ਜਲੰਧਰ/ਦੁਬਈ,(ਰਮਨਦੀਪ ਸਿੰਘ ਸੋਢੀ)- ਰੋਜ਼ੀ-ਰੋਟੀ ਕਮਾਉਣ ਵਿਦੇਸ਼ ਗਏ ਪੰਜਾਬੀਆਂ ਨੂੰ ਕਈ ਵਾਰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਰੁਜ਼ਗਾਰ ਨਾ ਮਿਲਣ ਕਾਰਨ ਭੁੱਖਣ-ਭਾਣੇ ਰਹਿਣਾ ਪੈਂਦਾ ਹੈ। ਇਥੋਂ ਤੱਕ ਕਿ ਵਾਪਸੀ ਦਾ ਕਿਰਾਇਆ ਨਾ ਹੋਣ ਕਾਰਨ ਉਹ ਵਿਦੇਸ਼ਾਂ ਵਿਚ ਹੀ ਫ਼ਸ ਜਾਂਦੇ ਹਨ। ਤਾਜ਼ਾ ਮਾਮਲਾ ਸੰਯੁਕਤ ਅਰਬ ਅਮੀਰਾਤ ਦੇ ਅਜਮਾਨ ਅਲਜ਼ਰ੍ਹਾ ਇਲਾਕੇ ਤੋਂ ਸਾਹਮਣੇ ਆਇਆ, ਜਿਥੇ ਦੋ ਪੰਜਾਬੀ ਖੁੱਲ੍ਹੇ ਅਸਮਾਨ ਹੇਠ ਦਿਨ ਕੱਟ ਰਹੇ ਹਨ। ਇਨ੍ਹਾਂ 'ਚੋਂ ਇਕ ਦੀ ਸ਼ਨਾਖ਼ਤ ਗੁਰਦੀਪ ਸਿੰਘ ਗੁਰਾਇਆਂ, ਪਿੰਡ ਠੀਕਰੀਵਾਲ ਗੁਰਾਇਆਂ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ, ਜਦਕਿ ਦੂਜਾ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਚਰਨਜੀਤ ਸਿੰਘ ਹੈ।
ਉਮੀਦ ਭਰੀ ਖਬਰ ਇਹ ਹੈ ਕਿ ਇਨ੍ਹਾਂ ਦੋਵਾਂ ਨੂੰ ਪੰਜਾਬ ਦੇ ਗੁਰਦਾਸਪੁਰ ਤੋਂ ਪਿਛੋਕੜ ਵਾਲੇ ਦੁਬਈ ਦੇ ਕਾਰੋਬਾਰੀ ਤੇ ਪਹਿਲ ਚੈਰੀਟੇਬਲ ਟਰੱਸਟ ਦੇ ਮੁਖੀ ਜੋਗਿੰਦਰ ਸਿੰਘ ਸਲਾਰੀਆ ਨੇ ਭਾਲ ਕਰਕੇ ਆਪਣੇ ਕੋਲ ਜੱਬਲ ਅਲੀ ਲੈ ਆਂਦਾ ਹੈ। ਸਾਡੇ ਨਾਲ ਟੈਲੀਫੋਨ ਰਾਹੀਂ ਹੋਈ ਗੱਲਬਾਤ ਮੁਤਾਬਕ ਸਲਾਰੀਆ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਇਸ ਖਬਰ ਬਾਬਤ ਪਤਾ ਲੱਗਾ ਤਾਂ ਉਨ੍ਹਾਂ ਆਪਣੇ ਆਦਮੀਆਂ ਰਾਹੀਂ ਇਨ੍ਹਾਂ ਦੀ ਭਾਲ ਕੀਤੀ ਤੇ ਆਪਣੇ ਜੱਬਲ ਅਲੀ ਸਥਿਤ ਦਫਤਰ ਵਿਖੇ ਲੈ ਆਂਦਾ। ਫਿਲਹਾਲ ਦੋਵਾਂ ਨੂੰ ਰਿਹਾਇਸ਼ ਅਤੇ ਚੰਗਾ ਖਾਣ ਪੀਣ ਦੇਣ ਸਮੇਤ ਉਨ੍ਹਾਂ ਦੀ ਪੰਜਾਬ ਵਾਪਸੀ ਦਾ ਇੰਤਜਾਮ ਕੀਤਾ ਜਾ ਰਿਹਾ ਹੈ ।
ਸਲਾਰੀਆ ਨੇ ਦੱਸਿਆ ਕਿ ਉਹ ਲਗਾਤਾਰ ਅੰਬੈਸੀ ਨਾਲ ਰਾਬਤਾ ਕਰ ਰਹੇ ਹਨ ਤੇ ਉਮੀਦ ਹੈ ਕਿ ਦੋਵੇਂ ਵਿਅਕਤੀ ਹਫਤੇ ਤੱਕ ਆਪਣੇ ਘਰ ਪਰਤ ਆਉਣਗੇ। ਦੱਸਣਯੋਗ ਹੈ ਕਿ ਇਕ ਵਿਅਕਤੀ ਨੇ ਦੋਹਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰਦਿਆਂ ਮਦਦ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਇਨ੍ਹਾਂ ਨੂੰ ਸਮਾਜ ਸੇਵੀ ਵੱਲੋਂ ਸੰਭਾਲ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜੋਗਿੰਦਰ ਸਿੰਘ ਸਲਾਰੀਆ ਦੁਬਈ 'ਚ ਫਸੇ ਕਈ ਪੰਜਾਬੀਆਂ ਦੀ ਸਮੇਂ-ਸਮੇਂ 'ਤੇ ਮਦਦ ਕਰ ਚੁੱਕੇ ਹਨ । ਇਸ ਤੋਂ ਇਲਾਵਾ ਉਹ ਇਨਸਾਨੀਅਤ ਦੇ ਨਾਤੇ ਪਾਕਿਸਤਾਨ 'ਚ ਸਥਿਤ ਕਈ ਲੋੜਵੰਦ ਮੁਸਲਿਮ ਪਰਿਵਾਰਾਂ ਦੀ ਵੀ ਮਦਦ ਕਰਦੇ ਰਹਿੰਦੇ ਹਨ।
ਬਠਿੰਡਾ ਜ਼ਿਲ੍ਹੇ ’ਚ ਕੋਰੋਨਾ ਨਾਲ ਇਕ ਦੀ ਮੌਤ, 130 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ
NEXT STORY