ਬਠਿੰਡਾ (ਜ.ਬ.) : ਬੀਤੇ ਦਿਨੀਂ ਸ਼ੁੱਕਰਵਾਰ ਨੂੰ ਪੋਸਟ ਆਫ਼ਿਸ ਬਾਜ਼ਾਰ ਸਥਿਤ ਇਕ ਜਿਊਲਰ ਦੇ ਸ਼ੋਅਰੂਮ ਤੋਂ ਸੋਨੇ ਦੇ ਗਹਿਣੇ ਲੁੱਟਣ ਵਾਲੇ ਪਤੀ-ਪਤਨੀ ਨੂੰ ਪੁਲਸ ਵਲੋਂ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਵਲੋਂ ਮੁਲਜ਼ਮਾਂ ਪਾਸੋਂ ਲੁੱਟ-ਖੋਹ ਦਾ ਸਮਾਨ ਅਤੇ ਇਕ ਸਕੂਟਰੀ ਵੀ ਬਰਾਮਦ ਕੀਤੀ ਗਈ ਹੈ। ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਦੁਪਹਿਰ ਸਮੇਂ ਉਕਤ ਪਤੀ-ਪਤਨੀ ਪੋਸਟ ਆਫਿਸ ਬਾਜ਼ਾਰ ਸਥਿਤ ਫੈਸ਼ਨ ਜਿਊਲਰ ’ਤੇ ਸ਼ੋਅਰੂਮ ਮਾਲਕ ਦੀਆ ਅੱਖਾਂ ਵਿਚ ਪੇਪਰ ਸਪਰੇਅ ਪਾ ਕੇ ਉਸ ਪਾਸੋਂ 8 ਸੋਨੇ ਦੀਆ ਚੇਨਾਂ ਅਤੇ 5 ਟੋਪਸ ਲੁੱਟ ਕੇ ਲੈ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਵਲੋਂ ਐੱਸ.ਪੀ. ਬਲਵਿੰਦਰ ਸਿੰਘ ਰੰਧਾਵਾ, ਡੀ.ਐੱਸ. ਪਰਮਜੀਤ ਸਿੰਘ ਅਤੇ ਸੀ. ਆਈ. ਇੰਚਾਰਜ ਰਜਿੰਦਰ ਸਿੰਘ ਦੀ ਨਿਗਰਾਨੀ ਹੇਠ ਟੀਮ ਗਠਿਤ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਸਨ।
ਪੁਲਸ ਵਲੋਂ ਸੀ.ਸੀ.ਟੀ.ਵੀ ਫੁਟੇਜ ਅਤੇ ਖੁਫ਼ੀਆਂ ਸੂਤਰਾਂ ਦੀ ਮਦਦ ਨਾਲ ਮੁਲਜ਼ਮਾਂ ਦੀ ਪਹਿਚਾਣ ਕਰਕੇ ਸਨੀ ਕੁਮਾਰ ਪੁੱਤਰ ਕਰਮ ਚੰਦ ਅਤੇ ਸਰਬਜੀਤ ਕੌਰ ਪਤਨੀ ਸਨੀ ਕੁਮਾਰ ਵਾਸੀ ਜੋਗੀ ਨਗਰ ਨੂੰ ਨਾਮਜ਼ਦ ਕੀਤਾ। ਸ਼ਨੀਵਾਰ ਸਵੇਰੇ ਪੁਲਸ ਵਲੋਂ ਸੂਚਨਾ ਦੇ ਆਧਾਰ ’ਤੇ ਰਾਮਪੁਰਾ ਵਿਖੇ ਬਿਜਲੀ ਗਰਿੱਡ ਨਜ਼ਦੀਕ ਛਾਪੇਮਾਰੀ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਪੁਲਸ ਨੇ ਮੁਲਜ਼ਮਾਂ ਪਾਸੋਂ ਬਠਿੰਡਾ ਤੋਂ ਲੁੱਟੇ ਹੋਈਆਂ 8 ਚੇਨੀਆਂ ਅਤੇ 5 ਟੌਪਸ ਅਤੇ ਲੁੱਟਖੋਹ ਦੌਰਾਨ ਵਰਤੀ ਗਈ ਸਕੂਟਰੀ ਵੀ ਬਰਾਮਦ ਕੀਤੀ ਹੈ।
ਐੱਸ.ਐੱਸ.ਪੀ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਨਸ਼ੇ ਦੇ ਆਦੀ ਹਨ। ਉਨ੍ਹਾਂ ਦੱਸਿਆ ਕਿ ਸਰਬਜੀਤ ਕੌਰ ਪੇਸ਼ੇ ਵਜੋਂ ਡਾਂਸਰ ਦਾ ਕੰਮ ਕਰਦੀ ਸੀ। ਪਹਿਲਾਂ ਮੁਲਜ਼ਮ ਔਰਤ ਦਾ ਵਿਆਹ ਮਾਨਸਾ ਵਿਖੇ ਹੋਇਆ ਜਿੱਥੇ ਉਹ 2 ਕੁੜੀਆਂ ਅਤੇ ਇਕ ਮੁੰਡੇ ਨੂੰ ਛੱਡ ਕੇ ਚਲੀ ਆਈ, ਇਸ ਤੋਂ ਬਾਅਦ ਉਸ ਨੇ ਸਨੀ ਕੁਮਾਰ ਵਸੀ ਕੁੱਤਾਵੱਡ ਤਹਿਸੀਲ ਐਲਨਾਬਾਦ ਸਿਰਸਾ ਨਾਲ ਦੂਸਰਾ ਵਿਆਹ ਕਰਵਾਇਆ ਸੀ ਜਿਨ੍ਹਾਂ ਦੇ ਇਕ 3 ਸਾਲ ਦੀ ਲੜਕੀ ਹੈ, ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਉਕਤ ਦੋਵੇਂ ਮੁਲਜ਼ਮਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਸਿਹਤ ਮੰਤਰੀ ਸਿੱਧੂ ਵੱਲੋਂ ਮੋਹਾਲੀ 'ਚ ਨਵੇਂ ਬਿੱਲ ਕੁਲੈਕਸ਼ਨ ਸੈਂਟਰ ਦਾ ਉਦਘਾਟਨ
NEXT STORY