ਫਿਰੋਜ਼ਪੁਰ (ਕੁਮਾਰ) – ਇਥੇ ਬੀਤੇ ਕੁਝ ਸਮੇਂ ਤੋਂ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ’ਚ ਬਡ਼ੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਅਤੇ ਗੈਰ ਸਰਕਾਰੀ ਤੌਰ ’ਤੇ ਜ਼ਿਲਾ ਫਿਰੋਜ਼ਪੁਰ ਵਿਚ ਹੁਣ ਤੱਕ ਨਸ਼ੇ ਤੇ ਨਸ਼ੇ ਦੀ ਓਵਰਡੋਜ਼ ਨਾਲ ਸੈਂਕਡ਼ੇ ਮੌਤਾਂ ਹੋ ਚੁੱਕੀਆਂ ਹਨ। ਜਿਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਦੀ ਨਸ਼ੇ ਨਾਲ ਮੌਤ ਹੋ ਗਈ ਹੈ, ਉਹ ਸੈਂਕਡ਼ੇ ਪਰਿਵਾਰ ਬਹੁਤ ਵੱਡੇ ਸਦਮੇ ਵਿਚ ਹਨ। ਨਸ਼ੇ ਕਾਰਨ ਜ਼ਿਲਾ ਫਿਰੋਜ਼ਪੁਰ ’ਚ ਸੈਂਕਡ਼ੇ ਲਡ਼ਕੇ ਏਡਜ਼ ਦੀ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਨਸ਼ੇ ’ਚ ਧੁੱਤ ਸੈਂਕਡ਼ੇ ਚਲਦੀਆਂ-ਫਿਰਦੀਆਂ ਲਾਸ਼ਾਂ ਫਿਰੋਜ਼ਪੁਰ ’ਚ ਦਿਖਾਈ ਦੇ ਰਹੀਆਂ ਹਨ। ਫਿਰੋਜ਼ਪੁਰ ’ਚ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਦੇ ਕੋਲ ਬਣਾਏ ‘ਨਸ਼ਾ ਛੁਡਾਊ ਕੇਂਦਰ’ ਦੇ ਨਜ਼ਦੀਕ ਕੰਡਮ ਕੁਆਰਟਰਾਂ ’ਚ ਲਡ਼ਕੇ ਸਾਰਾ ਦਿਨ ਨਸ਼ਾ ਕਰਦੇ ਰਹਿੰਦੇ ਹਨ ਤੇ ਸਵੇਰ ਦੇ ਸਮੇਂ ਨਸ਼ਾ ਕਰਨ ਵਾਲੇ ਲਡ਼ਕਿਆਂ ਦੀਆਂ ਇਥੇ ਲਾਈਨਾਂ ਲੱਗ ਜਾਂਦੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਨਸ਼ਾ ਛੁਡਾਊ ਕੇਂਦਰ ਦੇ ਕੋਲ ਨਸ਼ਾ ਛੱਡਣ ਵਾਲੇ ਲਡ਼ਕਿਆਂ ਨੂੰ ਦਵਾਈ ਦਿੱਤੀ ਜਾਂਦੀ ਹੈ ਅਤੇ ਸਮੈਕ ਤੇ ਹੈਰੋਇਨ ਆਦਿ ਦਾ ਨਸ਼ਾ ਕਰਨ ਵਾਲੇ ਇਨ੍ਹਾਂ ਨਸ਼ੇਡ਼ੀਆਂ ਦੇ ਮੂੰਹ ’ਚ ਜੋ ਦਵਾਈ ਪਾਈ ਜਾਂਦੀ ਹੈ, ਨਸ਼ੇਡ਼ੀ ਬਾਹਰ ਆ ਕੇ ਮੂੰਹ ’ਚੋਂ ਉਹ ਦਵਾਈ ਕੱਢ ਦਿੰਦੇ ਹਨ ਅਤੇ ਉਸ ਦਵਾਈ ਦੀ ਡੋਜ਼ ਟੀਕੇ ’ਚ ਭਰ ਕੇ ਆਪਣੇ ਸਰੀਰ ’ਚ ਲਗਾ ਲੈਂਦੇ ਹਨ ਕਿਉਂਕਿ ਉਨ੍ਹਾਂ ਨੂੰ ਅਜਿਹੇ ਨਸ਼ੇ ਦੀ ਜ਼ਰੂਰਤ ਹੁੰਦੀ ਹੈ, ਜਿਸ ਦਾ ਉਸੇ ਸਮੇਂ ਅਸਰ ਹੋ ਜਾਂਦਾ ਹੈ। ਸਵੇਰ ਦੇ ਸਮੇਂ ਇਸ ਨਸ਼ਾ ਛੁਡਾਊ ਕੇਂਦਰ ਦੇ ਬਾਹਰ ‘ਓਰਲ ਮੈਡੀਸੀਨ’ ਲੈਣ ਵਾਲੇ ਨਸ਼ੇਡ਼ੀ ਲਡ਼ਕਿਆਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ ਤੇ ਉਸ ਸਮੇਂ ਇਨ੍ਹਾਂ ਨਸ਼ੇਡ਼ੀਆਂ ਦੀ ਫੋਟੋ ਖਿੱਚਣ ਤੇ ਵੀਡੀਓ ਬਣਾਉਣ ਵਾਲਿਆਂ ’ਤੇ ਇਹ ਹਮਲਾ ਕਰਨ ਲਈ ਵੀ ਤਿਆਰ ਰਹਿੰਦੇ ਹਨ।
ਏਡਜ਼ ਪੀੜਤਾਂ ਨੂੰ ਸਮਝਾਉਣ ਲਈ ਆਈ. ਸੀ. ਟੀ. ਸੀ. ਸੈਂਟਰ ਕੰਮ ਕਰ ਰਿਹੈ : ਸਿਵਲ ਸਰਜਨ
ਸਿਵਲ ਸਰਜਨ ਫਿਰੋਜ਼ਪੁਰ ਡਾ. ਗੁਰਮਿੰਦਰ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਨਸ਼ਾ ਛੁਡਾਊ ਕੇਂਦਰ ਫਿਰੋਜ਼ਪੁਰ ’ਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਸ਼ਾ ਛੱਡਣ ਵਾਲੇ ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ ਤੇ ਏਡਜ਼ ਤੋਂ ਪੀਡ਼ਤ ਮਰੀਜ਼ਾਂ ਨੂੰ ਸਮਝਾਉਣ ਅਤੇ ਉਨ੍ਹਾਂ ਦੀ ਕਾਊਂਸਲਿੰਗ ਕਰਨ ’ਤੇ ਐੱਚ. ਆਈ. ਵੀ. ਦਾ ਟੈਸਟ ਕਰਨ ਲਈ ਸਿਵਲ ਹਸਪਤਾਲ ਫਿਰੋਜ਼ਪੁਰ ’ਚ ਆਈ. ਸੀ. ਟੀ. ਸੀ. ਸੈਂਟਰ ਕੰਮ ਕਰ ਰਿਹਾ ਹੈ। ਫਿਰੋਜ਼ਪੁਰ ’ਚ ਏਡਜ਼ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਦੇ ਪਿੱਛੇ ਇਕ ਮੁੱਖ ਕਾਰਨ ਨੌਜਵਾਨਾਂ ਵੱਲੋਂ ਨਸ਼ਾ ਕਰਦੇ ਸਮੇਂ ਇਕ-ਦੂਸਰੇ ਦੀ ਸਰਿੰਜ ਦੇ ਨਾਲ ਟੀਕੇ ਲਾਉਣਾ ਵੀ ਹੈ। ਜਦ ਨਸ਼ੇਡ਼ੀ ਦੂਸਰੇ ਐੱਚ. ਆਈ. ਵੀ. ਪਾਜ਼ਟਿਵ ਦੇ ਮਰੀਜ਼ ਵੱਲੋਂ ਵਰਤੀ ਗਈ ਸਰਿੰਜ ਨਾਲ ਖੁਦ ਨੂੰ ਨਸ਼ੇ ਦਾ ਟੀਕਾ ਲਾਉਂਦਾ ਹੈ ਤਾਂ ਉਹ ਵੀ ਏਡਜ਼ ਦੀ ਬੀਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ। ਐੱਚ. ਆਈ. ਵੀ. ਦਾ ਟੈਸਟ ਸਿਵਲ ਹਸਪਤਾਲ ਫਿਰੋਜ਼ਪੁਰ ’ਚ ਬਿਲਕੁਲ ਫ੍ਰੀ ਕੀਤਾ ਜਾਂਦਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਨਸ਼ਾ ਛੁਡਾਊ ਕੇਂਦਰ ਫਿਰੋਜ਼ਪੁਰ ਦੇ ਨਾਲ ਬਣੇ ਕੰਡਮ ਕੁਆਰਟਰਾਂ ’ਚ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਨਸ਼ੇ ਤੇ ਇਨ੍ਹਾਂ ਕੁਆਰਟਰਾਂ ਨੂੰ ਡੇਗਣ ਲਈ ਐੱਸ. ਐੱਮ. ਓ. ਫਿਰੋਜ਼ਪੁਰ ਡਾ. ਪ੍ਰਦੀਪ ਅੱਗਰਵਾਲ ਵੱਲੋਂ ਸਰਕਾਰ ਨੂੰ ਰਿਪੋਰਟ ਭੇਜੀ ਜਾ ਚੁੱਕੀ ਹੈ। ਜਾਣਕਾਰੀ ਅਨੁਸਾਰ ਜ਼ਿਲਾ ਫਿਰੋਜ਼ਪੁਰ ’ਚ ਹਰ ਮਹੀਨੇ 50 ਤੋਂ ਲੈ ਕੇ 80 ਨਵੇਂ ਏਡਜ਼ ਦੇ ਮਰੀਜ਼ ਸਾਹਮਣੇ ਆ ਰਹੇ ਹਨ। ਸਰਕਾਰੀ ਹਸਪਤਾਲ ’ਚ ਨਵੇਂ ਮਰੀਜ਼ਾਂ ਦੀ ਗਿਣਤੀ 50 ਤੋਂ 60 ਦੇ ਵਿਚ ਹੈ, ਜਦਕਿ ਗੈਰ ਸਰਕਾਰੀ ਤੌਰ ’ਤੇ ਇਹ ਗਿਣਤੀ ਕਿਤੇ ਜ਼ਿਆਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਰਿਕਾਰਡ ਮੁਤਾਬਕ ਇਸ ਸਮੇਂ ਜ਼ਿਲਾ ਫਿਰੋਜ਼ਪੁਰ ’ਚ ਏਡਜ਼ ਦੇ ਮਰੀਜ਼ ਅਣਗਿਣਤ ਹਨ।
ਗੁਰੂਹਰਸਹਾਏ ’ਚ ਚੋਰਾਂ-ਲੁਟੇਰਿਆਂ ਦੀ ਭਰਮਾਰ
NEXT STORY