ਜਲੰਧਰ, (ਖੁਰਾਣਾ)- ਜਲੰਧਰ ਅਤੇ ਕਪੂਰਥਲਾ ਨੂੰ ਜੋੜਨ ਵਾਲੀ ਮੇਨ ਰੋਡ, ਜਿਸ ਨੂੰ ਹਾਈਵੇ ਦਾ ਦਰਜਾ ਪ੍ਰਾਪਤ ਹੈ, ਇਨ੍ਹੀਂ ਦਿਨੀਂ ਇੰਨੀ ਖਸਤਾ ਹਾਲਤ ਵਿਚ ਪਹੁੰਚ ਚੁੱਕੀ ਹੈ ਕਿ ਹੁਣ ਇਹ ਸੜਕ ਪੈਦਲ ਚੱਲਣ ਦੇ ਯੋਗ ਵੀ ਨਹੀਂ ਬਚੀ। ਸੜਕ ’ਤੇ ਜਗ੍ਹਾ-ਜਗ੍ਹਾ ਪਏ ਵੱਡੇ-ਵੱਡੇ ਟੋਇਆਂ ਕਾਰਨ ਵਾਹਨ ਚਾਲਕਾਂ ਨੂੰ ਸੜਕ ਦੀ ਬਜਾਏ ਟੋਇਆਂ ਦੇ ਵਿਚਕਾਰੋਂ ਰਸਤਾ ਲੱਭਣਾ ਪੈ ਰਿਹਾ ਹੈ।
ਰੋਜ਼ਾਨਾ ਹਜ਼ਾਰਾਂ ਰਾਹਗੀਰ ਇਸ ਸੜਕ ਤੋਂ ਲੰਘਦੇ ਹਨ ਪਰ ਸੜਕ ਦੇ ਟੁੱਟੇ ਹਿੱਸਿਆਂ ਅਤੇ ਟੋਇਆਂ ਕਾਰਨ ਉਨ੍ਹਾਂ ਦੀ ਜਾਨ ਹਰ ਪਲ ਖਤਰੇ ਵਿਚ ਬਣੀ ਰਹਿੰਦੀ ਹੈ। ਸੜਕ ’ਤੇ ਵਾਹਨ ਬੇਹੱਦ ਸਾਵਧਾਨੀ ਨਾਲ ਰੇਂਗਦੇ ਹੋਏ ਨਿਕਲਦੇ ਹਨ, ਫਿਰ ਵੀ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਬਸਤੀ ਬਾਵਾ ਖੇਲ ਤੋਂ ਲੈ ਕੇ ਕਪੂਰਥਲਾ ਦੀ ਹੱਦ ਤਕ ਸੜਕ ਦੀ ਹਾਲਤ ਬੇਹੱਦ ਖਰਾਬ ਹੈ। ਦੋਪਹੀਆ ਵਾਹਨ ਚਾਲਕਾਂ ਦਾ ਬੈਲੇਂਸ ਵਾਰ-ਵਾਰ ਵਿਗੜ ਜਾਂਦਾ ਹੈ, ਜਦਕਿ ਹਾਲ ਹੀ ਦੇ ਦਿਨਾਂ ਵਿਚ ਧੁੰਦ ਦੇ ਮੌਸਮ ਦੌਰਾਨ ਘੱਟ ਵਿਜ਼ੀਬਿਲਟੀ ਦੀ ਵਜ੍ਹਾ ਨਾਲ ਇਥੇ ਕਈ ਛੋਟੇ-ਵੱਡੇ ਸੜਕ ਹਾਦਸੇ ਵੀ ਹੋ ਚੁੱਕੇ ਹਨ।
ਸਭ ਤੋਂ ਵਧੇਰੇ ਖਰਾਬ ਹਾਲਤ ਪਿੰਡ ਸੰਗਲ ਸੋਹਲ ਦੇ ਆਲੇ-ਦੁਆਲੇ ਹੈ, ਜਿਥੇ ਪਾਣੀ ਦੀ ਨਿਕਾਸੀ ਦੀ ਵਿਵਸਥਾ ਨਾ ਹੋਣ ਕਾਰਨ ਆਲੇ-ਦੁਆਲੇ ਦਾ ਪਾਣੀ ਸੜਕ ’ਤੇ ਜਮ੍ਹਾ ਹੋ ਜਾਂਦਾ ਹੈ ਅਤੇ ਸੜਕ ਦਲਦਲ ਵਰਗੀ ਸਥਿਤੀ ਵਿਚ ਬਦਲ ਜਾਂਦੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੜਕ ਮਹੀਨਿਆਂ ਤੋਂ ਟੁੱਟੀ ਹੋਈ ਹੈ ਪਰ ਇਸ ਦੀ ਮੁਰੰਮਤ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ, ਜਿਵੇਂ ਇਸ ਸੜਕ ਦਾ ਕੋਈ ਵਾਲੀ-ਵਾਰਿਸ ਹੀ ਨਾ ਹੋਵੇ। ਇਸ ਸਮੱਸਿਆ ਨੂੰ ਲੈ ਕੇ ਸਥਾਨਕ ਨਿਵਾਸੀਆਂ ਅਤੇ ਦੁਕਾਨਦਾਰਾਂ ਨੇ ਕਈ ਵਾਰ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕਰਦੇ ਹੋਏ ਪ੍ਰਦਰਸ਼ਨ ਕੀਤਾ।
ਲੋਕਾਂ ਨੇ ਸੜਕ ਜਾਮ ਕਰ ਕੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਤਕ ਕੀਤੀ ਅਤੇ ਦੋਸ਼ ਲਾਇਆ ਕਿ ਸਟਰੀਟ ਲਾਈਟਾਂ ਨਾ ਹੋਣ ਨਾਲ ਰਾਤ ਸਮੇਂ ਹਾਲਾਤ ਹੋਰ ਖਤਰਨਾਕ ਹੋ ਜਾਂਦੇ ਹਨ। ਹਨ੍ਹੇਰੇ ਵਿਚ ਟੋਇਆਂ ਨਾਲ ਭਰੀ ਇਸ ਸੜਕ ’ਤੇ ਚੱਲਣਾ ਖਤਰਿਆਂ ਦੇ ਖਿਡਾਰੀ ਬਣਨ ਵਰਗਾ ਹੈ। ਉਨ੍ਹਾਂ ਕਿਹਾ ਕਿ ਇਹੀ ਸੜਕ ਸਾਇੰਸ ਸਿਟੀ, ਪੀ. ਟੀ. ਯੂ., ਕਪੂਰਥਲਾ, ਸੁਲਤਾਨਪੁਰ ਲੋਧੀ ਸਮੇਤ ਕਈ ਕਸਬਿਆਂ ਅਤੇ ਪਿੰਡਾਂ ਨੂੰ ਜੋੜਨ ਵਾਲੀ ਪ੍ਰਮੁੱਖ ਸੜਕ ਹੈ। ਇਸ ਦੇ ਬਾਵਜੂਦ ਇਸ ਪਾਸੇ ਧਿਆਨ ਨਾ ਦਿੱਤਾ ਜਾਣਾ ਬੇਹੱਦ ਚਿੰਤਾਜਨਕ ਹੈ।
ਲੋਕਾਂ ਨੇ ਦੱਸਿਆ ਕਿ ਇਸ ਸੜਕ ’ਤੇ ਬਣੇ ਟੋਇਆਂ ਕਾਰਨ ਵਾਹਨਾਂ ਦੇ ਟਾਇਰ ਅਤੇ ਸਸਪੈਂਸ਼ਨ ਖਰਾਬ ਹੋ ਰਹੇ ਹਨ, ਜਦੋਂ ਕਿ ਧੂੜ ਅਤੇ ਮਿੱਟੀ ਨਾਲ ਸਾਹ ਤੇ ਐਲਰਜੀ ਨਾਲ ਜੁੜੀਆਂ ਸਮੱਸਿਆਵਾਂ ਵੀ ਵਧ ਰਹੀਆਂ ਹਨ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲੰਧਰ-ਕਪੂਰਥਲਾ ਰੋਡ ਦੀ ਤੁਰੰਤ ਮੁਰੰਮਤ ਕਰ ਕੇ ਇਸ ਨੂੰ ਸੁਰੱਖਿਅਤ ਅਤੇ ਪਹੁੰਚਯੋਗ ਬਣਾਇਆ ਜਾਵੇ ਤਾਂ ਕਿ ਲੋਕਾਂ ਨੂੰ ਇਸ ਜਾਨਲੇਵਾ ਸਥਿਤੀ ਤੋਂ ਰਾਹਤ ਮਿਲ ਸਕੇ।
2 ਦੇਸੀ ਪਿਸਟਲ ਅਤੇ 5 ਜਿੰਦਾ ਰੌਂਦਾਂ ਸਣੇ ਨਬਾਲਗ ਕਾਬੂ
NEXT STORY