ਕਪੂਰਥਲਾ (ਮੱਲ੍ਹੀ)-ਬਰਗਾਡ਼ੀ ਕਾਂਡ ਦੀ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਤਹਿਤ ਗਠਿਤ ‘ਸਿੱਟ’ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਜਾਂਚ ਦੇ ਐਨ ਅੰਤਿਮ ਪਡ਼ਾਅ ਦੌਰਾਨ ‘ਸਿੱਟ’ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਹੋਏ ਤਬਾਦਲੇ ਰੱਦ ਕਰਨ ਲਈ ਚੋਣ ਕਮਿਸ਼ਨ ਭਾਰਤ ਸਰਕਾਰ ਪਾਸੋਂ ਮੰਗ ਕਰਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲਾ ਪ੍ਰਧਾਨ ਜਥੇ. ਨਰਿੰਦਰ ਸਿੰਘ ਖੁਸਰੋਪੁਰ ਦੀ ਅਗਵਾਈ ਹੇਠ ਦਲ ਦੇ ਅਹੁਦੇਦਾਰਾਂ ਦਾ ਇਕ ਵਫਦ ਡਿਪਟੀ ਕਮਿਸ਼ਨਰ ਕਪੂਰਥਲਾ ਦਫਤਰ ਪਹੁੰਚਿਆ। ਦਲ ਦੇ ਵਫਦ ਤੋਂ ਮੰਗ ਪੱਤਰ ਸਹਾਇਕ ਕਮਿਸ਼ਨਰ (ਜੀ. ਏ.) ਕਪੂਰਥਲਾ ਮੈਡਮ ਸ਼ਿਖਾ ਭਗਤ ਨੇ ਪ੍ਰਾਪਤ ਕੀਤਾ ਜਿਨ੍ਹਾਂ ਵਫਦ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਮੰਗ-ਪੱਤਰ ਜਲਦ ਹੀ ਮੁੱਖ ਚੋਣ ਕਮਿਸ਼ਨ ਭਾਰਤ ਕੋਲ ਪਹੁੰਚਾ ਦਿੱਤਾ ਜਾਵੇਗਾ। ਜਥੇ. ਨਰਿੰਦਰ ਸਿੰਘ ਖੁਸਰੋਪੁਰ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਬਤੌਰ ‘ਸਿੱਟ’ ਮੁਖੀ ਪੂਰਨ ਨਿਰਪੱਖਤਾ ਤੇ ਇਮਾਨਦਾਰੀ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਤੇ ਸਿੱਖ ਕੌਮ ਦੇ ਕਾਤਲਾਂ ਦੇ ਚੇਹਰਿਆਂ ਤੋਂ ਨਕਾਬ ਲਾਹੁਣ ਲਈ ਤਨਦੇਹੀ ਨਾਲ ਡਿਊਟੀ ਨਿਭਾਅ ਰਹੇ ਸਨ, ਜਿਸ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦੋਵੇਂ ਮੁਖੀਆਂ ਸਮੇਤ ਕਈ ਪੁਲਸ ਅਧਿਕਾਰੀ ਦੋਸ਼ੀ ਸਾਬਤ ਹੋਣ ਜਾ ਰਹੇ ਸਨ ਤਾਂ ਐੱਨ ਮੌਕੇ ਬਾਦਲਾਂ ਦੇ ਇਸ਼ਾਰੇ ’ਤੇ ਕੇਂਦਰ ਸਰਕਾਰ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਹੀ ਜਾਂਚ ਤੋਂ ਲਾਂਭੇ ਕੀਤਾ ਗਿਆ ਹੈ, ਜੋ ਸਰਾਸਰ ਗਲਤ ਹੈ। ਜਿਸ ਕਰ ਕੇ ਸਮੁੱਚੇ ਗੁਰਸਿੱਖ ਭਾਈਚਾਰੇ ਦੇ ਮਨਾਂ ’ਚ ਗੁੱਸੇ ਦੀ ਲਹਿਰ ਪੈਦਾ ਹੋ ਗਈ ਹੈ ਤੇ ਨਾਲ ਹੀ ਚੋਣ ਕਮਿਸ਼ਨ ਤੇ ਕੇਂਦਰ ਸਰਕਾਰ ਦੀ ਨਿਰਪੱਖਤਾ ’ਤੇ ਵੱਡਾ ਸਵਾਲੀਆ ਨਿਸ਼ਾਨ ਵੀ ਲੱਗਾ ਹੈ। ਜਿਸ ਨਾਲ ਸਿੱਧੇ ਤੌਰ ’ਤੇ ਇਹ ਗੱਲ ਸਾਬਿਤ ਹੋ ਗਈ ਹੈ ਕਿ ਭਾਜਪਾ ਤੇ ਆਰ. ਐੱਸ. ਐੱਸ. ਦੋਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਿੱਖਾਂ ਦੇ ਦੋਸ਼ੀਆਂ ਨੂੰ ਕਾਨੂੰਨੀ ਮਾਰ ਤੋਂ ਬਚਾਉਣਾ ਚਾਹੁੰਦੇ ਹਨ। ਵਫਦ ’ਚ ਸ਼ਾਮਲ ਰਾਜਿੰਦਰ ਸਿੰਘ ਫੌਜੀ ਫਗਵਾਡ਼ਾ, ਮੁਖਤਿਆਰ ਸਿੰਘ, ਲਵਪ੍ਰੀਤ ਸਿੰਘ, ਸੁਖਵਿੰਦਰ ਸਿੰਘ ਡਡਵਿੰਡੀ, ਲਵਦੀਪ ਸਿੰਘ, ਕਰਮਵੀਰ ਸਿੰਘ, ਮਨਜੀਤ ਸਿੰਘ, ਕਮਲਜੀਤ ਸਿੰਘ, ਬਲਦੇਵ ਸਿੰਘ, ਦਵਿੰਦਰ ਸਿੰਘ ਤੇ ਸਾਹਿਬ ਸਿੰਘ ਸਾਬੀ ਆਦਿ ਨੇ ਚੋਣ ਕਮਿਸ਼ਨ ਪਾਸੋਂ ਪੁਰਜ਼ੋਰ ਸ਼ਬਦਾਂ ’ਚ ਮੰਗ ਕੀਤੀ ਹੈ ਕਿ ਬਰਗਾਡ਼ੀ ਕਾਂਡ ਦੇ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਲਈ ‘ਸਿੱਟ’ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਜੋ ਤਬਾਦਲਾ ਕੀਤਾ ਗਿਆ ਹੈ, ਨੂੰ ਰੱਦ ਕੀਤਾ ਜਾਵੇ ਤੇ ਉਕਤ ਕਤਲ ਕਾਂਡ ਤੇ ਬੇ-ਅਦਬੀ ਕਾਂਡ ਦੀ ਬਿਨਾਂ ਕਿਸੇ ਭੈਅ ਤੇ ਖੌਫ ਦੇ ਨਿਰਪੱਖ ਜਾਂਚ ਕਰਨ ਲਈ ਆਦੇਸ਼ ਜਾਰੀ ਕੀਤੇ ਜਾਣ।
ਕਪੂਰਥਲਾ : ਫਾਈਨੈਂਸਰ ਨੂੰ ਪੈਟਰੋਲ ਪਾ ਕੇ ਜਿਉਂਦਾ ਸਾੜਿਆ
NEXT STORY