ਅੰਮ੍ਰਿਤਸਰ (ਪ੍ਰਵੀਨ ਪੁਰੀ) - ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਜਿਨ੍ਹਾਂ ਨੇ ਸਿਰਸਾ ਵਾਲੇ ਬਾਬੇ ਰਾਮ ਰਹੀਮ ਨੂੰ ਮੁਆਫ ਕਰਨ ਦਾ ਖੁਲਾਸਾ ਕੀਤਾ ਸੀ, ਦੇ ਭਰਾ ਹਿੰਮਤ ਸਿੰਘ ਵੱਲੋਂ ਆਪਣੇ ਸਹਾਇਕ ਗ੍ਰੰਥੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਸ੍ਰੀ ਅਕਾਲ ਤਖਤ ਸਾਹਿਬ 'ਤੇ ਸਹਾਇਕ ਗ੍ਰੰਥੀ ਦੀ ਡਿਊਟੀ ਨਿਭਾਅ ਰਹੇ ਗਿਆਨੀ ਹਿੰਮਤ ਸਿੰਘ ਦੀ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਧਮਧਾਨ ਸਾਹਿਬ ਜੀਂਦ ਹਰਿਆਣਾ ਵਿਖੇ 21 ਸਤੰਬਰ ਨੂੰ ਬਦਲੀ ਕਰ ਦਿੱਤੀ ਗਈ ਸੀ। ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਕੰਟਰੋਲ ਕਰ ਰਿਹਾ ਹੈ, ਲਿਖ ਕੇ ਉਨ੍ਹਾਂ ਨੇ 1 ਅਕਤੂਬਰ ਤੋਂ ਅਸਤੀਫੇ ਦੇਣ ਦਾ ਪੱਤਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਲਿਖਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਨਾਂ ਭੇਜੇ 2 ਸਫਿਆਂ ਦੇ ਪੱਤਰ 'ਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਗਿਆਨੀ ਗੁਰਮੁੱਖ ਸਿੰਘ ਦੇ ਭਰਾ ਹੋਣ ਕਾਰਨ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਦੋਂ ਕਿ ਉਨ੍ਹਾਂ ਦਾ ਗਿਆਨੀ ਗੁਰਮੁੱਖ ਸਿੰਘ ਵੱਲੋਂ ਸਿਰਸਾ ਵਾਲੇ ਕਾਂਡ ਦੇ ਕੀਤੇ ਖੁਲਾਸੇ ਨਾਲ ਕੋਈ ਸੰਬੰਧ ਨਹੀਂ ਹੈ। ਉਨ੍ਹਾਂ ਨੇ ਪੱਤਰ ਦੇ ਸ਼ੁਰੂ ਵਿਚ ਹੀ ਲਿਖਿਆ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਰੇ ਤਖਤਾਂ ਦੇ ਜਥੇਦਾਰਾਂ ਨੂੰ ਸੀ. ਐੱਮ. ਹਾਊਸ ਵਿਚ ਤਲਬ ਕੀਤਾ ਸੀ ਅਤੇ ਉਸ ਨੂੰ ਮੁਆਫ ਕਰਨ ਦਾ ਹੁਕਮ ਦਿੱਤਾ ਸੀ। ਉਸ ਸਮੇਂ ਡਾ. ਦਲਜੀਤ ਸਿੰਘ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਇਸੇ ਮਾਮਲੇ ਨੂੰ ਵੀ ਜਦੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਵੱਲੋਂ ਨਸ਼ਰ ਕਰ ਦਿੱਤਾ ਗਿਆ ਤਾਂ ਪਹਿਲਾਂ ਉਸ ਨੂੰ ਸਿੰਘ ਸਾਹਿਬ ਦੇ ਖਿਲਾਫ ਵਰਤਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਜਦੋਂ ਕਾਮਯਾਬ ਨਾ ਹੋਏ ਤਾਂ ਉਨ੍ਹਾਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ।
ਰਾਤ 1.30 ਵਜੇ ਹਨੀਪ੍ਰੀਤ ਦਾ ਕਰਵਾਇਆ ਮੈਡੀਕਲ
NEXT STORY