ਕਪੂਰਥਲਾ (ਧੀਰ)-ਕਾਂਗਰਸ ਪਾਰਟੀ ਦੀ ਪੂਰੇ ਸੂਬੇ ’ਚ ਲਹਿਰ ਚੱਲ ਰਹੀ ਹੈ ਤੇ ਲੋਕ ਕੈਪਟਨ ਸਰਕਾਰ ਦੇ 2 ਸਾਲਾਂ ਦੇ ਕਾਰਜਕਾਲ ਤੋਂ ਬੇਹੱਦ ਖੁਸ਼ ਹਨ, ਇਸ ਲਈ ਲੋਕ ਸਭਾ ਦੀਆਂ ਸਾਰੀਆਂ 13 ਸੀਟਾਂ ’ਤੇ ਜਿੱਤ ਪ੍ਰਾਪਤ ਕਰਕੇ ਕਾਂਗਰਸ ਪਾਰਟੀ ਸੂਬੇ ’ਚ ਨਵਾਂ ਇਤਿਹਾਸ ਸਿਰਜੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਦੇਸ਼ ਪੰਜਾਬ ਕਾਂਗਰਸ ਸਕੱਤਰ ਪਰਵਿੰਦਰ ਸਿੰਘ ਪੱਪਾ, ਸੰਮਤੀ ਮੈਂਬਰ ਬਲਦੇਵ ਸਿੰਘ ਰੰਗੀਲਪੁਰ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋਡ਼ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਾ ਹੈ ਤੇ ਉਹ ਕਿਸੇ ਵੀ ਕੀਮਤ ’ਤੇ ਅਕਾਲੀ-ਭਾਜਪਾ ਨੂੰ ਮੂੰਹ ਲਗਾਉਣ ਲਈ ਤਿਆਰ ਨਹੀਂ ਹਨ। ਕੈਪਟਨ ਸਰਕਾਰ ’ਤੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਗਾਉਣ ਲਈ ਅਕਾਲੀ ਦਲ ਦੀ ਉਮੀਦਵਾਰ ਆਗੂ ਇਹ ਵੀ ਦੱਸ ਦੇਣ ਕਿ ਅਕਾਲੀ ਦਲ ਨੇ ਆਪਣੇ 10 ਸਾਲਾਂ ਦੇ ਰਾਜ ’ਚ ਕਿੰਨੇ ਵਾਅਦੇ ਪੂਰੇ ਕੀਤੇ ਸਨ। ਜੇ ਅਕਾਲੀ ਦਲ ਨੇ ਆਪਣੇ ਵਾਅਦੇ ਪੂਰੇ ਕੀਤੇ ਹੁੰਦੇ ਤਾਂ ਅੱਜ ਪੰਜਾਬ ’ਚ ਅਕਾਲੀ ਦਲ ਦੀ ਜੋ ਹਾਲਤ ਹੈ ਉਹ ਨਹੀਂ ਸੀ ਹੋਣੀ। ਅਕਾਲੀ ਦਲ ਨੇ ਤਾਂ ਆਪਣੇ ਭਾਰ ਹੇਠਾਂ ਦੱਬ ਕੇ ਖਤਮ ਹੋ ਜਾਣਾ ਹੈ, ਇਸਨੂੰ ਹਰਾਉਣ ਲਈ ਤਾਂ ਕੋਈ ਜ਼ਿਆਦਾ ਜ਼ੋਰ ਨਹੀਂ ਲਗਾਉਣਾ ਪੈਣਾ ਕਿਉਂਕਿ ਲੋਕਾਂ ਦੇ ਮਨਾਂ ’ਚ ਅੱਜ ਵੀ ਕੋਟਕਪੂਰਾ ਬਹਿਬਲ ਕਾਂਡ ਦੀਆਂ ਯਾਦਾਂ ਤਾਜ਼ਾ ਹਨ ਤੇ ਉਹ ਲੋਕ ਸਭਾ ਚੋਣਾਂ ’ਚ ਵਿਧਾਨ ਸਭਾ ਵਾਂਗ ਪੂਰੀ ਤਰ੍ਹਾਂ ਮਲੀਆਮੇਟ ਕਰਕੇ ਆਪਣੇ ਦਿਲਾਂ ਦੀ ਭਡ਼ਾਸ ਕੱਢਣਗੇ। ਕਾਂਗਰਸੀ ਆਗੂਆਂ ਪੱਪਾ ਤੇ ਬਲਦੇਵ ਨੇ ਕਿਹਾ ਕਿ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਚੋਣਾਂ ’ਚ ਕਾਂਗਰਸੀ ਵਰਕਰ ਵੱਡੀ ਭੂਮਿਕਾ ਨਿਭਾਉਣਗੇ ਤੇ 2 ਵਾਰ ਵਿਧਾਨ ਸਭਾ ਚੋਣਾਂ ਵਾਂਗ ਲੋਕ ਸਭਾ ਚੋਣਾਂ ’ਚ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਇਸ ਹਲਕੇ ’ਚੋਂ ਵੱਡੀ ਲੀਡ ਦਵਾਉਣਗੇ। 550 ਸਾਲਾ ਗੁਰਪੁਰਬ ਨੂੰ ਇਤਿਹਾਸਕ ਤੇ ਯਾਦਗਾਰੀ ਬਣਾਉਣ ’ਚ ਜੋ ਵਿਧਾਇਕ ਚੀਮਾ ਦੇ ਯਤਨ ਸਦਕਾ ਇਸ ਪਾਵਨ ਨਗਰੀ ਲਈ ਕੈਪਟਨ ਸਰਕਾਰ ਨੇ ਵੱਡੇ ਪ੍ਰੋਜੈਕਟ ਦੇ ਕੇ ਇਸ ਧਰਤੀ ਦੀ ਕਾਇਆ ਕਲਪ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸਨੂੰ ਹਲਕਾ ਨਿਵਾਸੀ ਕਦੇ ਵੀ ਨਹੀਂ ਭੁਲਾਉਣਗੇ ਤੇ ਉਨ੍ਹਾਂ ਵੱਲੋਂ ਇਸ ਨਗਰੀ ਦੇ ਵਿਕਾਸ ਲਈ ਦਿੱਤੀਆਂ ਗਰਾਂਟਾਂ ਦਾ ਮੁੱਲ ਲੋਕ ਸਭਾ ਚੋਣਾਂ ’ਚ ਵੱਡੀ ਜਿੱਤ ਦਵਾ ਕੇ ਵਿਆਜ ਸਮੇਤ ਵਾਪਸ ਕਰਨਗੇ। ਕਾਂਗਰਸੀ ਆਗੂਆਂ ਨੇ ਕਿਹਾ ਕਿ ਕਿੰਨੇ ਸ਼ਰਮ ਤੇ ਦੁੱਖ ਦੀ ਗੱਲ ਹੈ ਕਿ ਪੂਰਾ ਦੇਸ਼, ਸੂਬਾ ਜਦੋਂ ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਗੁਰਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ’ਚ ਜੁੱਟਿਆ ਹੋਇਆ ਹੈ ਉਦੋਂ ਮੋਦੀ ਸਰਕਾਰ ਖਾਮੋਸ਼ ਹੈ ਤੇ ਹਾਲੇ ਤੱਕ ਕੇਂਦਰ ਸਰਕਾਰ ਵੱਲੋਂ ਇੱਕ ਵੀ ਰੁਪਈਆ ਨਾ ਦੇਣਾ ਉਸਦੀ ਗੰਦੀ ਰਾਜਨੀਤੀ ਤੇ ਸੋਚ ਦਾ ਸਪਸ਼ਟ ਸਬੂਤ ਹੈ ਜਿਸਦਾ ਹਿਸਾਬ ਕਿਤਾਬ ਸੂਬੇ ਦੇ ਲੋਕ ਵਾਪਸ ਜ਼ਰੂਰ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤੋਖ ਸਿੰਘ ਬੱਗਾ ਸਰਪੰਚ ਭਾਗੋਰਾਈਆਂ, ਹਰਜੀਤ ਸਿੰਘ ਲਾਡੀ ਟੁਰਨਾ, ਸੰਦੀਪ ਸਿੰਘ ਕਲਸੀ, ਅੰਗਰੇਜ਼ ਸਿੰਘ ਢਿੱਲੋਂ ਡੇਰਾ ਸੈਯਦਾਂ, ਹਰਨੇਕ ਸਿੰਘ ਵਿਰਦੀ, ਸੁਖਜਿੰਦਰ ਸਿੰਘ ਸੋਨੀ ਸਰਪੰਚ ਜਾਰਜਪੁਰ, ਹਰਜਿੰਦਰ ਸਿੰਘ ਸਾਬਕਾ ਸਰਪੰਚ, ਬਾਵਾ ਭਗਤਪੁਰੀਆ ਆਦਿ ਵੀ ਹਾਜ਼ਰ ਸਨ।
ਗੁਰਦੁਆਰਾ ਬੇਬੇ ਨਾਨਕੀ ਜੀ ਵਿਖੇ ਕਰਵਾਇਆ ਗੁਰਮਤਿ ਸਮਾਗਮ
NEXT STORY