ਜਲੰਧਰ (ਬਹਿਲ, ਸੋਮਨਾਥ)—ਜੰਮੂ-ਕਸ਼ਮੀਰ ਵਿਚ ਨਵੇਂ ਬਣੇ ਹਾਲਾਤ ਦੇ ਮੱਦੇਨਜ਼ਰ ਕਈ ਤਰ੍ਹਾਂ ਦੇ ਅਨੁਮਾਨ ਲੱਗ ਰਹੇ ਹਨ। ਪਹਿਲਾ ਫੌਜ ਦੀ ਪ੍ਰੈੱਸ ਕਾਨਫਰੰਸ ਵਿਚ ਅਮਰਨਾਥ ਯਾਤਰਾ 'ਤੇ ਖਤਰੇ ਦਾ ਖਦਸ਼ਾ ਅਤੇ ਅੱਤਵਾਦੀਆਂ ਦੀ ਸਾਜ਼ਿਸ਼ ਦਾ ਖੁਲਾਸਾ ਕੀਤਾ ਗਿਆ ਹੈ। ਉਸ ਤੋਂ ਬਾਅਦ ਸੂਬੇ ਦੇ ਗ੍ਰਹਿ ਵਿਭਾਗ ਨੇ ਐਡਵਾਈਜ਼ਰੀ ਜਾਰੀ ਕਰ ਕੇ ਕਿਹਾ ਕਿ ਜੰਮੂ-ਕਸ਼ਮੀਰ ਦੇ ਸਾਰੇ ਸੈਲਾਨੀ ਅਤੇ ਅਮਰਨਾਥ ਯਾਤਰੀ ਜਲਦੀ ਤੋਂ ਜਲਦੀ ਪਰਤ ਆਉਣ। ਜੰਮੂ-ਕਸ਼ਮੀਰ ਵਿਚ ਐਡਵਾਈਜ਼ਰੀ ਜਾਰੀ ਹੋਣ ਮਗਰੋਂ ਪੰਜਾਬ ਸਰਕਾਰ ਨੇ ਸੂਬੇ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਥਲ ਸੈਨਾ ਅਤੇ ਹਵਾਈ ਫੌਜ ਦੇ ਇਲਾਵਾ ਵੱਡੇ ਪੱੱਧਰ 'ਤੇ ਜੰਮੂ-ਕਸ਼ਮੀਰ ਵਿਚ ਨੀਮ ਫੌਜੀ ਬਲਾਂ ਦੀ ਤਾਇਨਾਤੀ ਤੋਂ ਅਜਿਹੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਕੇਂਦਰ ਸਰਕਾਰ ਜੰਮੂ-ਕਸ਼ਮੀਰ ਵਿਚ ਕੋਈ ਵੱਡੀ ਕਾਰਵਾਈ ਕਰ ਸਕਦੀ ਹੈ। ਸੂਤਰਾਂ ਅਨੁਸਾਰ ਅਗਲੇ ਹਫਤੇ ਕੇਂਦਰ ਸਰਕਾਰ ਜੰਮੂ-ਕਸ਼ਮੀਰ ਵਿਚ ਤਿੰਨ ਵੱਡੇ ਐਕਸ਼ਨ ਕਰ ਸਕਦੀ ਹੈ। ਪਹਿਲਾ ਧਾਰਾ 35-ਏ ਅਤੇ ਦੂਸਰਾ ਧਾਰਾ 370 ਖਤਮ ਅਤੇ ਇਸਦੇ ਨਾਲ ਜੰਮੂ-ਕਸ਼ਮੀਰ ਦਾ 3 ਸੂਬਿਆਂ ਵਿਚ ਬਟਵਾਰਾ ਹੋਣ ਦੀ ਵੀ ਸੰਭਾਵਨਾ ਹੈ।
ਮੋਦੀ ਹਮੇਸ਼ਾ ਕੁਝ ਅਲੱਗ ਕਰਦੇ ਹਨ
ਜਦੋਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਸੱਤਾ ਸੰਭਾਲੀ ਹੈ, ਉਹ ਹਮੇਸ਼ਾ ਤੋਂ ਕੁਝ ਨਾ ਕੁਝ ਅਲੱਗ ਕਰਦੇ ਨਜ਼ਰ ਆਏ ਹਨ। ਭਾਜਪਾ ਵਾਲੀ ਪਿਛਲੀ ਸਰਕਾਰ ਦੌਰਾਨ ਪ੍ਰਧਾਨ ਮੰਤਰੀ ਅਹੁਦੇ 'ਤੇ ਰਹਿੰਦਿਆਂ ਕਈ ਵੱਡੇ ਫੈਸਲੇ ਲਏ ਗਏ, ਜਿਨ੍ਹਾਂ ਵਿਚ ਨੋਟਬੰਦੀ ਤੋਂ ਲੈ ਕੇ ਪਾਕਿਸਤਾਨ ਵਿਰੁੱਧ ਸਰਜੀਕਲ ਸਟ੍ਰਾਈਕ, ਉਸ ਤੋਂ ਬਾਅਦ ਪੁਲਵਾਮਾ ਹਮਲੇ ਦੇ ਵਿਰੋਧ ਵਿਚ ਪਾਕਿਸਤਾਨ ਵਿਰੁੱਧ ਫੌਜੀ ਕਾਰਵਾਈ ਕਰ ਕੇ ਪਾਕਿਸਤਾਨ ਨੂੰ ਮੂੰਹ-ਤੋੜ ਜਵਾਬ ਦਿੱਤਾ। ਹੁਣ ਸ਼ੁੱਕਰਵਾਰ ਨੂੰ ਅਚਾਨਕ ਐਡਵਾਈਜ਼ਰੀ ਜਾਰੀ ਕਰਦੇ ਹੋਏ ਅਮਰਨਾਥ ਯਾਤਰਾ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ ਅਤੇ ਅਮਰਨਾਥ ਯਾਤਰੀਆਂ ਸਮੇਤ ਜੰਮੂ-ਕਸ਼ਮੀਰ ਘੁੰਮਣ ਗਏ ਸੈਲਾਨੀਆਂ ਨੂੰ ਆਪਣੇ ਘਰਾਂ ਨੂੰ ਪਰਤ ਆਉਣ ਲਈ ਕਿਹਾ ਗਿਆ ਹੈ। ਜਿਸ ਤਰ੍ਹਾਂ ਅਚਾਨਕ ਘਾਟੀ ਵਿਚ ਸੁਰੱਖਿਆ ਬਲਾਂ ਦੀ ਪਹਿਲਾਂ 10 ਹਜ਼ਾਰ ਅਤੇ ਹੁਣ 28 ਹਜ਼ਾਰ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਸਰਹੱਦ 'ਤੇ ਮਲਟੀਪਲ ਜਹਾਜ਼ਾਂ ਦੀ ਤਾਇਨਾਤੀ ਕੀਤੀ ਗਈ ਹੈ, ਉਸ ਤੋਂ ਲੱਗਣ ਲੱਗਾ ਹੈ ਕਿ ਪ੍ਰਧਾਨ ਮੰਤਰੀ ਜੰਮੂ-ਕਸ਼ਮੀਰ ਵਿਚ ਕੁਝ ਵੱਖਰਾ ਕਰ ਸਕਦੇ ਹਨ।
ਬਟਵਾਰੇ ਦਾ ਇਕ ਕਾਰਣ ਇਹ
ਅਮਿਤ ਸ਼ਾਹ ਦੇ ਗ੍ਰਹਿ ਮੰਤਰੀ ਦਾ ਅਹੁਦਾ ਸੰਭਾਲਣ ਮਗਰੋਂ ਜੰਮੂ-ਕਸ਼ਮੀਰ ਦੇ ਮੁੜ ਤੋਂ ਬਟਵਾਰੇ ਭਾਵ ਇਸਦੇ ਚੋਣ ਹਲਕਿਆਂ ਵਿਚ ਤਬਦੀਲੀ ਲਈ ਪਰਿਸੀਮਨ ਕਮਿਸ਼ਨ ਦੇ ਗਠਨ ਦੀ ਚਰਚਾ ਚੱਲ ਰਹੀ ਹੈ। ਅਮਿਤ ਸ਼ਾਹ ਦੀ ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨਾਲ ਮੁਲਾਕਾਤ ਤੋਂ ਬਾਅਦ ਇਸ ਚਰਚਾ ਨੂੰ ਬਲ ਮਿਲਿਆ ਸੀ। ਭਾਜਪਾ ਨੇ ਪਰਿਸੀਮਨ ਦੇ ਮੁੱਦੇ ਨੂੰ ਉਠਾ ਕੇ ਇਹ ਪ੍ਰਗਟਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੰਮੂ-ਕਸ਼ਮੀਰ ਦੇ ਇਸ ਗੁੰਝਲਦਾਰ ਮਸਲੇ ਨੂੰ ਉਹ ਆਸਾਨੀ ਨਾਲ ਛੱਡਣ ਵਾਲੀ ਨਹੀਂ।
ਜੰਮੂ-ਕਸ਼ਮੀਰ ਵਿਚ ਆਖਰੀ ਵਾਰ 1995 ਵਿਚ ਪਰਿਸੀਮਨ ਹੋਇਆ ਸੀ। ਉਸਦੇ ਬਾਅਦ ਉਥੋਂ ਦੀਆਂ ਹਾਲਤਾਂ ਬਦਲੀਆਂ ਹਨ ਪਰ ਚੋਣ ਹਲਕਿਆਂ ਦਾ ਨਵੇਂ ਸਿਰੇ ਤੋਂ ਨਿਰਧਾਰਨ ਨਹੀਂ ਹੋਇਆ। ਮੌਜੂਦਾ ਚੋਣ ਹਲਕਿਆਂ ਦੀ ਸਥਿਤੀ ਕਾਰਣ ਸੂਬੇ ਦੀਆਂ ਤਿੰਨ ਡਵੀਜ਼ਨਾਂ (ਕਸ਼ਮੀਰ, ਜੰਮੂ, ਲੱਦਾਖ) ਵਿਚ ਕਸ਼ਮੀਰ ਨੂੰ ਸਿਆਸੀ ਗਲਬਾ ਹਾਸਲ ਹੈ। ਸੱਤਾ ਵਿਚ ਭਾਈਵਾਲੀ ਤੋਂ ਲੈ ਕੇ ਸਰੋਤਾਂ ਦੇ ਅਧਿਕਾਰ ਅਤੇ ਆਰਥਿਕ ਸਹਾਇਤਾ ਪ੍ਰਾਪਤ ਕਰਨ ਵਿਚ ਕਸ਼ਮੀਰ (ਘਾਟੀ) ਬਾਜ਼ੀ ਮਾਰ ਜਾਂਦਾ ਹੈ। ਇਸਦੇ ਮੁਕਾਬਲੇ ਵੱਡੇ ਖੇਤਰਫਲ ਅਤੇ ਵੱਧ ਆਬਾਦੀ ਵਾਲੇ ਜੰਮੂ ਅਤੇ ਲੱਦਾਖ ਲਗਾਤਾਰ ਪੱਛੜਦੇ ਜਾ ਰਹੇ ਹਨ। ਜਾਣਕਾਰ ਮੰਨਦੇ ਹਨ ਕਿ ਜੰਮੂ-ਕਸ਼ਮੀਰ ਦੇ ਤਿੰਨਾਂ ਇਲਾਕਿਆਂ ਵਿਚ ਸਮਾਨਤਾ ਤਾਂ ਹੀ ਸੰਭਵ ਹੈ ਜਦੋਂ ਨਵੇਂ ਸਿਰਿਓਂ ਚੋਣ ਹਲਕਿਆਂ ਦਾ ਨਿਰਧਾਰਨ ਹੋਵੇ। ਜੰਮੂ-ਕਸ਼ਮੀਰ ਦੀਆਂ 87 ਵਿਧਾਨ ਸਭਾ ਸੀਟਾਂ ਵਿਚ ਕਸ਼ਮੀਰ ਦੇ ਅਧੀਨ 46 ਸੀਟਾਂ ਆਉਂਦੀਆਂ ਹਨ। ਜੰਮੂ ਦੇ ਘੇਰੇ ਵਿਚ 37 ਸੀਟਾਂ ਅਤੇ ਲੱਦਾਖ ਦੇ ਅਧੀਨ 4 ਸੀਟਾਂ ਆਉਂਦੀਆਂ ਹਨ। ਕਸ਼ਮੀਰ ਵਿਚ ਜ਼ਿਆਦਾ ਵਿਧਾਨ ਸਭਾ ਸੀਟਾਂ ਕਾਰਣ ਵਿਧਾਨ ਸਭਾ ਵਿਚ ਇਨ੍ਹਾਂ ਦਾ ਗਲਬਾ ਹੁੰਦਾ ਹੈ। ਸੱਤਾ ਵਿਚ ਭਾਈਵਾਲੀ ਵੀ ਕਸ਼ਮੀਰ ਦੀ ਵੱਧ ਹੈ। ਸੂਬਾ ਸਰਕਾਰ ਨੀਤੀਆਂ ਬਣਾਉਣ ਸਮੇਂ ਕਸ਼ਮੀਰ 'ਤੇ ਜ਼ਿਆਦਾ ਫੋਕਸ ਰੱਖਦੀ ਹੈ। ਪਾਵਰ ਡਿਸਟ੍ਰੀਬਿਊਸ਼ਨ ਵਿਚ ਨਾਬਰਾਬਰੀ ਕਾਰਣ ਜੰਮੂ ਅਤੇ ਲੱਦਾਖ ਦੀ ਜਨਤਾ ਆਪਣੀ ਅਣਦੇਖੀ ਦੀ ਸ਼ਿਕਾਇਤ ਕਰਦੀ ਹੈ। ਪੈਂਥਰਜ਼ ਪਾਰਟੀ 2005 ਤੋਂ ਇਸ ਮਸਲੇ ਨੂੰ ਉਠਾ ਰਹੀ ਹੈ। ਇਸ ਨਾਬਰਾਬਰੀ ਨੂੰ ਖਤਮ ਕਰਨ ਲਈ ਜੰਮੂ ਵਿਚ 10 ਤੋਂ ਲੈ ਕੇ 15 ਵਿਧਾਨ ਸਭਾ ਸੀਟਾਂ ਵਧਾਉਣ ਦੀ ਮੰਗ ਉਠ ਰਹੀ ਹੈ।
ਇਹ ਹੋ ਸਕਦੇ ਹਨ ਤਿੰਨ ਨਵੇਂ ਰਾਜ
ਜਿਸ ਤਰ੍ਹਾਂ ਹਾਲਾਤ ਬਣ ਗਏ ਹਨ, ਉਸ ਤੋਂ ਸਿਆਸੀ ਹਲਕਿਆਂ ਵਿਚ ਇਹ ਚਰਚਾ ਛਿੜ ਗਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੇ ਦਿਨਾਂ ਵਿਚ ਜੰਮੂ-ਕਸ਼ਮੀਰ ਵਿਚ ਤਿੰਨ ਵੱਖਰੇ ਸੂਬਿਆਂ ਦਾ ਐਲਾਨ ਕਰ ਸਕਦੇ ਹਨ। ਇਨ੍ਹਾਂ ਵਿਚ ਜੰਮੂ ਨੂੰ ਸੂਬਾ, ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਲੱਦਾਖ ਨੂੰ ਵੀ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ ਜਾ ਸਕਦਾ ਹੈ। ਇਹ ਇਕ ਸੂਬੇ ਨੂੰ ਵੰਡਣ ਦਾ ਮਾਮਲਾ ਹੈ। ਇਸਦੀ ਜਾਣਕਾਰੀ ਪ੍ਰਧਾਨ ਮੰਤਰੀ ਸੰਸਦ ਵਿਚ ਦੇਣਗੇ। ਓਧਰ ਸੂਬਾ ਵਿਧਾਨ ਸਭਾ ਦੀਆਂ ਸੀਟਾਂ ਦੇ ਪਰਿਸੀਮਨ ਦਾ ਫੈਸਲਾ ਵੀ ਲਿਆ ਜਾ ਸਕਦਾ ਹੈ। ਵਧੇਰੇ ਚਰਚਾ ਸੂਬੇ ਦੇ ਬਟਵਾਰੇ ਅਤੇ ਧਾਰਾ 35-ਏ ਨੂੰ ਹਟਾਉਣ ਦੀ ਚੱਲ ਰਹੀ ਹੈ।
ਪਾਕਿਸਤਾਨ ਨਾਲ ਜੰਗ ਦੇ ਵੀ ਆਸਾਰ
ਘਾਟੀ ਵਿਚ ਪੈਦਾ ਹੋਈ ਤਾਜ਼ਾ ਸਥਿਤੀ ਤੋਂ ਇਹ ਖਦਸ਼ਾ ਪ੍ਰਗਟਾਇਆ ਜਾਣ ਲੱਗਾ ਹੈ ਕਿ ਪਾਕਿਸਤਾਨ ਭਾਰਤ ਵਿਰੁੱਧ ਵੱਡੀ ਸਾਜ਼ਿਸ਼ ਰਚ ਰਿਹਾ ਹੈ ਅਤੇ ਇਹ ਵੀ ਚਰਚਾ ਹੈ ਕਿ ਪਾਕਿਸਤਾਨ ਜੰਮੂ-ਕਸ਼ਮੀਰ 'ਤੇ ਹਮਲਾ ਕਰ ਸਕਦਾ ਹੈ। ਪੁਲਵਾਮਾ ਹਮਲੇ ਦੇ ਮਗਰੋਂ ਭਾਰਤ ਵਲੋਂ ਪਾਕਿਸਤਾਨ ਵਿਰੁੱਧ ਕੀਤੀ ਗਈ ਫੌਜੀ ਕਾਰਵਾਈ ਦੌਰਾਨ ਭਾਰਤੀ ਵਿੰਗ ਕਮਾਂਡਰ ਦੀ ਪਾਕਿਸਤਾਨ ਤੋਂ ਰਿਹਾਈ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਨੇ ਕੁਝ ਚੰਗਾ ਹੋਣ ਦੀ ਗੱਲ ਕਹੀ ਸੀ। ਉਦੋਂ ਇਹ ਖਦਸ਼ਾ ਪ੍ਰਗਟਾਇਆ ਜਾਣ ਲੱਗਾ ਸੀ ਕਿ ਜੰਮੂ-ਕਸ਼ਮੀਰ ਨੂੰ ਲੈ ਕੇ ਅਮਰੀਕਾ ਵਿਚੋਲਗੀ ਕਰ ਰਿਹਾ ਹੈ। ਪਿਛਲੇ ਦਿਨੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਦੇ ਬਾਅਦ ਅਮਰੀਕਾ ਵਲੋਂ ਕਸ਼ਮੀਰ ਮਸਲੇ ਨੂੰ ਲੈ ਕੇ ਵਿਚੋਲਗੀ ਦਾ ਰਾਗ ਅਲਾਪਣ ਨਾਲ ਵੀ ਇਹ ਖਦਸ਼ਾ ਹੈ ਕਿ ਜੰਮੂ-ਕਸ਼ਮੀਰ ਵਿਚ ਕੁਝ ਵੱਡਾ ਹੋਣ ਵਾਲਾ ਹੈ। ਟਰੰਪ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਜੰਮੂ-ਕਸ਼ਮੀਰ ਮਸਲੇ 'ਤੇ ਵਿਚੋਲਗੀ ਦੀ ਗੱਲ ਕਹੀ ਹੈ ਪਰ ਟਰੰਪ ਦੀ ਇਹ ਗੱਲ ਝੂਠ ਸਾਬਿਤ ਹੋਈ ਸੀ। ਇਹ ਵੀ ਖਦਸ਼ਾ ਪ੍ਰਗਟਾਇਆ ਜਾਣ ਲੱਗਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਟਰੰਪ ਨਾਲ ਮੁਲਾਕਾਤ ਕਿਤੇ ਜੰਮੂ-ਕਸ਼ਮੀਰ ਨੂੰ ਲੈ ਕੇ ਜੰਗ ਲਈ ਤਾਂ ਨਹੀਂ ਸੀ।
'ਕੰਮ ਨਹੀਂ-ਭੱਤਾ ਨਹੀਂ' : ਅਮਨ ਅਰੋੜਾ ਨੇ ਸ਼ਰਧਾਂਜਲੀ ਸੈਸ਼ਨ ਦੇ ਭੱਤੇ ਛੱਡਣ ਦਾ ਕੀਤਾ ਐਲਾਨ
NEXT STORY