ਜਲੰਧਰ : ਟੋਕੀਓ ਓਲੰਪਿਕ 2020 ’ਚ ਭਾਰਤੀ ਹਾਕੀ ਟੀਮ ਨੇ 41 ਸਾਲ ਬਾਅਦ ਕਾਂਸੀ ਤਮਗਾ ਭਾਰਤ ਦੀ ਝੋਲੀ ਪਾਇਆ ਹੈ। ਭਾਰਤੀ ਹਾਕੀ ਟੀਮ ਨੇ 1980 ’ਚ ਸੋਨ ਤਮਗਾ ਜਿੱਤਿਆ ਸੀ ਤੇ ਉਸ ਸਮੇਂ ਭਾਰਤੀ ਹਾਕੀ ਦਾ ਸੁਨਹਿਰੀ ਦੌਰ ਚੱਲ ਰਿਹਾ ਸੀ। ਟੋਕੀਓ ’ਚ ਭਾਰਤ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਕਾਂਸੀ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਜਲੰਧਰ ਦੀ ਸੁਰਜੀਤ ਹਾਕੀ ਅਕੈਡਮੀ ’ਚੋਂ ਟ੍ਰੇਨਿੰਗ ਪ੍ਰਾਪਤ 9 ਖਿਡਾਰੀ ਓਲੰਪਿਕ ’ਚ ਭਾਰਤੀ ਹਾਕੀ ਟੀਮ ਵੱਲੋਂ ਖੇਡੇ, ਜਿਨ੍ਹਾਂ ਭਾਰਤ ਦਾ ਮਾਣ ਸਾਰੀ ਦੁਨੀਆ ’ਚ ਵਧਾਇਆ। ਸੈਮੀਫਾਈਨਲ ਮੁਕਾਬਲੇ ’ਚ 2 ਗੋਲ ਕਰਨ ਵਾਲੇ ਖਿਡਾਰੀ ਸਿਮਰਨਜੀਤ ਸਿੰਘ ਹੋਣ, ਇਕ ਗੋਲ ਕਰਨ ਵਾਲੇ ਹਾਰਦਿਕ ਸਿੰਘ ਜਾਂ ਫਿਰ ਓਲੰਪਿਕ ’ਚ ਭਾਰਤ ਦੀ ਅਗਵਾਈ ਕਰਨ ਵਾਲੇ ਕਪਤਾਨ ਮਨਪ੍ਰੀਤ ਸਿੰਘ, ਸਾਰਿਆਂ ਨੇ ਇਸੇ ਅਕੈਡਮੀ ’ਚੋਂ ਟ੍ਰੇਨਿੰਗ ਲਈ ਹੈ।
ਇਹ ਵੀ ਪੜ੍ਹੋ : ਜਾਣੋ ਭਾਰਤੀ ਹਾਕੀ ਟੀਮ ਦੇ 16 ਜਾਂਬਾਜ਼ਾਂ ਬਾਰੇ, ਜਿਨ੍ਹਾਂ 41 ਸਾਲਾਂ ਬਾਅਦ ਭਾਰਤ ਦੀ ਝੋਲੀ ਪਾਇਆ ਤਮਗਾ
ਓਲੰਪੀਅਨ ਸੁਰਜੀਤ ਹਾਕੀ ਅਕੈਡਮੀ ਦੇ ਮੁੱਖ ਕੋਚ ਅਵਤਾਰ ਸਿੰਘ ਨੇ ਦੱਸਿਆ ਕਿ ਸੁਰਜੀਤ ਹਾਕੀ ਅਕੈਡਮੀ ਨੂੰ 2005 ’ਚ ਸਥਾਪਿਤ ਕੀਤਾ ਗਿਆ ਸੀ, ਜਿਸ ਨੇ ਭਾਰਤ ਲਈ ਲੱਗਭਗ 30 ਖਿਡਾਰੀ ਤਿਆਰ ਕੀਤੇ ਹਨ। ਅਵਤਾਰ ਸਿੰਘ ਦਾ ਮੰਨਣਾ ਹੈ ਕਿ ਭਾਰਤੀ ਹਾਕੀ ਇਸ ਪ੍ਰਕਿਰਿਆ ਦਾ ਇਨਾਮ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਰਾਤੋ-ਰਾਤ ਨਹੀਂ ਕੀਤਾ ਹੈ, ਬਲਕਿ ਇਸ ਪਿੱਛੇ 16 ਸਾਲਾਂ ਦੀ ਮਿਹਨਤ ਹੈ।ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਤੋਂ ਇਲਾਵਾ ਸਿਮਰਨਜੀਤ ਸਿੰਘ, ਹਾਰਦਿਕ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਵਰੁਣ ਕੁਮਾਰ, ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ ਤੇ ਵਾਧੂ ਗੋਲਕੀਪਰ ਵਜੋਂ ਗਏ ਕ੍ਰਿਸ਼ਨ ਪਾਠਕ ਓਲੰਪੀਅਨ ਸੁਰਜੀਤ ਅਕੈਡਮੀ ’ਚੋਂ ਟ੍ਰੇਨਿੰਗ ਲੈ ਚੁੱਕੇ ਹਨ। ਭਾਰਤੀ ਮਹਿਲਾ ਹਾਕੀ ਟੀਮ ਦੀ ਖਿਡਾਰਨ ਅੰਮ੍ਰਿਤਸਰ ਵਾਸੀ ਗੁਰਜੀਤ ਕੌਰ ਵੀ ਕੁਝ ਸਾਲ ਇਸ ਅਕੈਡਮੀ ’ਚ ਟ੍ਰੇਨਿੰਗ ਹਾਸਲ ਕਰ ਚੁੱਕੇ ਹਨ।
ਇਹ ਵੀ ਪੜ੍ਹ਼ੋ : ਹਾਕੀ ਖਿਡਾਰੀ ਰੁਪਿੰਦਰਪਾਲ ਸਿੰਘ ਦੇ ਘਰ ਪਹੁੰਚੇ ਨਵਜੋਤ ਸਿੱਧੂ, ਪਰਿਵਾਰ ਨੂੰ ਇਤਿਹਾਸਕ ਜਿੱਤ ਦੀਆਂ ਦਿੱਤੀਆਂ ਵਧਾਈਆਂ
ਇਹ ਸਾਰੇ ਖਿਡਾਰੀ ਸੀਨੀਅਰ ਲੈਵਲ ਤਕ ਪਹੁੰਚਣ ਤੋਂ ਪਹਿਲਾਂ ਸੁਰਜੀਤ ਹਾਕੀ ਅਕੈਡਮੀ ’ਚੋਂ ਟ੍ਰੇਨਿੰਗ ਲੈਂਦੇ ਰਹੇ ਹਨ। ਇਹ ਵੀ ਦੱਸਣਯੋਗ ਹੈ ਕਿ ਭਾਰਤੀ ਹਾਕੀ ਟੀਮ ਦੇ ਕਪਤਾਨ ਸਮੇਤ 3 ਖਿਡਾਰੀ ਜਲੰਧਰ ਦੇ ਸੰਸਾਰਪੁਰ ਪਿੰਡ ਤੋਂ ਹੀ ਹਨ। ਇਸ ਪਿੰਡ ਨੇ ਦੁਨੀਆ ਨੂੰ ਹਾਕੀ ਦੇ ਕੁਝ ਮਹਾਨ ਖਿਡਾਰੀ ਦਿੱਤੇ ਹਨ। ਇੰਨਾ ਹੀ ਨਹੀਂ, 1968 ਦੀਆਂ ਮੈਕਸੀਕੋ ਓਲੰਪਿਕ ਖੇਡਾਂ ’ਚ 7 ਖਿਡਾਰੀ ਇਸੇ ਪਿੰਡ ’ਚੋਂ ਹੀ ਸਨ।
ਸਰਕਾਰ MSP ’ਤੇ ਖਰੀਦ ਦਾ ਗਾਰੰਟੀ ਬਿੱਲ ਪਾਸ ਕਰੇ : ਲੱਖੋਵਾਲ
NEXT STORY