ਜਲੰਧਰ(ਪ੍ਰੀਤ)— ਕਈ ਸਾਲਾਂ ਤੋਂ ਡਰੱਗ ਰੈਕੇਟ ਦੀਆਂ ਜੜ੍ਹਾਂ ਖੋਦ ਰਹੇ ਐਨਫੋਰਸਮੈਂਟ ਡਾਇਰੈਕਟੋਰੇਟ(ਈ.ਡੀ) ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਹਰੇਕ ਸਿਆਸੀ ਦਬਾਅ ਨੂੰ ਦਰਕਿਨਾਰ ਕਰਦੇ ਹੋਏ ਨਿਰਪੱਖ ਜਾਂਚ ਤੋਂ ਬਾਅਦ ਡਰੱਗ ਰੈਕੇਟ ਨਾਲ ਜੁੜੇ ਅਕਾਲੀ-ਭਾਜਪਾ ਸਰਕਾਰ ਦੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ, ਉਨ੍ਹਾਂ ਦਾ ਬੇਟਾ ਦਮਨਵੀਰ ਸਿੰਘ, ਸਾਬਕਾ ਸੀ. ਪੀ. ਐੱਸ. ਅਵਿਨਾਸ਼ ਚੰਦਰ ਸਮੇਤ 12 ਲੋਕ ਅਤੇ ਡਰੱਗ ਰੈਕੇਟ ਨਾਲ ਜੁੜੀਆਂ ਕਰੀਬ 8 ਕੰਪਨੀਆਂ ਖਿਲਾਫ ਬੁੱਧਵਾਰ ਨੂੰ ਮੋਹਾਲੀ 'ਚ ਸਥਿਤ ਸੀ. ਬੀ. ਆਈ. ਦੀ ਸਪੈਸ਼ਲ ਕੋਰਟ 'ਚ ਚਾਰਜਸ਼ੀਟ ਫਾਈਲ ਕਰ ਦਿੱਤੀ। ਡਰੱਗ ਰੈਕੇਟ 'ਚ ਈ. ਡੀ. ਵੱਲੋਂ ਅਦਾਲਤ 'ਚ ਦਾਖਲ ਚਾਰਜਸ਼ੀਟ 'ਚ ਉਕਤ ਸਿਆਸੀ ਹਸਤੀਆਂ ਦਾ ਨਾਂ ਆਉਣ ਨਾਲ ਸਪੱਸ਼ਟ ਹੈ ਕਿ ਉਕਤ ਲੋਕ ਸਿੱਧੇ ਅਤੇ ਅਸਿੱਧੇ ਤੌਰ 'ਤੇ ਡਰੱਗ ਰੈਕੇਟ ਦੇ ਲੋਕਾਂ ਨਾਲ ਜੁੜੇ ਹੋਏ ਹਨ।
ਕੀ ਹੈ ਮਾਮਲਾ
ਸਾਲ 2013 'ਚ ਪੰਜਾਬ ਪੁਲਸ ਨੇ ਸੂਬੇ 'ਚੋਂ ਕੌਮਾਂਤਰੀ ਪੱਧਰ ਦੇ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਕਰੋੜਾਂ ਰੁਪਏ ਦੀ ਡਰੱਗ ਸਕੈਂਡਲ ਕਰਕੇ ਸਾਬਕਾ ਡੀ. ਐੱਸ. ਪੀ. ਜਗਦੀਸ਼ ਭੋਲਾ ਨੂੰ ਗ੍ਰਿਫਤਾਰ ਕੀਤਾ ਸੀ। ਡਰੱਗ ਰੈਕੇਟ ਦੀਆਂ ਜੜ੍ਹਾਂ ਡੂੰਘੀਆਂ ਅਤੇ ਰੁਪਏ ਦਾ ਲੈਣ-ਦੇਣ ਵਿਦੇਸ਼ਾਂ ਤੱਕ ਹੋਣ ਦਾ ਖੁਲਾਸਾ ਹੋਣ 'ਤੇ ਈ. ਡੀ. ਨੇ ਜਾਂਚ ਕੀਤੀ। ਜਾਂਚ 'ਚ ਕਈ ਹਾਈ ਪ੍ਰੋਫਾਈਲ ਸਫੇਦਪੋਸ਼ ਅਤੇ ਸਿਆਸਤ ਨਾਲ ਜੁੜੇ ਨੇਤਾਵਾਂ ਦੇ ਨਾਂ ਸਾਹਮਣੇ ਆਏ।
ਭੋਲਾ ਤੋਂ ਪੁੱਛਗਿੱਛ 'ਚ ਗੋਰਾਇਆ ਦੇ ਅਕਾਲੀ ਨੇਤਾ ਚੂਨੀ ਲਾਲ ਗਾਬਾ ਦਾ ਨਾਂ ਸਾਹਮਣੇ ਆਇਆ। ਈ. ਡੀ. ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਚਾਨਕ ਇਨਕਮ ਟੈਕਸ ਵਿਭਾਗ ਨੇ ਚੂੰਨੀ ਲਾਲ ਗਾਬਾ 'ਤੇ ਸ਼ਿਕੰਜਾ ਕੱਸ ਦਿੱਤਾ। ਆਈ. ਟੀ. ਸਰਚ ਦੌਰਾਨ ਇਕ ਡਾਇਰੀ ਮਿਲੀ, ਜਿਸ 'ਚ ਸਿਆਸੀ ਅਧਿਕਾਰੀਆਂ ਦੇ ਨਾਲ ਗਾਬਾ ਦੇ ਲੈਣ-ਦੇਣ ਦਾ ਰਿਕਾਰਡ ਸੀ। ਡਾਇਰੀ ਪ੍ਰਾਪਤ ਕਰਨ 'ਚ ਈ. ਡੀ. ਨੂੰ ਅਦਾਲਤ 'ਚ ਸ਼ਰਣ ਲੈਣੀ ਪਈ। ਅਦਾਲਤੀ ਦਖਲ ਅੰਦਾਜ਼ੀ ਤੋਂ ਬਾਅਦ ਡਾਇਰੀ ਈ. ਡੀ. ਤੱਕ ਪਹੁੰਚੀ ਪਰ ਉਸ 'ਚ ਕਈ ਪੰਨਿਆਂ 'ਤੇ ਕਟਿੰਗ ਕੀਤੀ ਹੋਈ ਸੀ। ਈ. ਡੀ. ਨੇ ਉਕਤ ਡਾਇਰੀ 'ਤੇ ਹੋਈ ਕਟਿੰਗ ਦੀ ਜਾਂਚ ਲਈ ਸੀ. ਐੱਫ. ਐੱਸ. ਐੱਲ. (ਸੈਂਟਰਲ ਫੋਰੈਂਸਿਕ ਸਾਇੰਸ ਲੈਬ) 'ਚ ਜਾਂਚ ਲਈ ਭੇਜੀ। ਸੀ. ਐੱਫ. ਐੱਸ. ਐੱਲ. ਰਿਪੋਰਟ 'ਚ ਖੁਲਾਸਾ ਹੋਇਆ ਕਿ ਡਾਇਰੀ 'ਚ ਜਿਹੜੇ ਪੇਜ਼ਾਂ 'ਤੇ ਕਟਿੰਗ ਕੀਤੀ ਹੋਈ ਸੀ, ਉਸ 'ਚ ਅਵਿਨਾਸ਼ ਚੰਦਰ ਦੇ ਨਾਂ 'ਤੇ 55 ਲੱਖ 45 ਹਜ਼ਾਰ ਰੁਪਏ ਦੀ ਐਂਟਰੀ ਅਤੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਦੇ ਨਾਂ 'ਤੇ 14.37 ਲੱਖ ਰੁਪਏ ਦੀ ਐਂਟਰੀ ਸੀ। ਚਰਚਾ ਹੈ ਕਿ ਡਾਇਰੀ 'ਚ ਕਟਿੰਗ ਵੀ ਸੋਚੀ-ਸਮਝੀ ਸਾਜਿਸ਼ ਦੇ ਤਹਿਤ ਕੁਝ ਅਧਿਕਾਰੀਆਂ ਦੀ ਮਿਲੀਭਗਤ ਨਾਲ ਹੋਈ।
ਅਪ੍ਰੈਲ ਮਹੀਨੇ 'ਚ ਕੀਤੀ ਕਰੀਬ 61.61 ਕਰੋੜ ਰੁਪਏ ਦੀ ਪ੍ਰਾਪਰਟੀ ਅਟੈਚ
ਈ. ਡੀ. ਨੇ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਸਰਵਣ ਸਿੰਘ ਫਿਲੌਰ, ਦਮਨਵੀਰ ਸਿੰਘ ਫਿਲੌਰ ਦੀ ਕਰੀਬ 4 ਕਰੋੜ 86 ਲੱਖ ਰੁਪਏ ਅਤੇ ਅਵਿਨਾਸ਼ ਚੰਦਰ ਦੀ 55 ਲੱਖ 45 ਹਜ਼ਾਰ ਰੁਪਏ ਦੀ ਪ੍ਰਾਪਰਟੀ ਅਤੇ ਜਗਜੀਤ ਸਿੰਘ ਚਾਹਲ ਉਸ ਦੀ ਭਰਾ ਦੀ ਕਰੀਬ 54.59 ਕਰੋੜ ਰੁਪਏ ਦੀ ਪ੍ਰਾਪਰਟੀ ਕੇਸ 'ਚ ਅਟੈਚ ਕੀਤੀ ਹੈ। ਇਸ ਤੋਂ ਇਲਾਵਾ ਈ.ਡੀ. ਨੇ ਜਗਜੀਤ ਸਿੰਘ ਚਾਹਲ ਉਸ ਦੇ ਭਰਾ ਦੇ ਨਾਂ ਦੀ ਕਰੀਬ 54 ਕਰੋੜ ਰੁਪਏ ਦੀ ਅੱਜ ਇਨ੍ਹਾਂ ਹਾਈ ਪ੍ਰੋਫਾਈਲ ਸਫੇਦਪੋਸ਼ਾਂ ਸਮੇਤ 12 ਲੋਕਾਂ ਦੇ ਕਰੀਬ 61.61 ਕਰੋੜ ਦੀ ਪ੍ਰਾਪਰਟੀ ਅਟੈਚ ਕੀਤੀ ਹੈ।
ਦਮਨਵੀਰ ਸਿੰਘ ਫਿਲੌਰ ਦੀ 4.72 ਕਰੋੜ ਦੀ ਜਾਇਦਾਦ ਅਟੈਚ
ਈ.ਡੀ. ਵਲੋਂ ਕਾਲੀ ਕਮਾਈ ਤੋਂ ਦਮਨਵੀਰ ਫਿਲੌਰ ਵਲੋਂ ਬਣਾਈ ਗਈ ਜਾਇਦਾਦ ਜ਼ਬਤ ਕੀਤੀ। ਦਮਨਵੀਰ ਵਲੋਂ ਛੋਟੀ ਬਿਰਾਦਰੀ ਜਲੰਧਰ 'ਚ ਕਿਰਾਏ 'ਤੇ ਦਿੱਤੀ ਗਈ ਤਿੰਨ ਮੰਜ਼ਲਾਂ ਇਮਾਰਤ (ਕੀਮਤ 3.20 ਕਰੋੜ ਲਗਭਗ) ਬਸੰਤ ਗਾਓਂ ਦਿੱਲੀ ਵਿਚ ਸਥਿਤ ਫਲੈਟ ਸਰਕਾਰੀ ਵੈਲਿਊ (8 ਲੱਖ 30 ਹਜ਼ਾਰ ਰੁਪਏ) ਮੌਜੂਦਾ ਮਾਰਕੀਟ ਵੈਲਿਊ ਤਕਰੀਬਨ 1.5 ਕਰੋੜ ਰੁਪਏ, ਪਿੰਡ ਕਾਂਸਲ ਮੋਹਾਲੀ ਵਿਚ ਸਥਿਤ 16.66 ਮਰਲੇ ਦਾ ਪਲਾਟ ਕੀਮਤ 1.21 ਕਰੋੜ ਰੁਪਏ ਦਾ ਜ਼ਬਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦਮਨਵੀਰ ਫਿਲੌਰ ਦੀ 31 ਲੱਖ ਦੀ ਐੱਫ. ਡੀ. ਵੀ ਕੇਸ ਨਾਲ ਅਟੈਚ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਉਕਤ 31 ਲੱਖ ਰੁਪਏ ਦਮਨਵੀਰ ਨੇ ਈ. ਡੀ. ਵਲੋਂ ਕੀਤੀ ਗਈ ਜਾਂਚ ਦੌਰਾਨ ਨਕੋਦਰ ਰੋਡ ਵਿਚ ਸਥਿਤ ਇਕ ਫਲੈਟ ਵੇਚ ਕੇ ਬੈਂਕ 'ਚ ਪਾਈ ਗਈ ਸੀ। ਫਲੈਟ 33 ਲੱਖ 'ਚ ਵੇਚਿਆ ਗਿਆ ਸੀ, ਜਦਕਿ ਐੱਫ. ਡੀ. 31 ਲੱਖ ਦੀ ਕਰਵਾਈ ਗਈ ਸੀ।
ਸਵਰਣ ਸਿੰਘ ਫਿਲੌਰ ਦੀ ਕੋਠੀ ਅਟੈਚ, ਵਸੂਲੇ ਜਾਣਗੇ 14.37 ਲੱਖ ਰੁਪਏ
ਈ. ਡੀ. ਸੂਤਰਾਂ ਨੇ ਦੱਸਿਆ ਕਿ ਗਾਬਾ ਦੀ ਡਾਇਰੀ ਵਿਚ ਫਿਲੌਰ ਦੇ ਨਾਂ 'ਤੇ 14.37 ਲੱਖ ਰੁਪਏ ਲਿਖੇ ਹੋਏ ਸਨ। ਉਸ ਦੇ ਮੁਤਾਬਕ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਦੀ ਅਰਬਨ ਅਸਟੇਟ-1 ਸਥਿਤ ਕੋਠੀ ਅਟੈਚ ਕੀਤੀ ਗਈ ਹੈ। ਇਸ ਕੋਠੀ ਦੀ ਕੀਮਤ ਕਰੋੜਾਂ ਵਿਚ ਹੈ।
ਅਵਿਨਾਸ਼ ਚੰਦਰ ਦੀ ਛੋਟੀ ਬਿਰਾਦਰੀ ਵਿਚ ਸਥਿਤ ਕੋਠੀ ਅਟੈਚ, ਵਸੂਲੇ ਜਾਣਗੇ 55.45 ਲੱਖ ਰੁਪਏ
ਗਾਬਾ ਦੀ ਡਾਇਰੀ ਵਿਚ ਮਿਲੀ ਐਂਟਰੀ ਮੁਤਾਬਕ ਈ. ਡੀ. ਨੇ ਸਾਬਕਾ ਸੀ. ਪੀ. ਐੱਸ. ਅਵਿਨਾਸ਼ ਚੰਦਰ ਤੋਂ 55.45 ਲੱਖ ਰੁਪਏ ਵਸੂਲ ਕਰਨੇ ਹਨ। ਇਸ ਲਈ ਈ. ਡੀ. ਨੇ ਅਵਿਨਾਸ਼ ਚੰਦਰ ਦੀ ਛੋਟੀ ਬਿਰਾਦਰੀ ਸਥਿਤੀ ਕੋਠੀ ਅਟੈਚ ਕੀਤੀ ਹੈ। ਕੋਠੀ ਦੀ ਕੀਮਤ ਕਰੋੜਾਂ ਵਿਚ ਹੈ ਪਰ ਈ. ਡੀ. ਉਕਤ ਕੋਠੀ ਵਿਚੋਂ ਹੀ 55.45 ਲੱਖ ਰੁਪਏ ਵਸੂਲੇਗੀ।
ਜਗਜੀਤ ਚਾਹਲ ਦੀ 54.59 ਕਰੋੜ ਦੀ ਪ੍ਰਾਪਰਟੀ ਜ਼ਬਤ
ਡਰੱਗ ਰੈਕੇਟ ਨਾਲ ਜੁੜੇ ਜਗਜੀਤ ਚਾਹਲ ਉਸ ਦੇ ਭਰਾ ਬਰਮਜੀਤ ਸਿੰਘ ਅਤੇ ਇੰਦਰਜੀਤ ਕੌਰ ਦੇ ਨਾਵਾਂ ਦੀ 54.59 ਕਰੋੜ ਦੀ ਪ੍ਰਾਪਰਟੀ ਜ਼ਬਤ ਕੀਤੀ ਹੈ। ਇਸ ਦੇ ਨਾਲ ਜਗਜੀਤ ਚਾਹਲ ਨੂੰ ਬੇਸ਼ਕੀਮਤੀ ਸ਼ੋਅ ਰੂਮ, ਐਗਰੀਕਲਚਰ ਲੈਂਡ, ਰਿਹਾਇਸ਼ੀ ਕੋਠੀ, ਲਗਜ਼ਰੀ ਕਾਰਾਂ, ਫਾਰਮਾਸੂਟੀਕਲ ਕੰਪਨੀ ਦੇ ਅਸੈਸਟ ਅਟੈਚ ਕੀਤੇ ਹਨ। ਅਟੈਚ ਕੀਤੀ ਗਈ ਪ੍ਰਾਪਰਟੀ 'ਚ ਅੰਮ੍ਰਿਤਸਰ ਸਥਿਤ 6 ਕਰੋੜ 43 ਲੱਖ ਰੁਪਏ ਕੀਮਤ, 1.44 ਕਰੋੜ ਦੇ ਦੋ ਸ਼ੋਅ ਰੂਮ, ਰਵਿੰਦਰ ਨਗਰ ਜਲੰਧਰ 'ਚ 2.32 ਕਰੋੜ ਦੀ ਇਕ ਕੋਠੀ, ਡਿਮਟਾਲ 'ਚ ਸਥਿਤ 4.97 ਕਰੋੜ ਚਾਹਲ ਟ੍ਰੈਡਰ, 4.99 ਕਰੋੜ ਦੀ ਕਾਂਗੜਾ ਸਥਿਤ ਟਿਊਲਿਪ ਫਾਰਮੂਲੇਸ਼ਨ, ਸਮੇਤ ਉਸ ਦੀ ਕੰਪਨੀ ਚਾਹਲ ਟਾਇਰਵੈਲ ਅੰਮ੍ਰਿਤਸਰ, ਨਿਊ ਪਿਆਰ ਰੋਡਵੇਕਾ ਅੰਮ੍ਰਿਤਸਰ, ਐਮ. ਬੀ. ਪੀ. ਫਾਰਮਾਸੂਟੀਕਲ, ਚਾਹਲ ਟਾਇਰ ਜਲੰਧਰ, ਚਾਹਲ ਰਿਟ੍ਰੇਡ ਅੰਮ੍ਰਿਤਸਰ ਅਤੇ ਮੋਨਟੇਕ ਬਾਓਫਾਰਮਾ ਕੰਪਨੀ ਦਾ ਅਸੈਟ ਅਟੈਚ ਕੀਤੇ ਹਨ। ਇਸ ਦੇ ਨਾਲ ਹੀ ਉਸ ਦੀ ਲਗਜ਼ਰੀ ਕਾਰਾਂ, ਟੈਰਾਕਾਨ, ਹੌਂਡਾ ਐਕਾਰਡ, ਲੈਂਡ ਰੋਵਰ, ਬੀ. ਐੱਮ. ਡਬਲਿਊ, ਰੇਂਜ ਰੋਵਰ ਗੱਡੀਆਂ ਵੀ ਅਟੈਚ ਹਨ।
ਡਰੱਗ ਰੈਕੇਟ ਨਾਲ ਜੁੜੇ ਲੋਕਾਂ ਦੀ ਪ੍ਰਾਪਰਟੀ ਅਟੈਚ
ਡਰੱਗ ਰੈਕੇਟ ਨਾਲ ਜੁੜੇ ਹੋਰ ਲੋਕਾਂ 'ਚ ਦਵਿੰਦਰ ਕਾਂਤ ਸ਼ਰਮਾ ਦੀ ਊਨਾ, ਹਿਮਾਚਲ ਪ੍ਰਦੇਸ਼ 'ਚ ਸਥਿਤ 5.64 ਲੱਖ, ਸੁਖਰਾਜ ਸਿੰਘ ਅਤੇ ਜਸਵਿੰਦਰ ਸਿੰਘ ਕੈਨੇਡਾ ਦੀ 16.65 ਲੱਖ ਦੀ, ਦਿੱਲੀ ਦੇ ਬਿਕਾਨਿਸ ਮੈਨ ਸਚਿਨ ਸਰਦਾਨਾ ਅਤੇ ਪਰਿਵਾਰ ਦੀ 74.65 ਲੱਖ ਮਾਰਕੀਟ ਵੈਲਿਊ 10 ਕਰੋੜ ਹਰਪ੍ਰੀਤ ਸਿੰਘ ਪਟਿਆਲਾ ਦੀ 42,45,542 ਦੀ ਕੈਨੇਡਾ ਦੇ ਅਵਤਾਰ ਸਿੰਘ ਉਰਫ ਤਾਰੀ ਅਤੇ ਪਰਿਵਾਰ ਦੀ 51.10 ਲੱਖ ਦੀ ਪ੍ਰਾਪਰਟੀ ਅਟੈਚ ਹੈ। ਈ. ਡੀ. ਸੂਤਰਾਂ ਮੁਤਾਬਕ ਪ੍ਰਾਪਰਟੀ ਦੀ ਅਟੈਚਮੈਂਟ ਸਰਕਾਰੀ ਵੈਲਿਊ ਮੁਤਾਬਕ ਕੀਤੀ ਗਈ ਹੈ ਪਰ ਮੌਜੂਦਾ ਮਾਰਕੀਟ ਵੈਲਿਊ ਕਈ ਕਰੋੜਾਂ 'ਚ ਹੈ।
ਇਹ ਲੋਕ ਹੋਏ ਚਾਰਜਸ਼ੀਟ
ਸਾਬਕਾ ਸੀ. ਪੀ. ਐੱਸ. ਅਵਿਨਾਸ਼ ਚੰਦਰ
ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ
ਦਮਨਵੀਰ ਸਿੰਘ ਫਿਲੌਰ
ਜਗਜੀਤ ਸਿੰਘ ਚਾਹਲ
ਪਰਮਜੀਤ ਸਿੰਘ ਚਾਹਲ
ਇੰਦਰਜੀਤ ਕੌਰ
ਦਵਿੰਦਰ ਕਾਂਤ ਸ਼ਰਮਾ
ਜਸਵਿੰਦਰ ਸਿੰਘ
ਸਚਿਨ ਸਰਦਾਨਾ
ਸੁਸ਼ੀਲ ਕੁਮਾਰ ਸਰਦਾਨਾ
ਰਸ਼ਮੀ ਸਰਦਾਨਾ
ਇਹ ਕੰਪਨੀਆਂ ਹੋਈਆਂ ਚਾਰਜਸ਼ੀਟ
ਚਾਹਲ ਟਾਇਰ ਵਰਲਡ ਪ੍ਰਾਈਵੇਟ ਲਿਮਟਿਡ, ਜੀ. ਟੀ. ਰੋਡ ਅੰਮ੍ਰਿਤਸਰ
ਨਿਊ ਪਿਆਰ ਰੋਡਵੇਕਾ ਪ੍ਰਾਈਵੇਟ ਲਿਮਟਿਡ
ਐੱਮ. ਬੀ., ਪੀ. ਫਾਰਮਸਿਊਟਿਕਲ ਪ੍ਰਾਈਵੇਟ ਲਿਮਟਿਡ
ਟਿਊਲਿਪ ਫਾਰਮੂਲੇਸ਼ਨ ਪ੍ਰਾਈਵੇਟ ਲਿਮਟਿਡ ਪਿੰਡ ਸੂਰਜਪੁਰ, ਕਾਂਗੜਾ
ਚਾਹਲ ਟਾਇਰ, ਜੀ. ਡੀ. ਰੋਡ ਜਲੰਧਰ
ਚਾਹਲ ਰਿਟ੍ਰੇਡਕਾ ਪ੍ਰਾਈਵੇਟ ਲਿਮਟਿਡ, ਜੀ. ਟੀ. ਰੋਡ ਅੰਮ੍ਰਿਤਸਰ
ਮੋਨਟੇਕ ਬਾਇਓ ਫਾਰਮ ਪ੍ਰਾਈਵੇਟ ਲਿਮਟਿਡ ਇੰਡਸਟਰੀ ਏਰੀਆ ਨਾਲਾਗੜ੍ਹ, ਹਿਮਾਚਲ ਪ੍ਰਦੇਸ਼
ਮਾਹਿਲਪੁਰ ਪੁਲਸ ਵੱਲੋਂ ਭਗੌੜੀ ਔਰਤ ਗ੍ਰਿਫਤਾਰ
NEXT STORY