ਜਲੰਧਰ (ਮਹੇਸ਼)- ਸੂਰਿਆ ਐਨਕਲੇਵ ਪੁਲ ਦੇ ਕੋਲ ਬਾਅਦ ਦੁਪਹਿਰ ਤੇਜ਼ ਰਫਤਾਰ ਬੱਸ ਦੇ ਹੇਠਾਂ ਆਉਣ ਕਾਰਨ ਸੜਕ ਪਾਰ ਕਰ ਰਹੇ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੇ ਬਾਅਦ ਕਰੀਬ ਇਕ ਘੰਟਾ ਲੰਮਾ ਪਿੰਡ ਚੌਕ ਤੋਂ ਲੈ ਕੇ ਚੌਗਿੱਟੀ ਚੌਕ ਤੱਕ ਜਾਮ ਲੱਗਾ ਰਿਹਾ। ਮੌਕੇ ’ਤੇ ਪਹੁੰਚੇ ਥਾਣਾ ਰਾਮਾ ਮੰਡੀ ਦੇ ਏ. ਐੱਸ. ਆਈ. ਗੁਰਵਿੰਦਰ ਸਿੰਘ ਨੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਸੜਕ ਤੋਂ ਚੁੱਕ ਕੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਭੇਜਿਆ ਅਤੇ ਜਾਮ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਮੁਤਾਬਕ ਮ੍ਰਿਤਕ ਮੁਹੰਮਦ ਅਬਦੁੱਲ ਭੱਟ ਪੁੱਤਰ ਮਸਜ਼ਿਦ ਸ਼ਰੀਫ ਵਾਸੀ ਅਨੰਤ ਨਗਰ ਜੰਮੂ ਦਾ ਰਹਿਣ ਵਾਲਾ ਹੈ। ਜਲੰਧਰ ਵਿਚ ਉਹ ਕੰਮ ਕਰਦਾ ਸੀ ਪਰ ਇਸ ਦੀ ਪੁਸ਼ਟੀ ਨਾ ਹੋ ਸਕੀ। ਏ. ਐੱਸ. ਆਈ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਬੱਸ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਥਾਣਾ ਰਾਮਾ ਮੰਡੀ ਵਿਚ ਕੇਸ ਦਰਜ ਕਰ ਲਿਆ ਹੈ। ਮੌਕੇ ਤੋਂ ਫਰਾਰ ਹੋਏ ਬੱਸ ਚਾਲਕ ਦੀ ਤਲਾਸ਼ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਉਸ ਦੀ ਮੌਤ ਬਾਰੇ ਵਿਚ ਸੂਚਿਤ ਕਰ ਦਿੱਤਾ ਗਿਆ ਹੈ। ਉਹ ਜੰਮੂ ਤੋਂ ਚੱਲ ਪਏ ਹਨ। ਉਨ੍ਹਾਂ ਦੇ ਜਲੰਧਰ ਪਹੁੰਚਣ ’ਤੇ ਹੀ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤਾ ਗਿਆ ਹੈ।
ਸੇਵਾ ਦਲ ਸਮਾਜ ਭਲਾਈ ਸੰਗਠਨ ਨੇ 25 ਔਰਤਾਂ ਨੂੰ ਵੰਡਿਆ ਰਾਸ਼ਨ
NEXT STORY