ਕਪੂਰਥਲਾ (ਸੋਢੀ)-ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਗੁਰਬਾਣੀ ਦੀ ਕਥਾ ਭਾਈ ਗੁਰਪ੍ਰੀਤ ਸਿੰਘ ਨੇ ਕੀਤੀ। ਉਨ੍ਹਾਂ ਕਿਹਾ ਕਿ ਸਤਿਗੁਰੂ ਪਾਤਿਸ਼ਾਹ ਗੁਰਬਾਣੀ ਰਾਹੀਂ ਫਰਮਾਨ ਕਰਦੇ ਹਨ ਕਿ ਹੇ ਮੇਰੇ ਮਾਲਕ ਪ੍ਰਮਾਤਮਾ! ਤੂੰ ਧੰਨ ਹੈਂ, ਸਿਰਫ ਤੂੰ ਹੀ ਸਲਾਹੁਣਯੋਗ ਹੈਂ। ਉਨ੍ਹਾਂ ਕਿਹਾ ਕਿ ਹੈ ਭਾਈ! ਗੁਰੂ ਦੀ ਸ਼ਰਨ ਪੈ ਕੇ ਸਦਾ ਉਸ ਪ੍ਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਅਤੇ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ। ਗੁਰੂ ਦੀ ਹਜ਼ੂਰੀ ’ਚ ਐਵੇਂ ਕਿਸੇ ਦੀ ਫੋਕੀ ਵਡਿਆਈ ਜਾਂ ਨਿੰਦਾ ਕਰਨੀ ਠੀਕ ਨਹੀਂ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁਨੀਆ ਦੀ ਮਿੱਤਰਤਾ ਵਿਚ ਹੀ ਸਡ਼ ਮਰਦੇ ਹਨ ਤੇ ਅੰਤ ਯਮਰਾਜ ਦੇ ਦਰ ਤੇ ਚੋਟਾਂ ਖਾਂਦੇ ਹਨ। ਮੁਡ਼ ਕੇ ਉਨ੍ਹਾਂ ਨੂੰ ਹੱਥੋਂ ਖੁੰਝਿਆ ਹੋਇਆ ਮਨੁੱਖਾ ਜਨਮ ਦਾ ਸਮਾਂ ਨਹੀਂ ਮਿਲਦਾ ਪਰ ਦੂਜੇ ਪਾਸੇ ਜਿਹਡ਼ੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ, ਉਨ੍ਹਾਂ ਦਾ ਜੀਵਨ ਸਫਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨਸਾਨ ਜਿਹੋ-ਜਿਹੇ ਕਰਮ ਕਰਦਾ ਹੈ, ਅੰਤ ਉਹੋ ਬਣ ਜਾਂਦਾ ਹੈ ਕਿਉਂਕਿ ਆਪ ਬੀਜ ਕੇ ਆਪ ਹੀ ਉਸ ਦਾ ਫਲ ਖਾਣਾ ਹੁੰਦਾ ਹੈ ਜਿਸ ਪ੍ਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਆਪ ਹੀ ਸਭ ਜੀਵਾਂ ਨੂੰ ਰਿਜ਼ਕ ਪਹੁੰਚਾਉਂਦਾ ਹੈ। ਉਹੀ ਆਪ ਸਭ ਦਾਤਾਂ ਦੇਣ ਵਾਲਾ ਹੈ, ਉਹ ਮਾਲਕ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਤੇਰੇ ਅੰਗ-ਸੰਗ ਵੱਸਦਾ ਹੈ। ਇਸ ਸਮੇਂ ਉਨ੍ਹਾਂ ਨਾਲ ਭਾਈ ਗੁਰਦੀਪ ਸਿੰਘ ਗ੍ਰੰਥੀ ਨੇ ਗੁਰਬਾਣੀ ਦਾ ਜਾਪ ਕੀਤਾ। ਇਸ ਮੌਕੇ ਹੈੱਡ ਗ੍ਰੰਥੀ ਭਾਈ ਸੁਰਜੀਤ ਸਿੰਘ ਸਭਰਾਅ, ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਤੇ ਐਡੀਸ਼ਨਲ ਹੈੱਡ ਗ੍ਰੰਥੀ ਭਾਈ ਹਰਜਿੰਦਰ ਸਿੰਘ ਚੰਡੀਗਡ਼੍ਹ ਵਾਲਿਆਂ ਨੇ ਹਾਜ਼ਰੀ ਭਰੀ। ਇਸ ਸਮੇਂ ਵਿਦੇਸ਼ ਤੋਂ ਪਰਤੇ ਭਾਈ ਮਨਜੀਤ ਸਿੰਘ ਦੇ ਹਜ਼ੂਰੀ ਰਾਗੀ ਜਥੇ ਤੇ ਹੋਰਨਾਂ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ।
‘ਨਵੇਂ ਸਮਾਜ ਦੀ ਸਿਰਜਣਾ ਲਈ ਨੌਜਵਾਨ ਵਰਗ ਸੁਚੇਤ ਹੋ ਕੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ’
NEXT STORY