ਲੁਧਿਆਣਾ (ਮਹਿਰਾ) : ਜਬਰ-ਜ਼ਿਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਆਤਮ ਨਗਰ ਵਿਧਾਨ ਸਭਾ ਖੇਤਰ ਦੇ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਬੈਂਸ ਨੂੰ ਡਿਊਟੀ ਮਜਿਸਟ੍ਰੇਟ ਸ਼ਿਵਾਂਗੀ ਸੰਗਰ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਇੱਥੇ ਅਦਾਲਤ ਨੇ ਉਸ ਨੂੰ 2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ। ਪੁਲਸ ਵੱਲੋਂ ਮੁਲਜ਼ਮ ਦੇ 5 ਦਿਨ ਰਿਮਾਂਡ ਦੀ ਮੰਗ ਕੀਤੀ ਗਈ ਸੀ ਅਤੇ ਕਿਹਾ ਗਿਆ ਕਿ ਮੁਲਜ਼ਮ ਕੋਲੋਂ ਬਰਾਮਦ ਮੋਬਾਇਲ ਫੋਨ ਦੀ ਜਾਂਚ ਕੀਤੀ ਜਾਣੀ ਬਾਕੀ ਹੈ ਅਤੇ ਹੁਣ ਮਾਮਲੇ ’ਚ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕੀਤੀ ਜਾਣੀ ਬਾਕੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ : ਸੈਕਟਰ-26 ਦੀ ਮੰਡੀ 'ਚ ਖੂਨੀ ਟਕਰਾਅ, ਅੰਬ ਵਿਕਰੇਤਾਵਾਂ ਨੇ ਕੱਢ ਲਏ ਚਾਕੂ
ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੂੰ ਕੋਈ ਰਾਹਤ ਨਾ ਮਿਲਣ ਤੋਂ ਬਾਅਦ ਬੈਂਸ ਲਈ ਹੁਣ ਸਾਰੇ ਰਸਤੇ ਬੰਦ ਹੁੰਦੇ ਹੋਏ ਦਿਖਾਈ ਦੇ ਰਹੇ ਹਨ। ਪੰਜਾਬ ਹਰਿਆਣਾ ਹਾਈਕੋਰਟ ਨੇ ਬੀਤੀ 10 ਜੂਨ ਨੂੰ ਹੀ ਬੈਂਸ ਦੀ ਅਗੇਤੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਲੁਧਿਆਣਾ ਦੀ ਤਤਕਾਲੀ ਵਧੀਕ ਸੈਸ਼ਨ ਜੱਜ ਰਸ਼ਮੀ ਸ਼ਰਮਾ ਦੀ ਅਦਾਲਤ ਨੇ ਵੀ ਬੈਂਸ ਦੀ ਅਗੇਤੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ, ਜਿਸ ਤੋਂ ਬਾਅਦ ਬੈਂਸ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਆਪਣੀ ਅਗੇਤੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ ਸੀ ਪਰ ਜਸਟਿਸ ਲੀਜਾ ਗਿੱਲ ਨੇ ਬਹਿਸ ਸੁਣਨ ਤੋਂ ਬਾਅਦ ਬੈਂਸ ਦੀ ਪਟੀਸ਼ਨ ਨੂੰ ਖਾਰਜ ਕਰਨ ਦਾ ਫ਼ੈਸਲਾ ਸੁਣਾਇਆ। ਕੋਈ ਰਾਹਤ ਨਾ ਮਿਲਣ ਤੋਂ ਬਾਅਦ ਹੁਣ ਬੈਂਸ ਵੱਲੋਂ ਆਪਣੇ ਆਪ ਨੂੰ ਪੁਲਸ ਦੇ ਸਾਹਮਣੇ ਆਤਮ-ਸਮਰਪਣ ਕੀਤੇ ਜਾਣ ਦੇ ਕਿਆਸ ਲਗਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : 2 ਮਹੀਨੇ ਦੀ ਛੁੱਟੀ 'ਤੇ ਗਏ ਪੰਜਾਬ ਦੇ DGP, ਕਾਰਜਕਾਰੀ DGP ਲਾਉਣ ਦੀ ਤਿਆਰੀ 'ਚ ਸਰਕਾਰ
ਜ਼ਿਕਰਯੋਗ ਹੈ ਕਿ ਇਲਾਕਾ ਮੈਜਿਸਟ੍ਰੇਟ ਹਰਸਿਮਰਨਜੀਤ ਕੌਰ ਦੀ ਅਦਾਲਤ ਵੱਲੋਂ ਬੈਂਸ ਨੂੰ ਪਹਿਲਾਂ ਹੀ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਦੀ ਜਾਇਦਾਦ ਨੂੰ ਕੁਰਕ ਕੀਤੇ ਜਾਣ ਦੀ ਵੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਕ ਵਿਧਵਾ ਔਰਤ ਦੀ ਸ਼ਿਕਾਇਤ ’ਤੇ ਉਸ ਨਾਲ ਜਬਰ-ਜ਼ਿਨਾਹ ਕੀਤੇ ਜਾਣ ਅਤੇ ਹੋਰ ਧਾਰਾਵਾਂ ਤਹਿਤ ਬੈਂਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤ ਕਾਰਨ ਪੁਲਸ ਥਾਣਾ ਡਵੀਜ਼ਨ ਨੰ. 6 ਵੱਲੋਂ ਅਦਾਲਤ ਦੇ ਹੁਕਮਾਂ ’ਤੇ ਵਿਧਾਇਕ ਬੈਂਸ ਅਤੇ ਹੋਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਪੀੜਤ ਵਿਧਵਾ ਨੇ ਅਦਾਲਤ ਤੋਂ ਪੁਲਸ ਨੂੰ ਸਾਬਕਾ ਵਿਧਾਇਕ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੇ ਹੁਕਮ ਦੇਣ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਸੀ। ਔਰਤ ਨੇ ਕਮਲਜੀਤ ਸਿੰਘ, ਬਲਜਿੰਦਰ ਕੌਰ, ਜਸਵੀਰ ਕੌਰ ਉਰਫ਼ ਭਾਬੀ, ਸੁਖਚੈਨ ਸਿੰਘ, ਪਰਮਜੀਤ ਸਿੰਘ ਉਰਫ਼ ਪੰਮਾ, ਲੁਧਿਆਣਾ ਦੇ ਗੋਗੀ ਸ਼ਰਮਾ ਖ਼ਿਲਾਫ਼ ਵੀ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ ਸੀ, ਜਿਨ੍ਹਾਂ ਖ਼ਿਲਾਫ਼ ਵੀ ਅਦਾਲਤ ’ਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਟਾਂਡਾ 'ਚ ਵਾਪਰੇ ਦਰਦਨਾਕ ਹਾਦਸੇ ਨੇ ਵਿਛਾਏ ਮੌਤ ਦੇ ਸੱਥਰ, ਇੱਕੋ ਪਰਿਵਾਰ ਦੇ 3 ਲੋਕਾਂ ਦੀ ਮੌਤ (ਤਸਵੀਰਾਂ)
NEXT STORY