ਕਪੂਰਥਲਾ (ਵਿਪਨ ਮਹਾਜਨ, ਰਾਜਿੰਦਰ, ਓਬਰਾਏ)— ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ’ਚ ਵਾਪਰੀ ਬੇਅਦਬੀ ਦੀ ਕੋਸ਼ਿਸ਼ ਕਰਨ ਦੀ ਘਟਨਾ ਨੂੰ ਲੈ ਕੇ ਐੱਸ. ਐੱਸ. ਪੀ. ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਇਹ ਗੱਲ ਸਾਹਮਣੇ ਆਈ ਹੈ ਕਿ ਭੀੜ ਦੇ ਹੱਥੋਂ ਮਾਰਿਆ ਗਿਆ ਨੌਜਵਾਨ ਬੇਅਦਬੀ ਨਹੀਂ ਸਗੋਂ ਚੋਰੀ ਕਰਨ ਆਇਆ ਸੀ। ਇਸ ਦਾ ਖ਼ੁਲਾਸਾ ਪੰਜਾਬ ਪੁਲਸ ਨੇ ਕੀਤਾ ਹੈ। ਕਪੂਰਥਲਾ ਦੇ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਨੌਜਵਾਨ ਚੋਰੀ ਕਰਨ ਦੀ ਨੀਅਤ ਨਾਲ ਆਇਆ ਸੀ। ਉਨ੍ਹਾਂ ਨੇ ਬੇਅਦਬੀ ਦੀ ਕੋਸ਼ਿਸ਼ ਦੀਆਂ ਸੰਭਾਵਾਨਾਂ ਨੂੰ ਖਾਰਿਜ ਕੀਤਾ ਹੈ। ਜਿਹੜੇ ਲੋਕਾਂ ਨੇ ਉਕਤ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ ਹੈ, ਉਨ੍ਹਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਜਾਵੇਗਾ। ਉਥੇ ਹੀ ਕਪੂਰਥਲਾ ’ਚ ਇਕ ਵਾਰ ਫਿਰ ਤੋਂ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਅਤੇ ਪੁਲਸ ਨੇ ਗ੍ਰੰਥੀ ਸਮੇਤ ਕੁਝ ਲੋਕਾਂ ਨੂੰ ਹਿਰਾਸਤ ’ਚ ਵੀ ਲਿਆ ਹੈ।
ਨੌਜਵਾਨ ਦੇ ਕਤਲ ਤੋਂ ਬਾਅਦ ਐੱਸ. ਐੱਸ. ਪੀ. ਖੱਖ ਨੇ ਕਿਹਾ ਕਿ ਇਥੇ ਆ ਕੇ ਸਾਨੂੰ ਪਤਾ ਲੱਗਾ ਕਿ ਨਿਜ਼ਾਮਪੁਰ ਮੋੜ ’ਤੇ ਬਣੇ ਗੁਰਦੁਆਰਾ ਸਾਹਿਬ ’ਚ ਪ੍ਰਬੰਧਕ ਬਾਬਾ ਅਮਰਜੀਤ ਸਿੰਘ ਨੇ ਐਤਵਾਰ ਸਵੇਰੇ ਤੜਕੇ ਚਾਰ ਵਜੇ ਆ ਕੇ ਇਸ ਨੂੰ ਵੇਖਿਆ। ਗੁਰਦੁਆਰੇ ’ਚ ਬਾਹਰੀ ਸੂਬਿਆਂ ਦੇ ਦੋ ਸੇਵਾਦਾਰ ਵੀ ਰੱਖੇ ਗਏ ਹਨ। ਜਦੋਂ ਉਨ੍ਹਾਂ ਨੇ ਚੈੱਕ ਕੀਤਾ ਤਾਂ ਵੇਖਿਆ ਕਿ ਚੋਰੀ ਲਈ ਆਇਆ ਨੌਜਵਾਨ ਬਾਹਰੀ ਵਿਅਕਤੀ ਹੈ। ਉਨ੍ਹਾਂ ਨੇ ਆਪਣੇ ਸੇਵਾਦਾਰਾਂ ਨੂੰ ਕਹਿ ਕੇ ਉਸ ਨੂੰ ਫੜ ਲਿਆ। ਇਸ ਦੇ ਬਾਅਦ ਉਸ ਦੇ ਨਾਲ ਕੁੱਟਮਾਰ ਕਰਕੇ ਪੁੱਛਗਿੱਛ ਕੀਤੀ ਗਈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸ੍ਰੀ ਦਰਬਾਰ ਸਾਹਿਬ ਤੋਂ ਬਾਅਦ ਹੁਣ ਕਪੂਰਥਲਾ ’ਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਦਾ ਸੰਗਤ ਨੇ ਲਾਇਆ ਸੋਧਾ
ਐੱਸ. ਐੱਸ. ਪੀ. ਮੁਤਾਬਕ ਉਹ ਮੌਕੇ ’ਤੇ ਪਹੁੰਚੇ ਅਤੇ ਵੇਖਿਆ ਕਿ ਗੁਰਦੁਆਰਾ ਸਾਹਿਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਦੀ ਮੰਜ਼ਿਲ ’ਤੇ ਹੈ। ਹੇਠਾਂ ਰਹਿਣ ਲਈ ਕਮਰੇ ਬਣੇ ਹੋਏ ਹਨ। ਇਸ ਨੌਜਵਾਨ ਨੂੰ ਵੀ ਉਨ੍ਹਾਂ ਨੇ ਹੇਠਾਂ ਦੇ ਇਕ ਕਮਰੇ ’ਚ ਬੰਦ ਕਰਕੇ ਰੱਖਿਆ ਹੋਇਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਨਾਲ ਕੋਈ ਛੇੜਛਾੜ ਨਹੀਂ ਹੋਈ ਸੀ। ਉਨ੍ਹਾਂ ਨੇ ਗੁਰਦੁਆਰਾ ਪ੍ਰਬੰਧਕਾਂ ਨੂੰ ਦੋਬਾਰਾ ਪੁੱਛਗਿੱਛ ਕੀਤੀ ਤਾਂ ਦੱਸਿਆ ਗਿਆ ਕਿ ਮੁਲਜ਼ਮ ਨੇ ਜਿਹੜੀ ਜੈਕੇਟ ਪਾਈ ਹੋਈ ਸੀ, ਉਹ ਉਨ੍ਹਾਂ ਦੇ ਸੇਵਾਦਾਰਾਂ ਦੀ ਸੀ। ਸ਼ਾਇਦ ਉਹ ਜੈਕੇਟ ਚੋਰੀ ਕਰਕੇ ਲਿਜਾ ਰਿਹਾ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਸੇਵਾਦਾਰਾਂ ਦੇ ਕਹਿਣ ਮੁਤਾਬਕ ਨਿਸ਼ਾਨ ਸਾਹਿਬ ਨਾਲ ਛੇੜਛਾੜ ਕੀਤੀ ਗਈ।
ਭੀੜ ਨੂੰ ਸਮਝਾਉਣ ਦੀ ਕੀਤੀ ਗਈ ਕੋਸ਼ਿਸ਼ ਪਰ ਉਹ ਨਹੀਂ ਮੰਨੇ
ਐੱਸ. ਐੱਸ. ਪੀ. ਖੱਖ ਨੇ ਕਿਹਾ ਕਿ ਪੁਲਸ ਨੇ ਇਥੇ ਆ ਕੇ ਲੋਕਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪਹਿਲਾਂ ਹੀ ਵੀਡੀਓ ਪਾ ਦਿੱਤੀ ਸੀ। ਇਸੇ ਕਾਰਨ ਉਥੇ ਭੀੜ ਇਕੱਠੀ ਹੋਈ ਸੀ। ਉਨ੍ਹਾਂ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪਾਂ ਨਾਲ ਛੇੜਛਾੜ ਨਹੀਂ ਹੋਈ ਹੈ। ਇਸ ਦੇ ਬਾਵਜੂਦ ਲੋਕ ਨਹੀਂ ਮੰਨੇ ਅਤੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਹੁਣ ਪੁਲਸ ਸੋਸ਼ਲ ਮੀਡੀਆ ਦੀ ਵੀਡੀਓ ਅਤੇ ਦੂਜੇ ਸਬੂਤਾਂ ਦੇ ਜ਼ਰੀਏ ਪੂਰੇ ਮਾਮਲੇ ਦੀ ਜਾਂਚ ਕਰੇਗੀ।
ਇਹ ਵੀ ਪੜ੍ਹੋ: ਅੰਮ੍ਰਿਤਸਰ ਤੋਂ ਬਾਅਦ ਕਪੂਰਥਲਾ ’ਚ ਬੇਅਦਬੀ ਦੀ ਘਟਨਾ ਵਾਪਰਨ ਮਗਰੋਂ ਮਾਹੌਲ ਬਣਿਆ ਤਣਾਅਪੂਰਨ
ਮੁਲਜ਼ਮ ਦੇ ਗਲੇ ’ਚ ਪਾਏ ਮਿਲੇ ਸਨ ਆਈ. ਡੀ. ਕਾਰਡ
ਐੱਸ. ਐੱਸ. ਪੀ. ਖੱਖ ਨੇ ਦੱਸਿਆ ਕਿ ਮਾਰੇ ਗਏ ਨੌਜਵਾਨ ਕੋਲੋਂ ਗਲੇ ’ਚ ਪਾਏ ਕੁਝ ਆਈ ਕਾਰਡ ਮਿਲੇ ਸਨ। ਉਸ ਨੇ ਕਿਸੇ ਔਰਤ ਦੇ ਘਰੋਂ ਚੋਰੀ ਕੀਤੇ ਸਨ। ਮਹਿਲਾ ਦੇ ਬੱਚਿਆਂ ਦੇ ਪੁਰਾਣੇ ਆਈ. ਡੀ. ਕਾਰਡ ਵੀ ਸਨ, ਜਿਸ ਨੂੰ ਨੌਜਵਾਨ ਚੋਰੀ ਕਰਕੇ ਲੈ ਗਿਆ ਸੀ। ਉਨ੍ਹਾਂ ਨੂੰ ਉਹ ਗਲੇ ’ਚ ਪਾ ਕੇ ਘੁੰਮ ਰਿਹਾ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਫਿਲਹਾਲ ਪੁਲਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਭਗਵੰਤ ਮਾਨ ਦਾ ਕਾਂਗਰਸ 'ਤੇ ਤੰਜ, ਕਿਹਾ-ਜਿਨ੍ਹਾਂ ਦੀ ਆਪਸ 'ਚ ਨਹੀਂ ਬਣਦੀ ਉਹ ਪੰਜਾਬ ਦਾ ਕੀ ਸੰਵਾਰਨਗੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
CM ਚੰਨੀ ਅਤੇ ਸ਼੍ਰੀ ਅਵਿਨਾਸ਼ ਜੀ ਨੇ 25ਵੀਂ ਸ਼੍ਰੀ ਕ੍ਰਿਸ਼ਨ ਬਲਰਾਮ ਰਥ ਯਾਤਰਾ ਦਾ ਕੀਤਾ ਉਦਘਾਟਨ
NEXT STORY