ਜਲੰਧਰ (ਸੁਨੀਲ ਮਹਾਜਨ): ਜਲੰਧਰ ਜ਼ਿਲ੍ਹੇ ਦੇ ਅਧੀਨ ਪੈਂਦੇ ਫ਼ਿਲੌਰ ਰੇਲਵੇ ਫਾਟਕਾਂ ਦੇ ਬਿਲਕੁਲ ਨਜ਼ਦੀਕ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ ਨੂਰਮਹਿਲ ਰੋਡ ‘ਤੇ ਮੰਗਲਵਾਰ ਸ਼ਾਮ ਕਰੀਬ 7:30 ਤੋਂ 8 ਵਜੇ ਦਰਮਿਆਨ ਇਕ ਵੱਡੀ ਡਕੈਤੀ ਦੀ ਵਾਰਦਾਤ ਸਾਹਮਣੇ ਆਈ ਹੈ। 7-8 ਨੌਜਵਾਨਾਂ ਨੇ ਇਕ ਆਲਟੋ ਕਾਰ ਨੂੰ ਚਾਰੇ ਪਾਸਿਓਂ ਘੇਰ ਕੇ ਹਮਲਾ ਕਰ ਦਿੱਤਾ ਅਤੇ ਫਾਈਨੈਂਸ ਕੰਪਨੀ ਦੇ ਕਰਮਚਾਰੀਆਂ ਤੋਂ ਲੱਖਾਂ ਰੁਪਏ ਲੁੱਟ ਲਏ।
ਇਸ ਘਟਨਾ ਦੌਰਾਨ ਡਰਾਈਵਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜ਼ਖਮੀ ਨੌਜਵਾਨ ਦੀ ਪਛਾਣ ਨੂਰਮਹਿਲ ਨਿਵਾਸੀ ਭਗਵਾਨ ਦਾਸ ਦੇ ਪੁੱਤਰ ਅੰਕੁਸ਼ ਵਜੋਂ ਹੋਈ ਹੈ, ਜਿਸਨੂੰ ਫਿਲੌਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਅੰਕੁਸ਼ ਨੇ ਦੱਸਿਆ ਕਿ ਉਹ ਜਲੰਧਰ ਦੀ ਇਕ ਫਾਈਨੈਂਸ ਕੰਪਨੀ ਵਿਚ ਕੰਮ ਕਰਦਾ ਹੈ, ਜਿਸ ਦਾ ਮੁੱਖ ਦਫਤਰ ਮਾਛੀਵਾੜਾ ਵਿਖੇ ਹੈ। ਉਹ ਆਪਣੇ ਸਾਥੀ ਲਵਪ੍ਰੀਤ ਪੁੱਤਰ ਸਤਪਾਲ, ਵਾਸੀ ਚੁਹਕੀ, ਨਾਲ ਪੈਸੇ ਇਕੱਠੇ ਕਰਕੇ ਵਾਪਸ ਆ ਰਹੇ ਸਨ। ਬੈਂਕ ਬੰਦ ਹੋਣ ਕਾਰਨ ਪੈਸੇ ਜਮ੍ਹਾ ਨਾ ਕਰਵਾ ਸਕੇ।
ਜਦੋਂ ਉਹ ਰਾਹੋ ਰਾਹੀਂ ਫਿਲੌਰ ਵੱਲ ਆ ਰਹੇ ਸਨ ਅਤੇ ਫਿਲੋਰ ਰੇਲਵੇ ਫਾਟਕ ਨੇੜੇ ਪਹੁੰਚੇ, ਤਾਂ ਅਚਾਨਕ 7-8 ਨੌਜਵਾਨਾਂ ਨੇ ਉਨ੍ਹਾਂ ਦੀ ਆਲਟੋ ਕਾਰ (ਨੰਬਰ PB10 GP 4902) ਨੂੰ ਘੇਰ ਲਿਆ। ਜਾਨ ਬਚਾਉਣ ਲਈ ਜਿਵੇਂ ਹੀ ਅੰਕੁਸ਼ ਕਾਰ ਤੋਂ ਬਾਹਰ ਨਿਕਲਿਆ, ਤਾਂ ਹਮਲਾਵਰਾਂ ਨੇ ਉਸ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ। ਉਸ ਦਾ ਸਾਥੀ ਲਵਪ੍ਰੀਤ ਲੋਕਾਂ ਦੀ ਮਦਦ ਨਾਲ ਅੰਕੁਸ਼ ਨੂੰ ਤੁਰੰਤ ਫਿਲੌਰ ਸਿਵਲ ਹਸਪਤਾਲ ਲੈ ਗਿਆ।
ਮੌਕੇ ‘ਤੇ ਪਹੁੰਚੇ ਥਾਣਾ ਫਿਲੌਰ ਦੇ ਐਸਐਚਓ ਅਮਨ ਸੈਣੀ ਨੇ ਦੱਸਿਆ ਕਿ ਪੁਲਸ ਵੱਲੋਂ ਘਟਨਾ ਸਥਾਨ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਲਾਕੇ ਦੀਆਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਫੁਟੇਜ ਦੇ ਅਧਾਰ ‘ਤੇ ਜਲਦ ਹੀ ਹਮਲਾਵਰਾਂ ਦੀ ਪਛਾਣ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਵਿਧਾਨ ਸਭਾ 'ਚ ਚਾਰ ਸਾਹਿਬਜ਼ਾਦਿਆਂ ਨੂੰ ਦਿੱਤੀ ਗਈ ਸ਼ਰਧਾਂਜਲੀ, ਸਦਨ ਦੀ ਕਾਰਵਾਈ ਮੁਲਤਵੀ (ਵੀਡੀਓ)
NEXT STORY