ਲੁਧਿਆਣਾ (ਮਹਿਰਾ) - ਲੁਧਿਆਣਾ 'ਚ ਆਰ. ਐੱਸ. ਐੱਸ. ਸ਼ਾਖਾ ਵਿਚ ਹੋਈ ਫਾਇਰਿੰਗ ਦੇ ਕੇਸ ਵਿਚ ਨਾਮਜ਼ਦ ਯੂ. ਕੇ. ਸਿਟੀਜ਼ਨ ਜਗਤਾਰ ਸਿੰਘ ਜੌਹਲ ਨੂੰ ਉਸ ਦਾ ਪੁਲਸ ਰਿਮਾਂਡ ਖਤਮ ਹੋਣ 'ਤੇ ਅੱਜ ਇਲਾਕਾ ਮੈਜਿਸਟ੍ਰੇਟ ਗੁਰਪ੍ਰੀਤ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਉਸ ਨੂੰ ਇਕ ਦਿਨ ਦੇ ਮੁੜ ਪੁਲਸ ਰਿਮਾਂਡ 'ਤੇ ਲਿਆ ਹੈ। ਜ਼ਿਲਾ ਅਟਾਰਨੀ ਰਵਿੰਦਰ ਕੁਮਾਰ ਅਬਰੋਲ ਅਤੇ ਸਰਕਾਰੀ ਵਕੀਲ ਰਾਜਬੀਰ ਸਿੰਘ ਚਾਹਲ ਨੇ ਦੱਸਿਆ ਕਿ ਪੁਲਸ ਥਾਣਾ ਡਵੀਜ਼ਨ ਨੰ. 2 ਨੇ ਕੇਸ ਨੰ. 7 ਵਿਚ ਦੋਸ਼ੀ ਜੌਹਲ ਨੂੰ ਨਾਮਜ਼ਦ ਕੀਤਾ ਸੀ ਅਤੇ ਅੱਜ ਪੁਲਸ ਨੇ ਦੋਬਾਰਾ ਉਸ ਦਾ ਸ਼੍ਰੀਮਤੀ ਗੁਰਪ੍ਰੀਤ ਕੌਰ ਦੀ ਅਦਾਲਤ ਤੋਂ ਪੁਲਸ ਰਿਮਾਂਡ ਮੰਗਦੇ ਹੋਏ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਕੋਲ ਲੈਣ-ਦੇਣ ਸਬੰਧੀ ਕਾਫੀ ਸਬੂਤ ਮੌਜੂਦ ਹਨ ਅਤੇ ਜੌਹਲ ਨੇ ਜਿੰਮੀ ਨੂੰ ਵਾਰਦਾਤ ਨੂੰ ਅੰਜਾਮ ਦੇਣ ਲਈ ਰਕਮ ਅਦਾ ਕੀਤੀ ਸੀ। ਇਸ ਸਬੰਧੀ ਵੀ ਪੁੱਛਗਿੱਛ ਕਰਨੀ ਬਾਕੀ ਹੈ।
ਸਰਕਾਰੀ ਵਕੀਲ ਚਾਹਲ ਨੇ ਅਦਾਲਤ ਨੂੰ ਦੱਸਿਆ ਕਿ ਅਜੇ ਪੁਲਸ ਜਾਂਚ ਜਾਰੀ ਹੈ ਅਤੇ ਜੌਹਲ ਨੇ ਕਿਸ-ਕਿਸ ਦੇਸ਼ ਦਾ ਦੌਰਾ ਕਰ ਕੇ ਫੰਡਿੰਗ ਹਾਸਲ ਕੀਤੀ ਸੀ, ਬਾਰੇ ਵੀ ਪਤਾ ਕਰਨਾ ਹੈ। ਜੌਹਲ ਨੂੰ ਪੁਲਸ ਰਿਮਾਂਡ 'ਤੇ ਦੇਣ ਦੀ ਬੇਨਤੀ ਕਰਦੇ ਹੋਏ ਪੁਲਸ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਤੋਂ ਉਪਰੋਕਤ ਕੇਸ ਵਿਚ ਇਹ ਵੀ ਪੁੱਛਗਿੱਛ ਕਰਨੀ ਹੈ ਕਿ ਇਸ ਕੇਸ ਵਿਚ ਕੌਣ-ਕੌਣ ਲੋਕ ਸ਼ਾਮਲ ਹਨ ਅਤੇ ਕਿਹੜੀ ਸਾਜ਼ਿਸ਼ ਤਹਿਤ ਇਹ ਹਮਲਾ ਕੀਤਾ ਗਿਆ ਸੀ।
ਵਰਣਨਯੋਗ ਹੈ ਕਿ 2016 ਵਿਚ ਆਰ. ਐੱਸ. ਐੱਸ. ਦੀ ਕਿਦਵਈ ਨਗਰ ਸ਼ਾਖਾ ਵਿਚ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਹਮਲਾਵਰਾਂ ਨੇ ਫਾਇਰਿੰਗ ਕੀਤੀ ਸੀ, ਜਿਸ ਵਿਚ ਆਰ. ਐੱਸ. ਐੱਸ. ਦੇ ਨਰੇਸ਼ ਕੁਮਾਰ ਵਾਲ-ਵਾਲ ਬਚ ਗਏ ਸਨ। ਇਸੇ ਕੇਸ ਵਿਚ ਪੁਲਸ ਥਾਣਾ ਨੰ. 2 ਨੇ ਧਾਰਾ 307, 148, 149 ਅਤੇ 120ਬੀ ਆਈ. ਪੀ. ਸੀ. ਸਮੇਤ ਅਨ-ਲਾਅਫੁਲ ਪ੍ਰੀਵੈਂਸ਼ਨ ਐਕਟੀਵਿਟੀਜ਼ ਐਕਟ ਤਹਿਤ ਕੇਸ ਦਰਜ ਕੀਤਾ ਸੀ। ਨਾਲ ਹੀ ਜ਼ਿਲਾ ਅਟਾਰਨੀ ਅਬਰੋਲ ਨੇ ਦੱਸਿਆ ਕਿ ਪੁਲਸ ਨੇ ਅਨਿਲ ਕੁਮਾਰ ਕਾਲਾ ਨੂੰ ਵੀ ਇਸੇ ਕੇਸ ਵਿਚ ਨਾਮਜ਼ਦ ਕਰਦੇ ਹੋਏ ਉਪਰੋਕਤ ਅਦਾਲਤ ਵਿਚ ਪੇਸ਼ ਕੀਤਾ ਅਤੇ ਅਦਾਲਤ ਤੋਂ ਉਸ ਦਾ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਹੈ।
ਸਾਬਕਾ ਕੌਂਸਲਰ ਅਤੇ ਪਰਿਵਾਰ ਨੂੰ ਕੈਨੇਡਾ ਭੇਜਣ ਦੇ ਨਾਂ 'ਤੇ ਠੱਗੇ ਲੱਖਾਂ ਰੁਪਏ
NEXT STORY