ਜਲੰਧਰ (ਚਾਵਲਾ)— ਪੰਜਾਬ ਦੇ ਸਿਆਸੀ ਹਾਲਾਤ ਲੋਕਾਂ ਦੇ ਅਨੁਕੂਲ ਨਹੀਂ, ਕਿਉਂਕਿ ਰਾਜਨੀਤਿਕ ਆਗੂਆਂ ਨੇ ਹਮੇਸ਼ਾ ਹੀ ਵਿਸ਼ਵਾਸਘਾਤ ਕੀਤਾ ਹੈ ਤੇ ਲੀਡਰਸ਼ਿਪ ਅਮੀਰ ਹੁੰਦੀ ਜਾ ਰਹੀ ਹੈ। ਇਹ ਦੋਸ਼ ਸ਼ੁੱਕਰਵਾਰ ਨੂੰ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਨੇ ਲਾਏ। ਉਨ੍ਹਾਂ ਬਰਗਾੜੀ ਮੋਰਚੇ ਦੌਰਾਨ ਹੋਈਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਰਗਾੜੀ ਮੋਰਚੇ ਦਾ ਦੇਸ਼ ਭਰ ਵਿਚ ਅਮਨ ਸ਼ਾਂਤੀ ਦਾ ਸੁਨੇਹਾ ਗਿਆ ਹੈ ਤੇ ਇਸ ਵਿਚ ਸਮਾਜ ਦਾ ਹਰ ਵਰਗ ਸ਼ਾਮਲ ਹੋਇਆ ਸੀ, ਜਿਸ ਨਾਲ ਭਾਈਚਾਰਕ ਸਾਂਝ ਮਜ਼ਬੂਤ ਹੋਈ ਹੈ। ਰਾਜਨੀਤਕ ਆਗੂਆਂ ਨੇ ਪਾਰਟੀ ਤੋਂ ਉੱਪਰ ਉਠ ਕੇ ਇਸ ਵਿਚ ਸ਼ਾਮਲ ਹੋ ਕੇ ਸਹਿਯੋਗ ਕੀਤਾ। ਉਨ੍ਹਾਂ ਕਿਹਾ ਕਿ ਮੋਰਚਾ ਅਜੇ ਖਤਮ ਨਹੀਂ ਹੋਇਆ। ਮੋਰਚੇ ਦਾ ਦੂਜਾ ਪੜਾਅ 27 ਜਨਵਰੀ ਨੂੰ ਚੰਡੀਗੜ੍ਹ ਵਿਖੇ ਹੋ ਰਹੀ ਮੀਟਿੰਗ ਵਿਚ ਵਿਚਾਰ ਵਟਾਂਦਰਾ ਕਰਕੇ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਵੱਖਰੇ-ਵੱਖਰੇ ਏਜੰਡੇ ਹਨ ਪਰ ਇਸ ਸਬੰਧੀ ਸਿਆਸਤ ਨੂੰ ਪਵਿੱਤਰ ਕਰਨ ਵਾਸਤੇ ਉਨ੍ਹਾਂ ਆਗੂਆਂ ਤੱਕ ਪਹੁੰਚ ਕੀਤੀ ਜਾਵੇਗੀ ਤਾਂ ਜੋ ਇਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੀ ਸਿਆਸਤ ਨੂੰ ਬਦਲਿਆ ਜਾਵੇ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਆਏ ਨਿਘਾਰ ਲਈ ਉਸ ਵਿਚ ਸੁਧਾਰ ਕਰਨ ਤੇ ਪ੍ਰਬੰਧ ਸਾਫ ਸੁਥਰੀਆਂ ਸ਼ਖਸੀਅਤਾਂ ਹਵਾਲੇ ਕਰਨ ਲਈ ਯਤਨ ਜਾਰੀ ਰਹਿਣਗੇ।
ਬਹਿਬਲ ਕਲਾਂ ਗੋਲੀਕਾਂਡ 'ਚ ਸਾਬਕਾ SSP ਚਰਨਜੀਤ ਗ੍ਰਿਫਤਾਰ (ਵੀਡੀਓ)
NEXT STORY