ਤਲਵੰਡੀ ਸਾਬੋ, (ਮੁਨੀਸ਼)-ਕਰੀਬ ਪੌਣੇ ਦੋ ਮਹੀਨੇ ਪਹਿਲਾਂ ਚਿੱਟੇ ਦੇ ਟੀਕੇ ਕਾਰਨ ਮੌਤ ਦੇ ਮੂੰਹ ਗਏ ਸਥਾਨਕ ਨਗਰ ਦੇ ਮੁਸਲਿਮ ਨੌਜਵਾਨ ਲਵਪ੍ਰੀਤ ਖਾਂ ਉਰਫ ਬੱਬੂ ਦੇ ਮਾਪਿਆਂ ਨੇ ਅੱਜ ਆਪਣੇ ਘਰ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਪੁਲਸ ’ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਾਏ। ਜਦਕਿ ਪੁਲਸ ਅਧਿਕਾਰੀ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਰਹੇ। ਪਰਿਵਾਰਕ ਮੈਂਬਰਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੂੰ ਜਲਦ ਇਨਸਾਫ ਨਾ ਮਿਲਿਆ ਤੇ ਜਿੰਮੇਵਾਰ ਨੌਜਵਾਨ ਮਾਮਲੇ ’ਚ ਨਾਮਜ਼ਦ ਨਾ ਕੀਤੇ ਤਾਂ ਉਹ ਐੱਸ. ਐੱਸ.ਪੀ. ਦਫਤਰ ਮੁਹਰੇ ਆਤਮਦਾਹ ਕਰਨ ਨੂੰ ਮਜਬੂਰ ਹੋਣਗੇ।
ਕੀ ਕਹਿਣਾ ਹੈ ਡੀ. ਐੱਸ. ਪੀ. ਦਾ
ਮਾਮਲੇ ਸਬੰਧੀ ਡੀ. ਐੱਸ. ਪੀ. ਬਰਿੰਦਰ ਸਿੰਘ ਗਿੱਲ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਪੁਲਸ ’ਤੇ ਲਾਏ ਜਾ ਰਹੇ ਕਥਿਤ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਘਟਨਾ ਮੌਕੇ ਜੋ ਉਨ੍ਹਾਂ ਨੂੰ ਬਿਆਨ ਲਿਖਵਾਏ ਸਨ, ਉਸ ਮੁਤਾਬਿਕ ਮਾਮਲਾ ਦਰਜ ਕਰ ਲਿਆ ਗਿਆ ਸੀ। ਉਦੋਂ ਇਨ੍ਹਾਂ ਨੇ ਕਿਸੇ ਵਿਅਕਤੀ ਦਾ ਨਾਂ ਨਹੀਂ ਦੱਸਿਆ। ਉਨ੍ਹਾਂ ਮੁਤਾਬਿਕ ਉਕਤ ਮਾਪਿਆਂ ਨੇ ਅੱਜ ਤੱਕ ਮੇਰੇ ਕੋਲ ਕਿਸੇ ਨੂੰ ਮਾਮਲੇ ਵਿਚ ਨਾਮਜ਼ਦ ਕਰਵਾਉਣ ਲਈ ਕੋਈ ਪਹੁੰਚ ਨਹੀਂ ਕੀਤੀ, ਕਾਨੂੰਨ ਮੁਤਾਬਿਕ ਜੋ ਬਣਦੀ ਪ੍ਰਕਿਰਿਆ ਹੈ ਉਹ ਪੂਰੀ ਕੀਤੀ ਜਾ ਰਹੀ ਹੈ।
ਬੱਬੂ ਖਾਂ ਦੇ ਪਿਤਾ ਜੀਵਨ ਖਾਂ ਅਤੇ ਮਾਤਾ ਪ੍ਰਵੀਨ ਨੇ ਦੱਸਿਆ ਕਿ ਨਗਰ ਦੇ ਤਿੰਨ ਲਡ਼ਕੇ ਬੀਤੀ 1 ਜੁਲਾਈ ਨੂੰ ਉਕਤ ਨੌਜਵਾਨ ਸ਼ਾਮ ਸਮੇਂ ਉਨ੍ਹਾਂ ਦੇ ਪੁੱਤਰ ਨੂੰ ਗੱਡੀ ’ਚ ਬਿਠਾ ਕੇ ਲੈ ਗਏ ਤੇ ਸਥਾਨਕ ਰਜਬਾਹੇ ’ਤੇ ਪੈਂਦੇ ਇਕ ਬਾਗ ਵਿਚ ਲਿਜਾ ਕੇ ਉਸ ਦੇ ਚਿੱਟੇ ਦਾ ਟੀਕਾ ਲਾ ਦਿੱਤਾ। ਉਨ੍ਹਾਂ ਅਨੁਸਾਰ ਟੀਕਾ ਲਾਉਣ ਤੋਂ ਬਾਅਦ ਉਸਦੀ ਹਾਲਤ ਵਿਗਡ਼ਨੀ ਸ਼ੁਰੂ ਹੋ ਗਈ ਪਰ ਉਕਤ ਨੌਜਵਾਨਾਂ ਨੇ ਉਸਨੂੰ ਹਸਪਤਾਲ ਪਹੁੰਚਾਉਣ ਜਾਂ ਉਨ੍ਹਾਂ ਨੂੰ ਦੱਸਣ ਦੀ ਬਜਾਏ ਉਥੇ ਹੀ ਛੱਡ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। ਪੀੜਤ ਮਾਪਿਆਂ ਅਨੁਸਾਰ ਪੁਲਸ ਨੇ ਮੌਕੇ ’ਤੇ ਉਨ੍ਹਾਂ ਦੇ ਕਿਸੇ ਸਕੇ ਸਬੰਧੀ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਦਿੱਤਾ ਪਰ ਬਾਅਦ ਵਿਚ ਜਦੋਂ ਉਨ੍ਹਾਂ ਨੇ ਉਕਤ ’ਚੋਂ ਦੋ ਨੌਜਵਾਨਾਂ ਦੇ ਨਾਂ ਦੱਸਦਿਆਂ ਉਨ੍ਹਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਨ ਦੀ ਪੁਲਸ ਨੂੰ ਅਪੀਲ ਕੀਤੀ ਤਾਂ ਤਤਕਾਲੀ ਐੱਸ. ਐੱਚ. ਓ. ਉਨ੍ਹਾਂ ਨੂੰ ਭਰੋਸੇ ਦਿੰਦਾ ਰਿਹਾ ਪਰ ਉਕਤ ਨੌਜਵਾਨਾਂ ’ਤੇ ਕੋਈ ਮਾਮਲਾ ਦਰਜ ਨਹੀਂ ਹੋਇਆ। ਪੀੜਤ ਮਾਪਿਆਂ ਨੇ ਦੱਸਿਆ ਕਿ ਬਾਅਦ ਵਿਚ ਉਨ੍ਹਾਂ ਨੇ ਐੱਸ. ਐੱਸ. ਪੀ. ਬਠਿੰਡਾ ਨੂੰ ਮਿਲ ਕੇ ਇਨਕੁਆਰੀ ਲਵਾ ਲਈ ਪਰ ਇਕ ਸਿਆਸੀ ਆਗੂ ਨੇ ਕਥਿਤ ਦੋਸ਼ੀ ਨੌਜਵਾਨਾਂ ਨੂੰ ਬਚਾਉਣ ਲਈ ਉਕਤ ਜਾਂਚ ਰੁਕਵਾ ਦਿੱਤੀ ਕਿਉਂਕਿ ਉਹ ਗਰੀਬ ਘਰ ਦੇ ਹਨ। ਇਸ ਲਈ ਉਨ੍ਹਾਂ ਨੂੰ ਬਣਦਾ ਇਨਸਾਫ ਵੀ ਨਹੀਂ ਦਿੱਤਾ ਜਾ ਰਿਹਾ।
ਡੀ. ਸੀ. ਦਫ਼ਤਰ ਮੁਲਾਜ਼ਮਾਂ ਦੀ ਕਲਮਛੋਡ਼ ਹਡ਼ਤਾਲ ਕੱਲ ਤੋਂ
NEXT STORY