ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਦੁਨੀਆ ਭਰ ਵਿਚ ਕਈ ਮਹੀਨੇ ਕਹਿਰ ਵਰਸਾਉਣ ਤੋਂ ਬਾਅਦ ਕੋਰੋਨਾ ਵਾਇਰਸ ਦਾ ਕਹਿਰ ਆਖਰਕਾਰ ਮੱਠਾ ਪੈ ਗਿਆ ਹੈ। ਵੈੱਬਸਾਈਟ ‘ਵਰਲਡੋਮੀਟਰ ’ਦੇ ਅੰਕੜਿਆਂ ਮੁਤਾਬਕ ਪਿਛਲੇ ਇਕ ਹਫਤੇ ਤੋਂ ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਵਿਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਇਨ੍ਹਾਂ ਅੰਕੜਿਆਂ ਮੁਤਾਬਕ ਬੀਤੀ 5 ਮਈ ਨੂੰ ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਇਹ ਦਰ 17.09 ਸੀ, ਜੋ ਕਿ 11 ਮਈ ਤੱਕ ਘਟ ਕੇ 15.83 ਰਹਿ ਗਈ। ਬੀਤੀ 6 ਮਈ ਨੂੰ ਇਕ ਦਿਨ ਵਿਚ ਹੋਣ ਵਾਲੀਆਂ ਮੌਤਾਂ ਦੀ ਕੁੱਲ ਗਿਣਤੀ 6811 ਸੀ।ਇਸ ਤੋਂ ਬਾਅਦ ਇਹ ਦਿਨ-ਬ-ਦਿਨ ਘਟਦਾ ਰਿਹਾ। ਕੱਲ੍ਹ 11 ਮਈ ਨੂੰ ਮੌਤਾਂ ਦੀ ਇਹ ਗਿਣਤੀ ਘਟ ਕੇ 3403 ਤੱਕ ਪਹੁੰਚ ਚੁੱਕੀ ਸੀ, ਜੋ ਕਿ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਹੈ। ਇਸੇ ਤਰ੍ਹਾਂ ਜੇਕਰ ਪਿਛਲੇ 25 ਦਿਨਾਂ ਦੇ ਅੰਕੜਿਆਂ ’ਤੇ ਝਾਤੀ ਮਾਰੀਏ ਤਾਂ ਬੀਤੀ 17 ਅਪ੍ਰੈਲ ਨੂੰ ਇਕ ਦਿਨ ਵਿਚ ਸਭ ਤੋਂ ਵੱਧ 8429 ਮੌਤਾਂ ਹੋਈਆਂ ਸਨ। ਮੌਜੂਦਾ ਦੌਰ ਵਿਚ ਮੌਤਾਂ ਦਾ ਇਹ ਅੰਕੜਾ ਅੱਧ ਤੋਂ ਵੀ ਹੇਠਾਂ ਪੁੱਜ ਚੁੱਕਾ ਹੈ ਕਿ ਕਾਫੀ ਰਾਹਤ ਭਰੀ ਖ਼ਬਰ ਹੈ।
ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ 17 ਲੱਖ ਤੋਂ ਟੱਪੀ
ਇਨ੍ਹਾਂ ਅੰਕੜਿਆਂ ਮੁਤਾਬਕ, ਜਿੱਥੇ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ, ਉੱਥੇ ਹੀ ਇਸ ਬਿਮਾਰੀ ਨਾਲ ਲੜ ਕੇ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ 17 ਲੱਖ ਤੋਂ ਟੱਪ ਚੁੱਕੀ ਹੈ। ਇਸ ਨਾਮੁਰਾਦ ਬਿਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਦਰ 84 ਫੀਸਦੀ ਅਤੇ ਇਸਦੇ ਸਾਹਮਣੇ ਹਾਰ ਜਾਣ ਵਾਲੇ ਮਰੀਜ਼ਾਂ ਦੀ ਦਰ 16 ਫੀਸਦੀ ਦੇ ਕਰੀਬ ਹੈ। ਇਸੇ ਤਰ੍ਹਾਂ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ ਵਿਚ ਕਾਫੀ ਸੁਧਾਰ ਆਇਆ ਹੈ। ਇਕ ਮਹੀਨਾ ਪਹਿਲਾਂ ਦੇ ਅੰਕੜਿਆਂ ’ਤੇ ਝਾਤੀ ਮਾਰੀਏ ਤਾਂ ਅਪ੍ਰੈਲ ਮਹੀਨੇ ਦੀ 12 ਤਰੀਕ ਨੂੰ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਇਹ ਦਰ 77.98 ਸੀ, ਜੋ ਕਿ ਮੌਜੂਦਾ ਸਮੇਂ ਸੁਧਰ ਕੇ 84.17 ਤੱਕ ਪੁੱਜ ਚੁੱਕੀ ਹੈ। ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ ਵਿਚ ਇਹ ਵਾਧਾ 6 ਫੀਸਦੀ ਤੋਂ ਵੀ ਵੱਧ ਹੈ। ਠੀਕ ਹੋਣ ਵਾਲੇ ਮਰੀਜ਼ਾਂ ਦੀ ਇਹ ਦਰ ਮਾਰਚ ਮਹੀਨੇ ਦੀ 7 ਤਰੀਕ ਤੋਂ ਡਿੱਗਣੀ ਸ਼ੁਰੂ ਹੋਈ ਸੀ, ਜਿਸ ਵਿਚ ਹੁਣ ਕਾਫੀ ਸੁਧਾਰ ਦਰਜ ਕੀਤਾ ਜਾ ਰਿਹਾ ਹੈ।
WHO ਨੇ ਵੀ ਦਿੱਤੀ ਰਾਹਤ ਭਰੀ ਖਬਰ
ਇਸ ਸਭ ਦੌਰਾਨ ਵਿਸ਼ਵ ਸਿਹਤ ਸੰਗਠਨ (WHO)ਨੇ ਵੀ ਇਕ ਰਾਹਤ ਭਰੀ ਖਬਰ ਦਿੱਤੀ ਹੈ ਕਿ ਦੁਨੀਆ ਭਰ ਵਿਚ 7 ਤੋਂ 8 ਸੰਸਥਾਵਾਂ ਕੋਰੋਨਾ ਵਾਇਰਸ ਦੀ ਵੈਕਸੀਨ ਬਣਾਉਣ ਦੇ ਕਰੀਬ ਪਹੁੰਚ ਚੁੱਕੀਆਂ ਹਨ।
ਸੰਗਠਨ ਦੇ ਮੁਖੀ ਟੇਡਰੋਸ ਅਡਾਨੋਮ ਗੈਬੇਰੀਅਸ ਨੇ ਇਹ ਵੀ ਕਿਹਾ ਕਿ 2 ਮਹੀਨੇ ਪਹਿਲਾਂ ਤੱਕ ਉਹ ਇਹੀ ਸੋਚਦੇ ਸਨ ਕਿ ਇਸ ਦੀ ਵੈਕਸੀਨ ਨੂੰ ਬਣਾਉਣ ਵਿਚ 12 ਤੋਂ 18 ਮਹੀਨੇ ਦਾ ਸਮਾਂ ਲੱਗ ਸਕਦਾ ਹੈ ਪਰ ਹੁਣ ਇਸ ਵੈਕਸੀਨ ਨੂੰ ਬਣਾਉਣ ਦਾ ਕਾਰਜ ਤੇਜ਼ੀ ਨਾਲ ਹੋਣਾ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਕ ਹਫਤਾ ਪਹਿਲਾਂ 40 ਦੇਸ਼ਾਂ, ਵੱਡੇ ਸੰਗਠਨਾਂ ਅਤੇ ਬੈਂਕਾਂ ਵੱਲੋਂ ਖੋਜ, ਇਲਾਜ ਅਤੇ ਪਰੀਖਣ ਲਈ 8 ਬਿਲੀਅਨ ਡਾਲਰ ਮਦਦ ਕੀਤੀ ਗਈ ਹੈ, ਜਿਸ ਦੀ ਸਹਾਇਤਾ ਨਾਲ ਵੈਕਸੀਨ ਦੇ ਕਾਰਜ ਨੂੰ ਤੇਜੀ ਨਾਲ ਨੇਪਰੇ ਚਾੜਿਆ ਜਾ ਸਕੇਗਾ।
ਭਾਦਸੋਂ ਪੁਲਸ ਵੱਲੋਂ 50 ਕਿੱਲੋ ਭੁੱਕੀ ਸਮੇਤ 2 ਕਾਬੂ
NEXT STORY