ਇਕ ਪ੍ਰਾਪਰਟੀ ਡੀਲਰ ਦਾ ਤੇ ਦੂਜਾ ਟਰਾਂਸਪੋਰਟਰ ਦਾ ਪੁੱਤਰ
ਜਲੰਧਰ (ਰਾਜੇਸ਼)-ਬੀਤੀ ਰਾਤ ਕਾਰਾਂ ਦੀ ਰੇਸ ਲਾ ਕੇ ਕਾਰ ਰੁੱਖ ਨਾਲ ਟਕਰਾਉਣ ਤੋਂ ਬਾਅਦ ਲੋਕਾਂ ਨਾਲ ਗਾਲੀ-ਗਲੋਚ ਕਰਨ ਵਾਲੇ ਰਈਸਜ਼ਾਦਿਆਂ ਦੇ ਬੇਟਿਆਂ ਨੂੰ ਪੁਲਸ ਨੇ ਜੇਲ ਭੇਜ ਦਿੱਤਾ ਹੈ। ਮਾਡਲ ਟਾਊਨ ਵਿਚ ਰਈਸਜ਼ਾਦਿਆਂ ਦੇ ਬੇਟਿਆਂ ਵਲੋਂ ਮਹਿੰਗੀਆਂ ਗੱਡੀਆਂ ਨਾਲ ਲੋਕਾਂ ਨੂੰ ਕੁਚਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੁਝ ਦਿਨ ਪਹਿਲਾਂ ਹੀ ਮਰਸਡੀਜ਼ ਗੱਡੀ ਨੇ ਮਾਡਲ ਟਾਊਨ ਇਲਾਕੇ ਵਿਚ ਸੈਰ ਕਰ ਰਹੇ ਇਕ ਵਿਅਕਤੀ ਨੂੰ ਕੁਚਲ ਦਿੱਤਾ ਸੀ ਕਿ ਅਜੇ ਤੱਕ ਥਾਣਾ 6 ਦੀ ਪੁਲਸ ਉਸ ਮਾਮਲੇ ਵਿਚ ਕਾਰ ਚਾਲਕ ਨੂੰ ਕਾਬੂ ਨਹੀਂ ਕਰ ਸਕੀ। ਬੀਤੀ ਰਾਤ ਵੀ ਰਈਸਜ਼ਾਦਿਆਂ ਦੇ ਵਿਗੜੇ ਹੋਏ ਬੱਚਿਆਂ ਨੇ ਸੜਕਾਂ 'ਤੇ ਮਹਿੰਗੀਆਂ ਗੱਡੀਆਂ ਨਾਲ ਰੇਸ ਲਾਉਣੀ ਸ਼ੁਰੂ ਕਰ ਦਿੱਤੀ। ਬੀਤੀ ਰਾਤ 66 ਫੁੱਟੀ ਰੋਡ 'ਤੇ ਸੜਕਾਂ 'ਤੇ ਰੇਸ ਲਾ ਕੇ ਕਈ ਲੋਕਾਂ ਨੂੰ ਟੱਕਰ ਮਾਰੀ ਤੇ ਬਾਅਦ ਵਿਚ ਗੱਡੀ ਬੇਕਾਬੂ ਹੋ ਕੇ ਰੁੱਖ ਨਾਲ ਟਕਰਾ ਗਈ। ਘਟਨਾ ਤੋਂ ਬਾਅਦ ਇਲਾਕੇ ਦੇ ਸੈਂਕੜੇ ਲੋਕ ਇਕੱਠੇ ਹੋ ਗਏ ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰ ਚਾਲਕ ਰਈਸਜ਼ਾਦਿਆਂ ਨੂੰ ਕਾਬੂ ਕਰ ਲਿਆ। ਏ. ਸੀ. ਪੀ. ਸਮੀਰ ਵਰਮਾ ਨੇ ਦੱਸਿਆ ਕਿ ਮਰਸਡੀਜ਼ ਕਾਰ ਤੇ ਫਾਰਚੂਨਰ ਕਾਰ ਚਲਾਉਣ ਵਾਲੇ ਨੌਜਵਾਨ ਆਪਸ ਵਿਚ 66 ਫੁੱਟੀ ਰੋਡ 'ਤੇ ਰੇਸ ਲਾ ਰਹੇ ਸਨ, ਜਿਸ ਤੋਂ ਬਾਅਦ ਇਕ-ਦੂਜੇ ਤੋਂ ਅੱਗੇ ਨਿਕਲਣ ਦੇ ਚੱਕਰ ਵਿਚ ਫਾਰਚੂਨਰ ਕਾਰ ਚਾਲਕ ਕੋਲੋਂ ਕਾਰ ਬੇਕਾਬੂ ਹੋ ਗਈ, ਜੋ ਰੁੱਖ ਨਾਲ ਟਕਰਾਈ । ਰਸਤੇ ਵਿਚ ਕਈ ਲੋਕਾਂ ਨੂੰ ਟੱਕਰ ਮਾਰਨ ਤੋਂ ਬਾਅਦ ਕਾਰ ਜਿਵੇਂ ਹੀ ਰੁੱਖ ਨਾਲ ਟਕਰਾਈ ਤਾਂ ਕਾਰ ਚਾਲਕ ਨੌਜਵਾਨਾਂ ਨੂੰ ਲੋਕਾਂ ਨੇ ਫੜ ਲਿਆ ਪਰ ਕਾਰ ਚਾਲਕ ਨੌਜਵਾਨਾਂ ਨੇ ਲੋਕਾਂ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਮੌਕੇ 'ਤੇ ਪਹੁੰਚੀ ਪੁਲਸ ਨੇ ਕਾਰ ਚਾਲਕ ਸਿਮਰਤ ਸਿੰਘ ਵਾਸੀ ਬੜਿੰਗ ਤੇ ਸਿਮਰਨਜੀਤ ਸਿੰਘ ਵਾਸੀ ਜੀ. ਟੀ. ਬੀ. ਨਗਰ ਨੂੰ ਕਾਬੂ ਕਰ ਲਿਆ, ਜਿਨ੍ਹਾਂ ਵਿਚੋਂ ਇਕ ਨੌਜਵਾਨ ਟਰਾਂਸਪੋਰਟਰ ਤੇ ਦੂਜਾ ਪ੍ਰਾਪਰਟੀ ਡੀਲਰ ਦਾ ਬੇਟਾ ਦੱਸਿਆ ਜਾ ਰਿਹਾ ਹੈ। ਕਾਰ ਚਾਲਕ ਦੋਵੇਂ ਨੌਜਵਾਨ ਰਈਸਜ਼ਾਦੇ ਸਨ, ਜੋ ਮਹਿੰਗੀਆਂ ਗੱਡੀਆਂ ਵਿਚ ਘੁੰਮ ਕੇ ਭੀੜ ਭਰੀਆਂ ਸੜਕਾਂ 'ਤੇ ਆਪਸ ਵਿਚ ਰੇਸ ਲਾ ਰਹੇ ਸਨ। ਜਿਵੇਂ ਹੀ ਲੋਕਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਫੜ ਕੇ ਇਨ੍ਹਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਥੇ ਖੜ੍ਹੇ ਲੋਕਾਂ ਨੂੰ ਜਾਤੀ ਸੂਚਕ ਸ਼ਬਦ ਤੱਕ ਕਹੇ। ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਕਾਰ ਚਾਲਕ ਨੌਜਵਾਨ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ ਵਿਚ ਸਨ।
ਪੁਲਸ ਨੇ ਉਕਤ ਲੋਕਾਂ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਵੀ ਕਰਵਾਇਆ। ਪੁਲਸ ਨੇ ਮੌਕੇ 'ਤੇ ਮੌਜੂਦ ਬਲਵੀਰ ਸਿੰਘ, ਜੋ ਕਿ ਦੁਕਾਨਦਾਰ ਹੈ, ਦੇ ਬਿਆਨਾਂ 'ਤੇ ਸਿਮਰਤ ਸਿੰਘ ਤੇ ਸਿਮਰਨਜੀਤ ਸਿੰਘ ਦੇ ਖਿਲਾਫ ਧਾਰਾ 279, 336, 327 ਤੇ ਜਾਤੀ ਸੂਚਕ ਸ਼ਬਦ ਕਹਿਣ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਦੋਵਾਂ ਨੌਜਵਾਨਾਂ ਨੂੰ ਜੇਲ ਭੇਜ ਦਿੱਤਾ ਹੈ।
ਵਿਆਹ ਦਾ ਝਾਂਸਾ ਦੇ ਕੇ ਵਿਦਿਆਰਥਣ ਨਾਲ ਜਬਰ-ਜ਼ਨਾਹ
NEXT STORY