ਜ਼ੀਰਕਪੁਰ (ਧੀਮਾਨ) : ਭਬਾਤ ਰੋਡ ਸਥਿਤ ਦੁਰਗਾ ਅਪਾਰਟਮੈਂਟ ’ਚ ਚਾਬੀ ਬਣਵਾਉਣ ਦੇ ਨਾਂ ’ਤੇ ਘਰ ’ਚ ਦਾਖ਼ਲ ਹੋਏ ਦੋ ਅਣਪਛਾਤੇ ਪਿਓ-ਪੁੱਤਰ ਵੱਲੋਂ ਕੀਮਤੀ ਗਹਿਣੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਜੋਤੀ ਬਾਲਿਆ ਦੀ ਸ਼ਿਕਾਇਤ ’ਤੇ ਜ਼ੀਰਕਪੁਰ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜੋਤੀ ਬਲਿਆ ਨੇ ਦੱਸਿਆ ਕਿ ਘਟਨਾ ਸਮੇਂ ਉਹ ਘਰ ’ਚ ਇਕੱਲੀ ਸੀ। ਬੇਟਾ ਐੱਮ. ਬੀ. ਏ. ਦਾ ਪੇਪਰ ਦੇਣ ਲਈ ਸੰਗਰੂਰ ਗਿਆ ਹੋਇਆ ਸੀ ਅਤੇ ਪਤੀ ਕਿਸੇ ਕੰਮ ਲਈ ਘਰ ਤੋਂ ਬਾਹਰ ਸਨ।
ਇਸ ਦੌਰਾਨ ਚਾਬੀ ਬਣਾਉਣ ਵਾਲਾ ਇਕ ਮੁੰਡਾ ਅਪਾਰਟਮੈਂਟ ’ਚ ਦਿਖਾਈ ਦਿੱਤਾ, ਜਿਸ ਨੂੰ ਉਸ ਨੇ ਬਾਈਕ ਦੀ ਚਾਬੀ ਬਣਵਾਉਣ ਲਈ ਬੁਲਾਇਆ। ਮੁੰਡੇ ਨੇ ਦੋ ਦੰਦਿਆਂ ਵਾਲੀ ਚਾਬੀ ਦੀ ਲੋੜ ਦੱਸੀ ਅਤੇ ਉਹ ਉਸ ਦੀ ਅਲਮਾਰੀ ਦੀ ਚਾਬੀ ਆਪਣੇ ਕੋਲ ਲੈ ਗਿਆ। ਚਾਬੀ ਨੂੰ ਹਥੌੜੇ ਨਾਲ ਠੀਕ ਕਰਨ ਦਾ ਨਾਟਕ ਕਰਕੇ ਉਸ ਨੇ ਲਾਕ ਖ਼ਰਾਬ ਕਰ ਦਿੱਤਾ ਅਤੇ ਪਿਤਾ ਨੂੰ ਬੁਲਾਉਣ ਦੀ ਗੱਲ ਦੱਸੀ। ਕੁੱਝ ਸਮੇਂ ਬਾਅਦ ਉਹ ਆਪਣੇ ਪਿਤਾ ਨੂੰ ਨਾਲ ਲੈ ਆਇਆ। ਦੋਵੇਂ ਕਮਰੇ ’ਚ ਅਲਮਾਰੀ ਵੇਖਣ ਲੱਗੇ।
ਇਸ ਦੌਰਾਨ ਮੁੰਡੇ ਨੇ ਪੀੜਤਾ ਦਾ ਧਿਆਨ ਚਾਬੀਆਂ ਦੇ ਛੱਲੇ ਦਿਖਾ ਕੇ ਭਟਕਾ ਦਿੱਤਾ। ਕੁੱਝ ਮਿੰਟ ਬਾਅਦ ਦੋਵੇਂ ਕਹਿਣ ਲੱਗੇ ਕਿ ਲਾਕ ਨਹੀਂ ਖੁੱਲ੍ਹ ਰਿਹਾ ਅਤੇ ਨਵੀਂ ਚਾਬੀ ਲਿਆ ਕੇ ਦੇ ਦਿੱਤੀ ਜਾਵੇਗੀ। ਦੋਵੇਂ ਉਥੋਂ ਚਲੇ ਗਏ। ਕੁੱਝ ਦਿਨਾਂ ਬਾਅਦ ਜਦੋਂ ਪੂਜਾ ਲਈ ਚਾਂਦੀ ਦੀ ਮਾਲਾ ਲੈਣ ਵਾਸਤੇ ਬੇਟੇ ਨੇ ਲਾਕ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਅੰਦਰ ਟੁੱਟੀ ਚਾਬੀ ਫਸੀ ਮਿਲੀ। ਚਾਬੀ ਕੱਢ ਕੇ ਜਦੋਂ ਲਾਕ ਖੁੱਲ੍ਹਿਆ ਤਾਂ ਅੰਦਰਲੇ ਗਹਿਣੇ ਗਾਇਬ ਸਨ। ਪੀੜਤਾ ਨੇ ਦੋਸ਼ ਲਗਾਇਆ ਕਿ ਪਿਓ-ਪੁੱਤਰ ਪਹਿਲਾਂ ਹੀ ਸਾਜ਼ਿਸ਼ ਤਹਿਤ ਚੋਰੀ ਕਰਨ ਆਏ ਸਨ। ਜ਼ੀਰਕਪੁਰ ਪੁਲਸ ਨੇ ਕੇਸ ਦਰਜ ਕਰਕੇ ਸੀ.ਸੀ.ਟੀ.ਵੀ. ਫੁਟੇਜ਼ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਰੀਅਲ ਅਸਟੇਟ ਵਪਾਰ ’ਚ 12 ਕਰੋੜ ਦੀ ਜਾਅਲਸਾਜ਼ੀ ਦੇ ਦੋਸ਼ ’ਚ ਦੋ ਗ੍ਰਿਫ਼ਤਾਰ
NEXT STORY