ਜਲੰਧਰ (ਖੁਰਾਣਾ)– ਨਗਰ ਨਿਗਮ ਜਲੰਧਰ ਦੇ ਬਹੁਤ ਵਿਗੜ ਚੁੱਕੇ ਸਿਸਟਮ ਨੂੰ ਠੀਕ ਕਰਨ ਵਿਚ ਲੱਗੇ ਕਮਿਸ਼ਨਰ ਅਤੇ ਨੌਜਵਾਨ ਆਈ. ਏ. ਐੱਸ. ਅਧਿਕਾਰੀ ਅਭਿਜੀਤ ਕਪਲਿਸ਼ ਨੇ ਨਿਗਮ ਵਿਚ ਕੁਆਲਿਟੀ ਕੰਟਰੋਲ ਸੈੱਲ ਗਠਿਤ ਕਰ ਕੇ ਠੇਕੇਦਾਰਾਂ ਨੂੰ ਜਿੱਥੇ ਤਕੜਾ ਝਟਕਾ ਦਿੱਤਾ ਹੈ, ਉਥੇ ਹੀ ਇਹ ਸੰਕੇਤ ਵੀ ਗਿਆ ਹੈ ਕਿ ਹੁਣ ਨਿਗਮ ਠੇਕੇਦਾਰਾਂ ਅਤੇ ਅਫਸਰਾਂ ਨੂੰ ਕਾਂਗਰਸੀ ਸਰਕਾਰ ਵਰਗੀ ਮੌਜ ਦੁਬਾਰਾ ਨਹੀਂ ਮਿਲੇਗੀ। ਜ਼ਿਕਰਯੋਗ ਹੈ ਕਿ ਪਿਛਲੇ 5 ਸਾਲ ਰਹੀ ਕਾਂਗਰਸ ਦੀ ਸਰਕਾਰ ਦੌਰਾਨ ਜਲੰਧਰ ਨਿਗਮ ਨੇ ਭਾਵੇਂ ਕਰੋੜਾਂ-ਅਰਬਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਪਰ ਪਿਛਲੇ 3 ਸਾਲ ਕਿਸੇ ਅਫਸਰ ਨੇ ਵੀ ਕੁਆਲਿਟੀ ਕੰਟਰੋਲ ਵੱਲ ਧਿਆਨ ਨਹੀਂ ਦਿੱਤਾ, ਜਿਸ ਕਾਰਨ ਜਿਥੇ ਨਿਗਮ ਠੇਕੇਦਾਰ ਕਰੋੜਪਤੀ-ਅਰਬਪਤੀ ਤੱਕ ਬਣ ਗਏ, ਉਥੇ ਹੀ, ਉਨ੍ਹਾਂ ਵੱਲੋਂ ਖੁੱਲ੍ਹੇ ਮਨ ਨਾਲ ਦਿੱਤੀਆਂ ਗਈਆਂ ਕਮੀਸ਼ਨਾਂ ਨਾਲ ਨਿਗਮ ਦੇ ਵੀ ਅਫਸਰਾਂ ਨੂੰ ਖੂਬ ਕਮਾਈ ਹੋਈ। ਕਿਉਂਕਿ ਨਗਰ ਨਿਗਮ ਵਿਚ ਠੇਕੇਦਾਰਾਂ ਵੱਲੋਂ ਅਫ਼ਸਰਾਂ ਨੂੰ ਦਿੱਤੀ ਜਾਂਦੀ ਕਮੀਸ਼ਨ ਬਹੁਤ ਹੀ ਪੁਰਾਣੇ ਸਮੇਂ ਤੋਂ ਚੱਲ ਰਹੀ ਹੈ ਅਤੇ ਇਹ ਪ੍ਰੰਪਰਾ ਅੱਜ ਵੀ ਬਰਕਰਾਰ ਹੈ। ਹੁਣ ਦੇਖਣਾ ਹੋਵੇਗਾ ਕਿ ਕੁਆਲਿਟੀ ਕੰਟਰੋਲ ਸੈੱਲ ਗਠਿਤ ਹੋਣ ਤੋਂ ਬਾਅਦ ਠੇਕੇਦਾਰਾਂ ਦੇ ਕੰਮਕਾਜ ਅਤੇ ਉਨ੍ਹਾਂ ਵੱਲੋਂ ਅਫਸਰਾਂ ਨੂੰ ਦਿੱਤੀ ਜਾਂਦੀ ਕਮੀਸ਼ਨ ’ਤੇ ਕੀ ਅਸਰ ਪੈਂਦਾ ਹੈ।
ਇਹ ਵੀ ਪੜ੍ਹੋ : 2022 ’ਚ ਭ੍ਰਿਸ਼ਟਾਚਾਰ ਵਿਰੋਧੀ ਇਕਾਈਆਂ ਨੂੰ ਲੈ ਕੇ ਸੁਰਖੀਆਂ ’ਚ ਰਿਹਾ ਵਿਜੀਲੈਂਸ ਬਿਊਰੋ
ਕੰਟਰੋਲ ਸੈੱਲ ਤੋਂ ਇਲਾਵਾ ਮਾਡਰਨ ਲੈਬਾਰਟਰੀ ਅਤੇ ਰਿਸੋਰਸ ਸੈਂਟਰ-ਕਮ-ਲਾਇਬਰੇਰੀ ਵੀ ਹੋਵੇਗੀ ਗਠਿਤ
ਇਸ ਸੈੱਲ ਦੇ ਬਤੌਰ ਚੇਅਰਮੈਨ ਨਿਗਮ ਕਮਿਸ਼ਨਰ ਨੇ ਇੰਜੀਨੀਅਰਿੰਗ ਬ੍ਰਾਂਚ ’ਤੇ ਫੋਕਸ ਕਰਦੇ ਹੋਏ ਕੁਆਲਿਟੀ ਕੰਟਰੋਲ ਸੈੱਲ ਵਿਚ ਕਾਰਪੋਰੇਸ਼ਨ ਇੰਜੀਨੀਅਰ ਸੁਖਵਿੰਦਰ ਸਿੰਘ, ਅਸਿਸਟੈਂਟ ਇੰਜੀ. ਤਰਨਪ੍ਰੀਤ ਸਿੰਘ ਤੇ ਸੌਰਵ ਸੰਧੂ ਅਤੇ ਜੇ. ਈ. ਅਵਤਾਰ ਸਿੰਘ ਅਤੇ ਧੀਰਜ ਸਹੋਤਾ ਨੂੰ ਲਿਆ ਹੈ। ਇਸ ਸੈੱਲ ਨੂੰ ਸ਼ਹਿਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਰੋਜ਼ਾਨਾ ਰਿਪੋਰਟ ਮਿਲਿਆ ਕਰੇਗੀ। ਟੈਸਟਿੰਗ ਮਸ਼ੀਨਰੀ ਅਤੇ ਕੁਆਲੀਫਾਈਡ ਸਟਾਫ਼ ਨਾਲ ਲੈਸ ਇਕ ਮਾਡਰਨ ਲੈਬਾਰਟਰੀ ਵੀ ਨਿਗਮ ਵਿਚ ਸਥਾਪਤ ਹੋਵੇਗੀ, ਜਿਸ ਦਾ ਇੰਚਾਰਜ ਕਾਰਪੋਰੇਸ਼ਨ ਇੰਜੀ. ਸੁਖਵਿੰਦਰ ਸਿੰਘ ਨੂੰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਸੈੱਲ ਵੱਲੋਂ ਐੱਨ. ਆਈ. ਟੀ., ਐੱਲ. ਪੀ. ਯੂ. ਅਤੇ ਡੇਵੀਏਟ ਵਰਗੀਆਂ ਇੰਜੀਨੀਅਰਿੰਗ ਸੰਸਥਾਵਾਂ ਦੀਆਂ ਸੇਵਾਵਾਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਇਥੇ ਹੋਣ ਵਾਲੇ ਟੈਸਟ ਸਾਈਟ ਇੰਸਪੈਕਸ਼ਨ ਰਜਿਸਟਰ ਵਿਚ ਦਰਜ ਹੋਇਆ ਕਰਨਗੇ ਅਤੇ ਇਸ ਨੂੰ ਜ਼ਰੂਰੀ ਕਰਾਰ ਕਰ ਦਿੱਤਾ ਗਿਆ ਹੈ। ਬਾਕੀ ਸਟਾਫ਼ ਨੂੰ ਟੈਸਟ ਆਦਿ ਲਈ ਸਮਰੱਥ ਬਣਾਉਣ ਵਾਸਤੇ ਕਪੈਸਿਟੀ ਬਿਲਡਿੰਗ ਵਰਕਸ਼ਾਪ ਦਾ ਆਯੋਜਨ ਹੋਵੇਗਾ, ਜਿਸ ਦਾ ਕੋਆਰਡੀਨੇਟਰ ਸੌਰਵ ਸੰਧੂ ਨੂੰ ਬਣਾਇਆ ਗਿਆ ਹੈ। ਉਹ ਹਰ ਹਫ਼ਤੇ ਘੱਟ ਤੋਂ ਘੱਟ ਇਕ ਵਰਕਸ਼ਾਪ ਆਯੋਜਿਤ ਕਰਿਆ ਕਰਨਗੇ।
ਨਿਗਮ ਵਿਚ ਰਿਸੋਰਸ ਸੈਂਟਰ-ਕਮ-ਲਾਇਬਰੇਰੀ ਦਾ ਵੀ ਨਿਰਮਾਣ ਹੋਵੇਗਾ, ਜਿੱਥੇ ਆਈ. ਆਰ. ਸੀ. ਕੋਡ, ਪੀ. ਡਬਲਯੂ. ਡੀ. ਸਪੈਸੀਫਿਕੇਸ਼ਨ ਅਤੇ ਹੋਰ ਨਿਯਮਾਂ ਨਾਲ ਸਬੰਧਤ ਕਿਤਾਬਾਂ, ਰਸਾਲੇ ਆਦਿ ਰੱਖੇ ਜਾਣਗੇ। ਲਾਇਬਰੇਰੀ ਦਾ ਕੋਆਰਡੀਨੇਟਰ ਕਾਰਪੋਰੇਸ਼ਨ ਇੰਜੀ. ਜਸਪਾਲ ਲੱਖਾ ਨੂੰ ਬਣਾਇਆ ਗਿਆ ਹੈ, ਜਿਨ੍ਹਾਂ ਦੀ ਮਦਦ ਰੋਹਿਤ ਸ਼ਰਮਾ ਰਿਕਾਰਡਕੀਪਰ ਦੇ ਤੌਰ ’ਤੇ ਕਰਨਗੇ। ਹੁਣ ਹਰ ਵਿਕਾਸ ਕਾਰਜ ਨਾਲ ਸਬੰਧਤ ਫਾਈਲ ਕਾਰਪੋਰੇਸ਼ਨ ਇੰਜੀਨੀਅਰ ਵੱਲੋਂ ‘ਵੈੱਟ’ ਹੋਵੇਗੀ ਅਤੇ ਉਸ ਵਿਚ ਜੀ. ਪੀ. ਐੱਸ. ਲੋਕੇਸ਼ਨ, ਫੋਟੋਗ੍ਰਾਫ ਆਦਿ ਜ਼ਰੂਰੀ ਹੋਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਘੁੰਮ ਰਹੇ ਏਜੰਟਾਂ ਦੇ ਦਲਾਲ, ਦੁਬਈ ’ਚ ਕੰਮ ਦਿਵਾਉਣ ਬਹਾਨੇ ਗ਼ਰੀਬ ਕੁੜੀਆਂ ਦੀ ਹੋ ਰਹੀ ਦਲਾਲੀ
ਅੱਡਾ ਹੁਸ਼ਿਆਰਪੁਰ ਤੋਂ ਪੰਜਪੀਰ ਨੂੰ ਜਾਂਦੀ ਨਵੀਂ ਸੜਕ ਵੀ ਬੈਠਣ ਲੱਗੀ
ਇਸੇ ਸਾਲ ਪੰਜਾਬ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਕਾਂਗਰਸੀ ਆਗੂਆਂ ਨੇ ਅੱਡਾ ਹੁਸ਼ਿਆਰਪੁਰ ਤੋਂ ਲੈ ਕੇ ਪੰਜਪੀਰ ਚੌਕ ਤੱਕ ਦੀ ਸੜਕ ਨੂੰ ਸੀਮੈਂਟ ਨਾਲ ਬਣਵਾਇਆ ਸੀ, ਜਿਸ ’ਤੇ ਲਗਭਗ ਇਕ ਕਰੋੜ ਰੁਪਏ ਦਾ ਖਰਚ ਆਇਆ ਹੋਵੇਗਾ ਪਰ ਹੁਣ ਇਹ ਸੜਕ ਕੁਝ ਥਾਵਾਂ ਤੋਂ ਬੈਠਣੀ ਵੀ ਸ਼ੁਰੂ ਹੋ ਗਈ ਹੈ। ਖਿੰਗਰਾਂ ਗੇਟ ਤੋਂ ਪੰਜਪੀਰ ਚੌਕ ਨੂੰ ਜਾਂਦੀ ਸੜਕ ’ਤੇ 5ਵਾਂ-6ਵਾਂ ਬਲਾਕ ਪੂਰੀ ਤਰ੍ਹਾਂ ਬੈਠ ਚੁੱਕਾ ਹੈ, ਜਿਸ ਕਾਰਨ ਹਾਦਸੇ ਹੋਣ ਲੱਗੇ ਹਨ। ਇੰਨੀ ਮਹਿੰਗੀ ਬਣੀ ਸੜਕ ਦਾ ਇਕ ਸਾਲ ਬਾਅਦ ਇਹ ਹਾਲ ਹੋਣਾ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਵਿਚ ਕਈ ਅਜਿਹੀਆਂ ਸੜਕਾਂ ਹਨ, ਜਿਹੜੀਆਂ ਬਣਨ ਦੇ ਤੁਰੰਤ ਬਾਅਦ ਹੀ ਟੁੱਟਣ ਲੱਗ ਗਈਆਂ ਸਨ ਪਰ ਤਮਾਮ ਸ਼ਿਕਾਇਤਾਂ ਅਤੇ ਛਪੀਆਂ ਖਬਰਾਂ ਦੇ ਬਾਵਜੂਦ ਕਮਿਸ਼ਨਰ ਲੈਵਲ ਤੱਕ ਦੇ ਅਧਿਕਾਰੀਆਂ ਨੇ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਸੀ। ਕਾਂਗਰਸੀ ਸਰਕਾਰ ਦੇ ਸਮੇਂ ਨਿਗਮ ਅਧਿਕਾਰੀਆਂ ਅਤੇ ਠੇਕੇਦਾਰਾਂ ਵਿਚਕਾਰ ਨੈਕਸਸ ਵਿਚ ਕਿਉਂਕਿ ਸਿਆਸਤਦਾਨ ਵੀ ਸ਼ਾਮਲ ਹੋ ਗਏ ਸਨ, ਇਸ ਲਈ ਉਦੋਂ ਕੁਆਲਿਟੀ ਕੰਟਰੋਲ ਵਰਗੀ ਕੋਈ ਚੀਜ਼ ਨਹੀਂ ਸੀ ਅਤੇ ਠੇਕੇਦਾਰਾਂ ਨੂੰ ਘਟੀਆ ਕੰਮ ਕਰਨ ਦੀ ਖੁੱਲ੍ਹੀ ਛੂਟ ਮਿਲੀ ਹੋਈ ਸੀ।
ਕਿਸੇ ਠੇਕੇਦਾਰ ਨੂੰ ਬਣਾਉਣਾ ਨਹੀਂ ਆਉਂਦਾ ਸੀਵਰੇਜ ਦਾ ਚੈਂਬਰ ਅਤੇ ਢੱਕਣ
ਜਲੰਧਰ ਸ਼ਹਿਰ ਦੀ ਗੱਲ ਕਰੀਏ ਤਾਂ ਇਥੇ ਮੇਨ ਸੜਕਾਂ ਦੀ ਲੰਬਾਈ ਲਗਭਗ 100 ਕਿਲੋਮੀਟਰ ਦੇ ਨੇੜੇ-ਤੇੜੇ ਹੈ। ਇਨ੍ਹਾਂ ਸੜਕਾਂ ’ਤੇ ਹਜ਼ਾਰਾਂ ਦੀ ਗਿਣਤੀ ਵਿਚ ਸੀਵਰੇਜ ਦੇ ਚੈਂਬਰ ਅਤੇ ਢੱਕਣ ਬਣੇ ਹੋਏ ਹਨ ਪਰ ਸ਼ਾਇਦ ਹੀ ਕੋਈ ਸੀਵਰੇਜ ਚੈਂਬਰ ਜਾਂ ਢੱਕਣ ਅਜਿਹਾ ਹੋਵੇਗਾ, ਜਿਹੜਾ ਉੱਚਾ-ਨੀਵਾਂ ਨਹੀਂ ਹੋਵੇਗਾ। ਸ਼ਹਿਰ ਦੀਆਂ ਨਵੀਆਂ ਸੜਕਾਂ ’ਤੇ ਵੀ ਅਜਿਹੇ ਹੀ ਸੀਵਰੇਜ ਚੈਂਬਰ ਜਾਂ ਤਾਂ ਟੁੱਟੇ ਹੋਏ ਹਨ ਜਾਂ ਸੜਕ ਤੋਂ ਕਾਫੀ ਨੀਵੇਂ ਹਨ। ਸੜਕ ਬਣਾਉਣ ਵਾਲੇ ਕਿਸੇ ਠੇਕੇਦਾਰ ਨੇ ਅੱਜ ਤੱਕ ਚੈਂਬਰ ਦੀ ਕੁਆਲਿਟੀ ਵੱਲ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਨਿਗਮ ਦੇ ਕਿਸੇ ਅਫਸਰ ਨੇ ਠੇਕੇਦਾਰਾਂ ਨੂੰ ਇਸ ਬਾਬਤ ਟੋਕਿਆ, ਜਿਸ ਕਾਰਨ ਸ਼ਹਿਰ ਵਿਚ ਹਰ ਰੋਜ਼ ਸੀਵਰੇਜ ਦੇ ਢੱਕਣਾਂ ਕਾਰਨ ਹਾਦਸੇ ਹੁੰਦੇ ਹਨ ਅਤੇ ਵਾਹਨ ਚਾਲਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ : ਜਲੰਧਰ: ਸਰਦੀ ਦੇ ਮੌਸਮ ’ਚ ਨਾਜਾਇਜ਼ ਸ਼ਰਾਬ ਦਾ ਬਾਜ਼ਾਰ ‘ਗਰਮ’, ਸਸਤੀ ਮਿਲ ਰਹੀ ਬੋਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਵਿਧਵਾ ਔਰਤ ਨੇ ਲਾਏ ਪਿੰਡ ਦੇ ਹੀ ਵਿਅਕਤੀ ’ਤੇ ਲਾਏ ਕੁੱਟਮਾਰ ਦੇ ਦੋਸ਼, ਸੋਸ਼ਲ ਮੀਡੀਆ ’ਤੇ ਵੀਡਿਓ ਵਾਇਰਲ
NEXT STORY