ਵਲੋਂ ਦਿੱਤਾ ਗਿਆ ਸੀ। ਸਮਾਜ ਸੇਵਿਕਾ ਅਤੇ ਪੰਜਾਬ ਕੇਸਰੀ ਦਫਤਰ ਪਟਿਆਲਾ ਦੀ ਇੰਚਾਰਜ ਸ਼੍ਰੀਮਤੀ ਸਤਿੰਦਰਪਾਲ ਕੌਰ ਵਾਲੀਆ ਦੀ ਪ੍ਰੇਰਨਾ ਸਦਕਾ ਭਿਜਵਾਈ ਗਈ ਇਸ ਸਮੱਗਰੀ ਵਿਚ ਸਮਿਤੀ ਦੇ ਸੰਸਥਾਪਕ ਅਨੀਸ਼ ਮੰਗਲਾ, ਪ੍ਰਧਾਨ ਓਮ ਪ੍ਰਕਾਸ਼, ਜਨਰਲ ਸਕੱਤਰ ਡਾ. ਰਮੇਸ਼ ਸ਼ਰਮਾ ਅਤੇ ਸਮੂਹ ਮੈਂਬਰਾਂ ਨੇ ਅਹਿਮ ਯੋਗਦਾਨ ਦਿੱਤਾ। ਸਮਿਤੀ ਵਲੋਂ ਹਰ ਸਾਲ ਸਮੱਗਰੀ ਦਾ ਇਕ ਟਰੱਕ ਪ੍ਰਭਾਵਿਤ ਪਰਿਵਾਰਾਂ ਲਈ ਦੇਣ ਦਾ ਵਾਅਦਾ ਵੀ ਕੀਤਾ ਗਿਆ ਹੈ।
ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਜਲੰਧਰ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿਲੋ ਆਟਾ ਅਤੇ ਰਸੋਈ ਦੇ ਸਾਮਾਨ ਦਾ ਇਕ ਪੈਕਟ (ਪ੍ਰਤੀ ਪੈਕਟ 2 ਕਿਲੋ ਦਾਲਾਂ, 1 ਕਿਲੋ ਚਾਵਲ, ਇਕ ਕਿਲੋ ਖੰਡ, ਇਕ ਬੋਤਲ ਸਰ੍ਹੋਂ ਦਾ ਤੇਲ, ਇਕ ਕਿਲੋ ਘਿਓ, ਇਕ ਕਿਲੋ ਨਮਕ, ਚਾਹ ਪੱਤੀ, ਹਲਦੀ, ਮਿਰਚਾਂ, ਮਸਾਲਾ, ਕੱਪੜੇ ਧੋਣ ਵਾਲਾ ਅਤੇ ਨਹਾਉਣ ਵਾਲਾ ਸਾਬਣ ਆਦਿ) ਸ਼ਾਮਲ ਸੀ।
ਰਾਹਤ ਮੁਹਿੰਮ ਦੇ ਆਗੂ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੀ ਟੀਮ ਵਿਚ ਪਟਿਆਲਾ ਤੋਂ ਮੈਡਮ ਸਤਿੰਦਰਪਾਲ ਕੌਰ ਵਾਲੀਆ, ਸੁਰਿੰਦਰ ਜਿੰਦਲ, ਅਨਿਲ ਗਰਗ, ਸਾਹਿਲ ਵਰਮਾ, ਰਾਕੇਸ਼ ਮਿੱਤਲ, ਨਰੇਸ਼ ਬਾਂਸਲ, ਰਾਜੇਸ਼ ਸ਼ਰਮਾ, ਨਰੇਸ਼ ਮੋਦਗਿੱਲ, ਰਾਜਕੁਮਾਰ ਅਤੇ ਫੋਟੋਗ੍ਰਾਫਰ ਸੁੱਖੀ ਵੀ ਸ਼ਾਮਲ ਸਨ।
'ਕੁੰਵਰ' ਦੀ ਬਹਾਲੀ ਲਈ ਟਕਸਾਲੀਆਂ ਨੇ ਚੁੱਕਿਆ ਝੰਡਾ (ਵੀਡੀਓ)
NEXT STORY