ਜਲੰਧਰ (ਖੁਰਾਣਾ)- ਮੇਅਰ ਜਗਦੀਸ਼ ਰਾਜਾ ਨੇ 2 ਸਾਲ ਦਾ ਕਾਰਜਕਾਲ ਪੂਰਾ ਹੋਣ ਮਗਰੋਂ ਨਗਰ ਨਿਗਮ ਦੀਆਂ ਐਡਹਾਕ ਕਮੇਟੀਆਂ ਦਾ ਐਲਾਨ ਕਰ ਦਿੱਤਾ, ਜਿਸ ਨੂੰ ਲੈ ਕੇ ਰਲੀਆਂ-ਮਿਲੀਆਂ ਪ੍ਰਤੀਕਿਰਿਆਵਾਂ ਵੇਖਣ ਨੂੰ ਮਿਲ ਰਹੀਆਂ ਹਨ। ਇਕ ਪਾਸੇ ਜਿੱਥੇ ਕੌਂਸਲਰ ਦੇਸ ਰਾਜ ਜੱਸਲ ਅਤੇ ਰਾਜੀਵ ਓਂਕਾਰ ਟਿੱਕਾ ਆਦਿ ਨੇ ਇਨ੍ਹਾਂ ਕਮੇਟੀਆਂ ਨੂੰ ਡਰਾਮਾ ਦੱਸਿਆ ਹੈ ਉਥੇ ਕਈ ਕੌਂਸਲਰ ਚੇਅਰਮੈਨੀਆਂ ਅਤੇ ਮੈਂਬਰੀ ਮਿਲਣ ਨਾਲ ਖੁਸ਼ ਹੋ ਗਏ। ਇਨ੍ਹਾਂ ਐਡਹਾਕ ਕਮੇਟੀਆਂ ਵਿਚੋਂ ਸਭ ਤੋਂ ਪਹਿਲੀ ਮੀਟਿਗ ਸੈਨੀਟੇਸ਼ਨ ਐਂਡ ਹੈਲਥ ਕਮੇਟੀ ਨੇ ਕੀਤੀ, ਜਿਸ ਦੇ ਚੇਅਰਮੈਨ ਬਲਰਾਜ ਠਾਕੁਰ ਹਨ। ਇਹ ਉਹ ਬਲਰਾਜ ਠਾਕੁਰ ਹਨ ਜਿਨ੍ਹਾਂ ਨੇ ਪਿਛਲੇ ਸਾਲ 19 ਅਗਸਤ ਨੂੰ ਆਪਣੀ ਹੀ ਸਰਕਾਰ ਦੇ ਹੁੰਦੇ ਹੋਏ ਮਾਡਲ ਟਾਊਨ ਸ਼ਮਸ਼ਾਨਘਾਟ ਦੇ ਸਾਹਮਣੇ ਪੈਂਦੇ ਡੰਪ ਨੂੰ ਸ਼ਿਫਟ ਕਰਵਾਉਣ ਲਈ ਧਰਨਾ ਲਾਇਆ ਸੀ। ਉਸ ਧਰਨੇ ਵਿਚ ਪਹੁੰਚ ਕੇ ਵਿਧਾਇਕ ਪਰਗਟ ਨੇ ਉਥੇ ਮੌਜੂਦ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੂੰ ਡੰਪ ਸ਼ਿਫਟ ਕਰਨ ਲਈ 3 ਦਿਨਾਂ ਦਾ ਸਮਾਂ ਦਿੱਤਾ ਸੀ ਪਰ ਅਗਸਤ ਨੂੰ ਬੀਤਿਆਂ ਅੱਜ 6 ਮਹੀਨੇ ਹੋ ਚੁੱਕੇ ਹਨ, ਉਹ ਡੰਪ ਸ਼ਿਫਟ ਨਹੀਂ ਹੋਇਆ।
ਹੁਣ ਹਾਲਾਤ ਇਹ ਹਨ ਕਿ ਸੈਨੀਟੇਸ਼ਨ ਕਮੇਟੀ ਦੇ ਚੇਅਰਮੈਨ ਬਲਰਾਜ ਠਾਕੁਰ ਦੇ ਏਰੀਏ ’ਚ ਆਉਂਦੇ ਮਾਡਲ ਟਾਊਨ ਸ਼ਮਸ਼ਾਨਘਾਟ ਦੇ ਸਾਹਮਣੇ ਪੈਂਦੇ ਡੰਪ ਤੋਂ ਪਿਛਲੇ 6 ਦਿਨਾਂ ਤੋਂ ਕੂੜਾ ਨਹੀਂ ਚੁੱਕਿਆ ਜਾ ਰਿਹਾ, ਜਿਸ ਕਾਰਣ ਉਥੇ ਕੂੜੇ ਦੇ ਅੰਬਾਰ ਲੱਗ ਗਏ ਹਨ। ਹਰ ਰੋਜ਼ ਸ਼ਮਸ਼ਾਨਘਾਟ ਆਉਣ ਵਾਲੇ ਹਜ਼ਾਰਾਂ ਸ਼ਹਿਰ ਵਾਸੀ ਸਾਹਮਣੇ ਪਏ ਕੂੜੇ ਨੂੰ ਵੇਖ ਕੇ ਨਿਗਮ ਨੂੰ ਕਿੰਨੀਆਂ ਗਾਲਾਂ ਕੱਢਦੇ ਹਨ। ਸਵਾਲ ਇਹ ਹੈ ਕਿ ਜੇਕਰ ਸੈਨੀਟੇਸ਼ਨ ਕਮੇਟੀ ਦੇ ਚੇਅਰਮੈਨ ਦੇ ਵਾਰਡ ’ਚ ਕੂੜੇ ਦਾ ਡੰਪ ਇਕ-ਇਕ ਹਫਤਾ ਸਾਫ ਨਾ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਸੈਨੀਟੇਸ਼ਨ ਕਮੇਟੀ ਦੇ ਗਲੇ ’ਚ ਮਰਿਆ ਹੋਇਆ ਸੱਪ ਪਾ ਦਿੱਤਾ। ਕਿਉਂਕਿ ਨੇੜਲੇ ਭਵਿੱਖ ’ਚ ਕੂੜੇ ਦੀ ਸਮੱਸਿਆ ਖਤਮ ਹੋਣ ਦੀ ਸੰਭਾਵਨਾ ਨਹੀਂ ਦਿਸ ਰਹੀ। ਆਮ ਚਰਚਾ ਹੈ ਕਿ ਇਹ ਕਮੇਟੀ ਕਿਸੇ ਵੀ ਹਾਲਤ ਵਿਚ ਸਫਾਈ ਕਰਮਚਾਰੀਆਂ ਦੀ ਬਰਾਬਰ-ਬਰਾਬਰ ਵੰਡ ਨਹੀਂ ਕਰ ਸਕੇਗੀ ਅਤੇ ਇਸ ਮਾਮਲੇ ’ਚ ਯੂਨੀਅਨ ਦਾ ਦਬਾਅ ਤੱਕ ਨਹੀਂ ਝੱਲ ਸਕੇਗੀ।
ਬਲਰਾਜ ਠਾਕੁਰ ਨੇ ਵਟਸਐਪ ਗਰੁੱਪ ’ਚ ਪਾਇਆ ਫੋਟੋ ਸਣੇ ਮੈਸੇਜ
ਅਸਲ ਵਿਚ ਹਰ ਵਿਧਾਨ ਸਭਾ ਹਲਕੇ ਦੇ ਕੌਂਸਲਰਾਂ ਅਤੇ ਸਬੰਧਿਤ ਨਿਗਮ ਅਧਿਕਾਰੀਆਂ ਨੂੰ ਲੈ ਕੇ ਵਟਸਐਪ ਗਰੁੱਪ ਬਣੇ ਹੋਏ ਹਨ, ਜਿਨ੍ਹਾਂ ਵਿਚ ਕੌਂਸਲਰ ਆਪਣੀਆਂ ਸਮੱਸਿਆਵਾਂ ਪਾ ਦਿੰਦੇ ਹਨ ਅਤੇ ਅਧਿਕਾਰੀ ਉਨ੍ਹਾਂ ਦੇ ਹੱਲ ਸਬੰਧੀ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਜਾਂ ਹੱਲ ਦੇ ਭਰੋਸੇ ਦੀ ਜਾਣਕਾਰੀ ਕੌਂਸਲਰਾਂ ਨੂੰ ਦੇ ਦਿੰਦੇ ਹਨ। ਬੀਤੀ 6 ਫਰਵਰੀ ਨੂੰ ਕੌਂਸਲਰ ਬਲਰਾਜ ਠਾਕੁਰ ਨੇ ਇਸੇ ਵਟਸਐਪ ਗਰੁੱਪ ’ਚ ਮਾਡਲ ਟਾਊਨ ਡੰਪ ’ਚ ਲੱਗੇ ਕੂੜੇ ਦੇ ਢੇਰਾਂ ਦੀ ਫੋਟੋ ਸਣੇ ਜਾਣਕਾਰੀ ਇਸ ਗਰੁੱਪ ਵਿਚ ਪਾਈ ਤੇ ਲਿਖਿਆ ਕਿ ਚਾਰ ਦਿਨ ਤੋਂ ਇਥੋਂ ਕੂੜਾ ਨਹੀਂ ਚੁੱਕਿਆ ਗਿਆ। ਅੱਜ ਵੀ ਸ਼ਮਸ਼ਾਨਘਾਟ ਦੇ ਸਾਹਮਣੇ ਕੂੜੇ ਦੇ ਲੱਗੇ ਢੇਰ ਵੇਖ ਅੰਦਾਜ਼ਾ ਲੱਗ ਸਕਦਾ ਹੈ ਕਿ ਸੈਨੀਟੇਸ਼ਨ ਕਮੇਟੀ ਦੇ ਚੇਅਰਮੈਨ ਦੇ ਕਹਿਣ ’ਤੇ ਵੀ ਇਕ ਹਫਤੇ ਤੋਂ ਉਥੇ ਕੂੜੇ ਦੇ ਢੇਰ ਲੱਗੇ ਹੋਏ ਹਨ।
ਖੇਤ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
NEXT STORY