ਮੋਗਾ (ਗੋਪੀ, ਰਣਜੀਤ)— ਪੰਜਾਬ 'ਚ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਮੋਗਾ ਜ਼ਿਲੇ ਦੇ ਹਲਕਾ ਨਿਹਾਲਸਿੰਘ ਵਾਲਾ ਦੇ ਪਿੰਡ ਬੁਰਜ ਹਮੀਰਾ ਦਾ ਹੈ, ਜਿੱਥੇ ਨਸ਼ੇ ਨੇ ਇਕ 24 ਸਾਲਾ ਕਬੱਡੀ ਦੇ ਖਿਡਾਰੀ ਨੂੰ ਆਪਣੀ ਲਪੇਟ 'ਚ ਲੈ ਲਿਆ। ਮਿਲੀ ਜਾਣਕਾਰੀ ਮੁਤਾਬਕ ਚਰਨ ਸਿੰਘ ਨਾਂ ਦੇ ਇਸ ਖਿਡਾਰੀ ਨੂੰ ਬੇਹੋਸ਼ੀ ਦੀ ਹਾਲਤ 'ਚ ਪਹਿਲਾਂ ਬਠਿੰਡਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਅਤੇ ਬਾਅਦ 'ਚ ਉਸ ਨੂੰ ਡਾਕਟਰਾਂ ਨੇ ਲੁਧਿਆਣਾ ਦੇ ਡੀ. ਐੱਮ. ਸੀ. ਰੈਫਰ ਕਰ ਦਿੱਤਾ ਸੀ, ਇਥੋਂ ਫਿਰ ਡਾਕਟਰਾਂ ਨੇ ਇਸ ਨੌਜਵਾਨ ਨੂੰ ਇਲਾਜ ਲਈ ਪੀ. ਜੀ. ਆਈ. ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਕਬੱਡੀ ਖਿਡਾਰੀ ਚਰਨ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ।
ਉਸ ਦੇ ਪਿਤਾ ਸਾਬਕਾ ਫੌਜੀ ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਕਬੱਡੀ ਦਾ ਵਧੀਆ ਖਿਡਾਰੀ ਸੀ ਅਤੇ ਕਬੱਡੀ ਖੇਡਦੇ ਸਮੇਂ ਹੀ ਨਸ਼ੇ ਦੀ ਗ੍ਰਿਫਤ 'ਚ ਆ ਗਿਆ। 6 ਕੁ ਮਹੀਨੇ ਚਰਨ ਸਿੰਘ ਨੂੰ ਪਹਿਲਾਂ ਗੰਗਾਨਗਰ ਵਿਖੇ ਨਸ਼ਾ ਛੁਡਾਊ ਕੇਂਦਰ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੋਂ ਕੁਝ ਦਿਨ ਪਹਿਲਾਂ ਹੀ ਇਸ ਨੂੰ ਘਰ ਲਿਆਂਦਾ ਸੀ। ਉਨ੍ਹਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਚਰਨ ਸਿੰਘ ਘਰੋਂ ਵਾਲਾਂ ਦੀ ਕਟਿੰਗ ਦਾ ਬਹਾਨਾ ਬਣਾ ਕੇ ਚਲਾ ਗਿਆ ਸੀ ਅਤੇ ਆਪਣੇ ਦੋਸਤਾਂ ਦੇ ਨਾਲ ਬਾਹਰ ਜਾ ਕੇ ਉਸ ਨੇ ਨਸ਼ੇ ਦਾ ਟੀਕਾ ਲਗਾ ਲਿਆ, ਜਿਸ ਤੋਂ ਬਾਅਦ ਉਸ ਦੀ ਹਾਲਤ ਖਰਾਬ ਹੋ ਗਈ। ਇਸ ਨੂੰ ਇਲਾਜ ਲਈ ਪਹਿਲਾਂ ਬਠਿੰਡਾ ਫਿਰ ਡੀ. ਐੱਮ. ਸੀ. ਲੁਧਿਆਣਾ ਅਤੇ ਬਾਅਦ 'ਚ ਪੀ. ਜੀ. ਆਈ. ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ।
ਪਿੰਡ ਵਾਸੀ ਪ੍ਰਧਾਨ ਸੁੱਖਾ ਸਿੰਘ ਅਤੇ ਹੋਰਾਂ ਨੇ ਕਿਹਾ ਕਿ ਪੁਲਸ ਖੁਦ ਇਸ ਘਟਨਾ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਅਮਲ 'ਚ ਲਿਆਵੇ ਤਾਂਕਿ ਅੱਗੇ ਤੋਂ ਕੋਈ ਅਜਿਹੀ ਘਟਨਾ ਨਾ ਵਾਪਰ ਸਕੇ। ਇਸ ਸਬੰਧੀ ਜਦੋਂ ਡੀ. ਐੱਸ. ਪੀ. ਸੁਬੇਗ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਉਸ ਦੀ ਮੌਤ ਦਾ ਖੁਲਾਸਾ ਹੋ ਸਕੇਗਾ।
ਮੈਂਬਰ ਪਾਰਲੀਮੈਂਟ ਸਾਧੂ ਸਿੰਘ ਨੇ ਪਿੰਡ ਮੱਲਣ ਵਾਸੀਆਂ ਨੂੰ ਦਿੱਤੀ ਪਾਣੀ ਵਾਲੀ ਟੈਂਕੀ
NEXT STORY