ਜਲੰਧਰ/ਪਠਾਨਕੋਟ (ਰਵਿੰਦਰ ਸ਼ਰਮਾ, ਸ਼ਾਰਦਾ)— ਜੰਮੂ-ਕਸ਼ਮੀਰ ਵਿਚ ਪਿਛਲੇ 4 ਦਿਨਾਂ ਤੋਂ ਲਗਾਤਾਰ ਅੱਤਵਾਦੀ ਹਮਲਿਆਂ ਨੇ ਭਾਰਤ ਦੀ ਬਾਹਰੀ ਸੁਰੱਖਿਆ ਦੇ ਨਾਲ-ਨਾਲ ਅੰਦਰੂਨੀ ਸੁਰੱਖਿਆ 'ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਗੱਲ ਜੇਕਰ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਬਾਰਡਰ ਦੀ ਕਰੀਏ ਤਾਂ ਜਲੰਧਰ ਤੋਂ ਲੈ ਕੇ ਮਾਧੋਪੁਰ ਦੀ ਦੂਰੀ 131 ਕਿਲੋਮੀਟਰ ਬਣਦੀ ਹੈ। ਇਸ 131 ਕਿਲੋਮੀਟਰ ਦੀ ਦੂਰੀ ਦਰਮਿਆਨ ਪੁਲਸ ਸੁਰੱਖਿਆ ਦੀ ਗੱਲ ਕਰੀਏ ਤਾਂ ਰਸਤੇ 'ਚ ਤਕਰੀਬਨ 15 ਚੈੱਕ ਪੋਸਟਾਂ ਹਨ ਪਰ ਚੈਕਿੰਗ ਜ਼ੀਰੋ ਹੈ। ਕਦੇ-ਕਦੇ ਤਾਂ ਸਿਰਫ ਕੋਈ ਇਨਪੁਟ ਮਿਲਣ ਤੋਂ ਬਾਅਦ ਹੀ ਚੈਕਿੰਗ ਸ਼ੁਰੂ ਕਰ ਦਿੱਤੀ ਜਾਂਦੀ ਹੈ।
ਪੰਜਾਬ ਪੁਲਸ ਦੀ ਗੱਲ ਕਰੀਏ ਤਾਂ ਜਲੰਧਰ ਤੋਂ ਬਾਅਦ ਕਾਲਾ ਬੱਕਰਾ, ਭੋਗਪੁਰ, ਟਾਂਡਾ, ਦਸੂਹਾ, ਮੁਕੇਰੀਆਂ, ਡਮਟਾਲ, ਪਠਾਨਕੋਟ ਦੀ ਐਂਟਰੀ ਅਤੇ ਪਠਾਨਕੋਟ ਦੇ ਬਾਹਰੀ ਇਲਾਕਿਆਂ ਦੇ ਨਾਲ-ਨਾਲ ਮਾਧੋਪੁਰ ਤੋਂ ਪਹਿਲਾਂ ਤਕਰੀਬਨ 15 ਚੈੱਕ ਪੋਸਟਾਂ ਹਨ। ਹਰੇਕ ਚੈੱਕ ਪੋਸਟ 'ਤੇ 4 ਤੋਂ 6 ਮੁਲਾਜ਼ਮਾਂ ਦੀ ਤਾਇਨਾਤੀ ਦੇ ਨਾਲ-ਨਾਲ ਹਾਈਵੇਅ ਪੈਟਰੋਲਿੰਗ ਅਤੇ ਸਬੰਧਤ ਥਾਣਾ ਇੰਚਾਰਜਾਂ ਦੀ ਵੀ ਨਾਕਾਬੰਦੀ ਦੌਰਾਨ ਡਿਊਟੀ ਲੱਗਦੀ ਹੈ।
ਕੁਲ ਮਿਲਾ ਕੇ ਇਸ 131 ਕਿਲੋਮੀਟਰ ਦੇ ਏਰੀਏ ਵਿਚ ਪੁਲਸ ਚੈੱਕ ਪੋਸਟ ਦੇ ਨਾਂ 'ਤੇ ਹੀ ਹਰ ਮਹੀਨੇ ਲੱਖਾਂ ਰੁਪਏ ਖਰਚ ਕਰ ਰਹੀ ਹੈ ਪਰ ਚੈਕਿੰਗ ਦੀ ਗੱਲ ਕਰੀਏ ਤਾਂ ਪੰਜਾਬ ਪੁਲਸ ਵੱਲੋਂ ਸਿਰਫ ਖਾਨਾਪੂਰਤੀ ਹੀ ਕੀਤੀ ਜਾਂਦੀ ਹੈ। ਜੇਕਰ ਥੋੜ੍ਹੀ ਸਖਤ ਚੈਕਿੰਗ ਦੀ ਗੱਲ ਕਰੀਏ ਤਾਂ ਉਹ ਸਿਰਫ ਮਾਧੋਪੁਰ ਕੋਲ ਹੀ ਦਿਖਾਈ ਦਿੰਦੀ ਹੈ।
ਨਾਕੇ ਤਾਂ ਸਨ ਪਰ ਚੁਸਤੀ ਨਹੀਂ
ਜੰਮੂ ਆਰਮੀ ਕੈਂਪ 'ਤੇ ਅੱਤਵਾਦੀਆਂ ਵੱਲੋਂ ਹਮਲਾ ਹੋਏ 3 ਦਿਨ ਹੀ ਹੋਏ ਹਨ ਅਤੇ ਰਾਤ ਸ਼੍ਰੀਨਗਰ 'ਚ ਵੀ ਅੱਤਵਾਦੀਆਂ ਨੇ ਕੇਂਦਰੀ ਰਿਜ਼ਰਵ ਪੁਲਸ ਦੇ ਕੈਂਪ 'ਤੇ ਹਮਲਾ ਕੀਤਾ ਪਰ ਉਸ ਦੇ ਬਾਵਜੂਦ ਜੰਮੂ 'ਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਤੀਜੇ ਦਿਨ ਜੰਮੂ-ਕਸ਼ਮੀਰ ਤੋਂ ਪੰਜਾਬ ਆਉਣ ਵਾਲੇ ਮਾਧੋਪੁਰ ਸਮੇਤ ਹੋਰ 6 ਰਸਤਿਆਂ 'ਤੇ ਪੁਲਸ ਕਰਮਚਾਰੀਆਂ 'ਚ ਉਹ ਚੁਸਤੀ ਦਿਖਾਈ ਨਹੀਂ ਦਿੱਤੀ ਜੋ ਜੰਮੂ 'ਚ 10 ਫਰਵਰੀ ਨੂੰ ਹੋਏ ਅੱਤਵਾਦੀ ਹਮਲੇ ਵਾਲੇ ਦਿਨ ਦਿਖਾਈ ਦਿੱਤੀ ਸੀ। ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਪੁਲਸ ਕਰਮਚਾਰੀ ਘਟਨਾ ਦੇ 1-2 ਦਿਨ ਬਾਅਦ ਹੀ ਆਮ ਦਿਨਾਂ ਦੀ ਤਰ੍ਹਾਂ ਚੈਕਿੰਗ ਸੁਰੂ ਕਰ ਦਿੰਦੇ ਹਨ ਇਹ ਕਿਸੇ ਦਿਨ ਬਹੁਤ ਭਾਰੀ ਪੈ ਸਕਦਾ ਹੈ।
ਅੰਮ੍ਰਿਤਸਰ-ਬਟਾਲਾ ਰੂਟ 'ਤੇ ਲੱਗਦੇ ਹਨ ਅਸਥਾਈ ਨਾਕੇ
ਪਠਾਨਕੋਟ ਏਅਰਬੇਸ ਹਮਲੇ ਦੇ ਬਾਅਦ ਅੰਮ੍ਰਿਤਸਰ-ਪਠਾਨਕੋਟ ਰੂਟ ਨੂੰ ਅਤਿ-ਸੰਵੇਦਨਸ਼ੀਲ ਐਲਾਨ ਤਾਂ ਜ਼ਰੂਰ ਕੀਤਾ ਗਿਆ ਸੀ ਪਰ ਇਸ ਰੂਟ 'ਤੇ ਅੰਮ੍ਰਿਤਸਰ-ਬਟਾਲਾ ਦੇ ਰਸਤੇ 'ਚ ਕੋਈ ਵੀ ਸਥਾਈ ਪੋਸਟ ਨਹੀਂ ਬਣਾਈ ਗਈ। ਸਿਰਫ ਪਿੰਡ ਕੱਥੂਨੰਗਲ 'ਚ ਇਕ ਟੋਲ-ਪਲਾਜ਼ਾ 'ਤੇ ਹੀ ਹਰ ਗੱਡੀ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੁੰਦੀ ਹੈ। ਇਸ ਸਬੰਧ 'ਚ ਐੱਸ. ਐੱਸ. ਪੀ. ਦੇਹਾਤੀ ਪਰਮਪਾਲ ਸਿੰਘ ਦਾ ਕਹਿਣਾ ਹੈ ਕਿ ਦੇਹਾਤੀ ਖੇਤਰ 'ਚ ਪੁਲਸ ਦੀ ਪੱਕੀ ਪੋਸਟ ਬਿਆਸ ਪੁੱਲ 'ਤੇ ਹੈ ਜਦਕਿ ਹੋਰ ਸਥਾਨਾਂ 'ਤੇ ਅਸਥਾਈ ਨਾਕੇ ਲਗਾਏ ਜਾਂਦੇ ਹਨ।
ਕੀ ਕਹਿੰਦੇ ਹਨ ਡੀ. ਜੀ. ਪੀ ਸੁਰੇਸ਼ ਅਰੋੜਾ
ਡੀ. ਜੀ. ਪੀ. ਸੁਰੇਸ਼ ਅਰੋੜਾ ਦਾ ਕਹਿਣਾ ਹੈ ਕਿ ਸਾਰੇ ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਹਾਈਵੇਅ ਦੇ ਨਾਲ-ਨਾਲ ਲਿੰਕ ਰੋਡਜ਼ 'ਤੇ ਸਖਤ ਨਾਕਾਬੰਦੀ ਕਰਨ ਅਤੇ ਗੰਭੀਰਤਾ ਨਾਲ ਸ਼ੱਕੀ ਵਾਹਨਾਂ ਦੀ ਤਲਾਸ਼ੀ ਲੈਣ ਦੇ ਸਖਤ ਨਿਰਦੇਸ਼ ਦਿੱਤੇ ਗਏ ਹਨ। ਇਸ ਦਾ ਰੋਜ਼ਾਨਾ ਫੀਡਬੈਕ ਵੀ ਲਿਆ ਜਾਂਦਾ ਹੈ। ਜੇਕਰ ਜਲੰਧਰ ਤੋਂ ਮਾਧੋਪੁਰ ਇਲਾਕੇ ਵਿਚ ਪੁਲਸ ਚੈੱਕ ਪੋਸਟ 'ਤੇ ਚੈਕਿੰਗ ਦੇ ਨਾਂ 'ਤੇ ਸਿਰਫ ਖਾਨਾਪੂਰਤੀ ਹੀ ਕੀਤੀ ਜਾ ਰਹੀ ਹੈ ਤਾਂ ਇਸ ਦਾ ਸਖਤ ਨੋਟਿਸ ਲਿਆ ਜਾਵੇਗਾ ਅਤੇ ਡਿਊਟੀ ਵਿਚ ਕੁਤਾਹੀ ਵਰਤਣ ਵਾਲਿਆਂ 'ਤੇ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾਈਵੇਅ ਅਤੇ ਚੈੱਕ ਪੋਸਟਾਂ 'ਤੇ ਗੰਭੀਰਤਾ ਨਾਲ ਡਿਊਟੀ ਨਿਭਾਈ ਜਾ ਰਹੀ ਹੈ ਜਾਂ ਨਹੀਂ, ਇਸ ਨੂੰ ਲੈ ਕੇ ਸਬੰਧਤ ਜ਼ਿਲਿਆਂ ਦੇ ਐੱਸ. ਐੱਸ. ਪੀਜ਼ ਕੋਲੋਂ ਵੀ ਰਿਪੋਰਟ ਲਈ ਜਾਵੇਗੀ।
ਖੇਤਾਂ 'ਚ ਦਰੱਖਤ ਲਗਾਉਣ ਲਈ ਕਿਸਾਨਾਂ ਨੂੰ ਮਿਲੇਗਾ ਅੱਧਾ ਖਰਚਾ
NEXT STORY