ਜਲੰਧਰ (ਪ੍ਰੀਤ)— ਇੰਗਲੈਂਡ 'ਚ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ (ਏ. ਪੀ. ਪੀ. ਜੀ.) ਫਾਰ ਸਿੱਖ ਦੀ ਅਗਵਾਈ ਸੰਸਦ ਮੈਂਬਰ ਪ੍ਰੀਤ ਗਿੱਲ ਸਮੇਤ ਹੋਰ ਪੰਜਾਬੀ ਮੂਲ ਦੇ ਸੰਸਦ ਮੈਂਬਰਾਂ ਨੇ ਇੰਗਲੈਂਡ ਦੇ ਗ੍ਰਹਿ ਸਕੱਤਰ ਬੋਰਿਸ ਜਾਨਸਨ ਅਤੇ ਭਾਰਤ 'ਚ ਇੰਗਲੈਂਡ ਦੇ ਹਾਈ ਕਮਿਸ਼ਨ ਨੂੰ ਜਗਤਾਰ ਸਿੰਘ ਜੱਗੀ ਦੀ ਪੰਜਾਬ ਪੁਲਸ ਵੱਲੋਂ ਕੀਤੀ ਗਈ ਗ੍ਰਿਫਤਾਰੀ ਦੇ ਮਾਮਲੇ ਵਿਚ ਦਖਲਅੰਦਾਜ਼ੀ ਕਰਨ ਨੂੰ ਕਿਹਾ ਹੈ ਕਿਉਂਕਿ ਜੱਗੀ ਜੌਹਲ ਨੂੰ ਬੀਤੇ ਦਿਨ ਅਦਾਲਤ ਵਿਚ ਬਿਨਾਂ ਕਿਸੇ ਕਾਨੂੰਨੀ ਸਹਾਇਤਾ ਦੇ ਪੇਸ਼ ਕੀਤਾ ਗਿਆ। ਮੰਗ ਕੀਤੀ ਗਈ ਕਿ ਜੱਗੀ ਖਿਲਾਫ ਦੋਸ਼ ਰੱਦ ਕਰਕੇ ਉਸ ਨੂੰ ਵਾਪਸ ਭੇਜਿਆ ਜਾਵੇ। ਜੇਕਰ ਉਸ ਦੀਆਂ ਗਤੀਵਿਧੀਆਂ 'ਤੇ ਸ਼ੱਕ ਹੈ ਤਾਂ ਪਹਿਲਾਂ ਸਬੂਤ ਸਮੇਤ ਬ੍ਰਿਟਿਸ਼ ਹਾਈ ਕਮਿਸ਼ਨ ਨਾਲ ਗੱਲ ਕੀਤੀ ਜਾਵੇ।
ਸਿੱਖ ਕਤਲੇਆਮ 'ਤੇ ਮੈਗਜ਼ੀਨ ਪ੍ਰਕਾਸ਼ਿਤ ਕਰਦਾ ਹੈ ਜੱਗੀ
ਪੰਜਾਬ 'ਚ ਹਿੰਦੂ ਨੇਤਾਵਾਂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਵਾਲਾ ਗ੍ਰਿਫਤਾਰ ਕੀਤਾ ਗਿਆ ਜਗਤਾਰ ਸਿੰਘ ਉਰਫ ਜੱਗੀ ਜੌਹਲ ਯੂ. ਕੇ. ਵਿਚ 1984 ਦੇ ਸਿੱਖ ਕਤਲੇਆਮ ਵਿਸ਼ੇ 'ਤੇ ਪੰਜਾਬੀ ਮੈਗਜ਼ੀਨ ਪ੍ਰਕਾਸ਼ਿਤ ਕਰਦਾ ਸੀ ਅਤੇ ਸੋਸ਼ਲ ਮੀਡੀਆ ਜ਼ਰੀਏ ਨੌਜਵਾਨਾਂ ਨੂੰ ਇਸ ਸੱਚਾਈ ਤੋਂ ਜਾਣੂ ਕਰਵਾ ਕੇ ਲਹਿਰ ਨਾਲ ਜੋੜਦਾ ਸੀ। ਇਸ ਦਾ ਖੁਲਾਸਾ ਯੂ. ਕੇ. ਦੀ ਸਿੱਖ ਫੈੱਡਰੇਸ਼ਨ ਨੇ ਕੀਤਾ। ਸਿੱਖ ਫੈੱਡਰੇਸ਼ਨ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ 30 ਸਾਲਾ ਜੱਗੀ ਜੌਹਲ ਭਾਰਤ ਵਿਆਹ ਕਰਵਾਉਣ ਲਈ ਆਇਆ ਸੀ ਪਰ ਪੁਲਸ ਨੇ ਉਸ ਨੂੰ ਝੂਠੇ ਕੇਸ ਵਿਚ ਫਸਾ ਦਿੱਤਾ। ਜੱਗੀ ਜੌਹਲ ਦੇ ਸਮਰਥਨ ਵਿਚ ਯੂ. ਕੇ. 'ਚ ਲਹਿਰ ਲਗਾਤਾਰ ਜ਼ੋਰ ਫੜ ਰਹੀ ਹੈ।
ਪੰਜਾਬ ਜਾਣ ਤੋਂ ਪਹਿਲਾਂ ਸੌ ਵਾਰ ਸੋਚਣਗੇ ਪੰਜਾਬੀ : ਏ. ਪੀ. ਪੀ. ਜੀ.
ਏ. ਪੀ. ਪੀ. ਜੀ. ਦਾ ਕਹਿਣਾ ਹੈ ਕਿ ਇੰਗਲੈਂਡ 'ਚ ਲੱਖਾਂ ਪੰਜਾਬੀ ਵਸੇ ਹੋਏ ਹਨ ਪਰ ਜੱਗੀ ਜੌਹਲ ਦੀ ਗ੍ਰਿਫਤਾਰੀ ਉਪਰੰਤ ਸਾਰੇ ਚਿੰਤਤ ਹਨ ਕਿ ਉਹ ਪੰਜਾਬ ਜਾਣ ਜਾਂ ਨਹੀਂ। ਬ੍ਰਿਟਿਸ਼ ਸਰਕਾਰ ਦੇ ਵਿਦੇਸ਼ੀ ਅਤੇ ਕਾਮਨ ਵੈਲਥ ਦਫਤਰ ਦੇ ਬੁਲਾਰੇ ਨੇ ਕਿਹਾ ਕਿ ਉਹ ਭਾਰਤ 'ਚ ਫੜੇ ਗਏ ਬ੍ਰਿਟਿਸ਼ ਨਾਗਰਿਕ ਦੇ ਪਰਿਵਾਰਾਂ ਨਾਲ ਸੰਪਰਕ ਵਿਚ ਹਨ ਅਤੇ ਇਸ ਸਬੰਧੀ ਭਾਰਤੀ ਅਥਾਰਟੀ ਨਾਲ ਵੀ ਸੰਪਰਕ 'ਚ ਹਨ।
ਜੱਗੀ 'ਤੇ ਕੋਈ ਸ਼ੱਕ ਸੀ ਤਾਂ ਯੂ. ਕੇ. ਅਥਾਰਿਟੀ ਨਾਲ ਪਹਿਲਾਂ ਸੂਚਨਾ ਸਾਂਝੀ ਕਿਉਂ ਨਹੀਂ ਕੀਤੀ : ਢੇਸੀ
ਪੰਜਾਬੀ ਮੂਲ ਦੇ ਬ੍ਰਿਟਿਸ਼ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਹਾਈ ਕਮਿਸ਼ਨ ਆਫ ਇੰਡੀਆ ਅਤੇ ਸਟੇਟ ਫਾਰ ਫੌਰੇਨ ਐਂਡ ਕਾਮਨਵੈਲਥ ਅਫੇਅਰਸ ਲੰਡਨ ਨੂੰ ਪੱਤਰ ਲਿਖ ਕੇ ਕਿਹਾ ਕਿ ਜੱਗੀ ਜੌਹਲ ਦੇ ਮਾਮਲੇ 'ਚ ਪੰਜਾਬ ਸਰਕਾਰ ਅਤੇ ਪੁਲਸ ਨਾਲ ਸੰਪਰਕ ਕਰ ਕੇ ਸਹੀ ਤੱਥ ਦੱਸੇ ਜਾਣਗੇ। ਤਨਮਨਜੀਤ ਸਿੰਘ ਢੇਸੀ ਦੁਆਰਾ ਲਿਖੇ ਗਏ ਪੱਤਰ ਵਿਚ ਕਿਹਾ ਗਿਆ ਕਿ 10 ਨਵੰਬਰ ਨੂੰ ਜੱਗੀ ਜੌਹਲ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਉਸ ਨੂੰ ਕਾਨੂੰਨੀ ਸਹਾਇਤਾ ਨਹੀਂ ਦਿੱਤੀ ਗਈ। ਪਤਾ ਲੱਗਾ ਹੈ ਕਿ ਜੱਗੀ ਜੌਹਲ ਦੇ ਸਹੁਰੇ ਵਾਲਿਆਂ ਨੂੰ ਕਾਫੀ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਪਾਸਪੋਰਟ ਅਤੇ ਮੋਬਾਇਲ ਜ਼ਬਤ ਕਰਨ ਲਈ ਕਿਹਾ ਜਾ ਰਿਹਾ ਹੈ।
ਢੇਸੀ ਨੇ ਕਿਹਾ ਕਿ ਅਜਿਹੇ ਤੱਥ ਬ੍ਰਿਟਿਸ਼ ਸਿੱਖਾਂ ਵਿਚ ਨਾਂਹ-ਪੱਖੀ ਧਾਰਨਾ ਪੈਦਾ ਕਰ ਰਹੇ ਹਨ। ਪੰਜਾਬ ਪੁਲਸ ਵੱਲੋਂ ਜੱਗੀ ਜੌਹਲ ਨੂੰ ਇੰਟੈਰੋਗੇਟ ਕੀਤਾ ਜਾ ਰਿਹਾ ਹੈ। ਜੱਗੀ ਜੌਹਲ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ ਜਿਵੇਂ ਉਹ ਦੋਸ਼ੀ ਹਨ ਪਰ ਹੁਣ ਤੱਕ ਜੱਗੀ ਜੌਹਲ 'ਤੇ ਲਾਏ ਗਏ ਦੋਸ਼ ਸਿੱਧ ਨਹੀਂ ਹੋਏ। ਤਨਮਨਜੀਤ ਢੇਸੀ ਨੇ ਕਿਹਾ ਕਿ ਪੰਜਾਬ ਪੁਲਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਗਤਾਰ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਿਲ ਹੈ। ਭਾਰਤੀ ਏਜੰਸੀਆਂ ਜਾਂ ਸਰਕਾਰ ਨੇ ਇਸ ਸਬੰਧੀ ਸੂਚਨਾ ਯੂ. ਕੇ. ਅਥਾਰਟੀ ਨਾਲ ਸਾਂਝੀ ਕਿਉਂ ਨਹੀਂ ਕੀਤੀ, ਜੇਕਰ ਅਜਿਹਾ ਹੁੰਦਾ ਤਾਂ ਜੱਗੀ ਨੂੰ ਨਾ ਤਾਂ ਭਾਰਤ ਆਉਣ ਲਈ ਵੀਜ਼ਾ ਦਿੱਤਾ ਜਾਣਾ ਸੀ, ਬਲਕਿ ਉਸ ਨੂੰ ਉਥੋਂ ਡਿਟੇਨ ਕੀਤਾ ਜਾਂਦਾ। ਢੇਸੀ ਨੇ ਕਿਹਾ ਕਿ ਜੱਗੀ ਜੌਹਲ ਸਬੰਧੀ ਕੋਈ ਜਾਣਕਾਰੀ ਉਨ੍ਹਾਂ ਨਾਲ ਸਾਂਝੀ ਕੀਤੀ ਜਾਵੇ।
ਅੰਜਲੀ ਵਰਮਾ ਨੇ ਸ਼੍ਰੀਲੰਕਾ 'ਚ 'ਮਿਸੇਜ਼ ਇੰਡੀਆ ਟੈਲੇਂਟਿਡ' ਐਵਾਰਡ ਜਿੱਤ ਕੇ ਇਕ ਵਾਰ ਫਿਰ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ
NEXT STORY