ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦੀ ਗੱਲ ਚੱਲੀ ਤਾਂ ਰੂਹ ਜਿਵੇਂ ਇਕ ਵਾਰ ਫਿਰ ਨਨਕਾਣੇ ਦੀਆਂ ਗਲੀਆਂ 'ਚ ਜਾ ਪੁੱਜੀ, ਮੁਹੱਬਤ ਦੀ ਕਾਸ਼ਨੀ ਹਵਾ ਦੇ ਘੁੱਟ ਭਰਨ ਲਈ। ਜਦੋਂ ਮੈਂ ਅੱਠ ਕੁ ਸਾਲ ਪਹਿਲਾਂ ਨਨਕਾਣਾ ਸਾਹਿਬ ਗਿਆ ਸੀ ਤਾਂ ਲੱਗਦਾ ਸੀ ਜਿਵੇਂ ਮਾਂ ਨੇ ਮੇਲੇ 'ਚ ਵਿੱਛੜੇ ਆਪਣੇ ਬਾਲ ਦਾ ਹੱਥ ਦੁਬਾਰਾ ਫੜ ਕੇ ਉਸ ਦਾ ਮੱਥਾ ਚੁੰਮਿਆ ਹੋਵੇ। ਮੁਹੱਬਤ ਦੇ ਕਿੰਨੇ ਹੀ ਦਰਵਾਜ਼ਿਆਂ ਦੀਆਂ ਦੇਹਲੀਆਂ ਮੈਨੂੰ ਉਥੇ ਟੱਪਣ ਦਾ ਮੌਕਾ ਮਿਲਿਆ। ਬਹੁਤੇ ਬੂਹੇ ਮੈਨੂੰ ਇੰਝ ਖੁੱਲ੍ਹੇ ਮਿਲੇ ਜਿਵੇਂ ਕਹਿ ਰਹੇ ਹੋਣ, ਪਤਾ ਨਹੀਂ ਕਿੰਨੇ ਜੁਗਾਂ ਤੋਂ ਸਾਨੂੰ ਤੇਰੀ ਦੀਦ ਦੀ ਤੇਹ ਲੱਗੀ ਹੋਈ ਸੀ। ਅੱਜ ਤੈਨੂੰ ਤੱਕ ਕੇ ਸਾਡੀ ਈਦ ਮੁਬਾਰਕ ਹੋਈ ਹੈ।
ਮੈਨੂੰ ਯਾਦ ਆਉਂਦਾ ਜਦੋਂ ਮੈਂ ਗੁਰਦੁਆਰਾ ਜਨਮ ਅਸਥਾਨ ਦੇ ਸਾਹਮਣੇ ਕੁਲਸਮ ਬੀਬੀ ਨੂੰ ਮਿਲਿਆ ਸੀ। ਜਦੋਂ ਮੈਂ ਬੀਬੀ ਨੂੰ ਪੁੱਛਿਆ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਤਾਂ ਬੀਬੀ ਦੇ ਮੂੰਹੋਂ (ਬਹਿਰਾਮ) ਜਲੰਧਰ ਸੁਣ ਕੇ ਇੰਝ ਲੱਗਿਆ ਜਿਵੇਂ ਰਾਵੀ ਨੇ ਸਤਲੁਜ ਨੂੰ ਕਲਾਵੇ 'ਚ ਲੈਣ ਲਈ ਆਵਾਜ਼ ਮਾਰੀ ਹੋਵੇ। ਬੀਬੀ ਦੇ ਘਰ ਬੈਠਾ ਸੀ ਤਾਂ ਉਸ ਦੀ ਧੀ ਨਸੀਮ ਨੇ ਚੁੱਲ੍ਹੇ 'ਤੇ ਚਾਹ ਧਰ ਦਿੱਤੀ। ਕੁਲਸਮ ਬੀਬੀ ਦੱਸਣ ਲੱਗੀ ਕਿ ਇਹ ਜੜ੍ਹਾਂ ਵਾਲੇ ਵਿਆਹੀ ਹੋਈ ਹੈ। ਅੱਜ ਕੱਲ ਮੇਰੇ ਕੋਲ ਆਈ ਹੋਈ ਹੈ। ਨਸੀਮ ਮੈਨੂੰ ਚਾਹ ਫੜਾ ਕੇ ਕਹਿਣ ਲੱਗੀ, “ਭਾਅਜੀ ਅਗਲੀ ਵਿਸਾਖੀ 'ਤੇ ਮੇਰੇ ਸਹੁਰੇ ਘਰ ਜ਼ਰੂਰ ਆਇਉ। ” ਉਸ ਦੇ ਬੋਲ ਔੜਾਂ ਮਾਰੀ ਧਰਤੀ 'ਤੇ ਮੀਂਹ ਵਰ੍ਹਦੇ ਵਰਗੇ ਸਨ। ਅੱਜ ਕਈ ਸਾਲਾਂ ਬਾਅਦ ਵੀ ਉਨ੍ਹਾਂ ਬੋਲਾਂ ਦੀ ਯਾਦ ਦਾ ਚੰਨ ਜਦੋਂ ਜ਼ਿੰਦਗੀ ਦੇ ਅਸਮਾਨ 'ਚ ਆ ਚੜ੍ਹਦਾ ਹੈ ਤਾਂ ਇੰਝ ਲਗਦਾ ਜਿਵੇਂ ਭੈਣ ਨਸੀਮ ਜੜ੍ਹਾਂ ਵਾਲੇ 'ਚ ਆਪਣੇ ਬੂਹੇ 'ਤੇ ਖੜ੍ਹੀ ਮਿਲਣੀ ਦੀਆਂ ਘੜੀਆਂ ਉਡੀਕ ਰਹੀ ਹੈ। ਅੱਜ ਜਦੋਂ ਕਰਤਾਰਪੁਰ ਦਾ ਲਾਂਘਾ ਖੁੱਲ੍ਹ ਰਿਹਾ ਹੈ ਤਾਂ ਕੱਲ ਨੂੰ ਨਨਕਾਣੇ ਦਾ ਵੀ ਖੁੱਲ੍ਹ ਸਕਦਾ ਹੈ। ਫਿਰ ਕੁਲਸਮ ਬੀਬੀ ਦੀ ਨਨਕਾਣੇ ਤੋਂ ਮਾਰੀ ਆਵਾਜ਼ ਸੁਪਨੇ ਦੇ ਸੱਚ ਹੋਣ ਵਾਂਗ ਬਹਿਰਾਮ ਦੀਆਂ ਗਲੀਆਂ 'ਚ ਪੁੱਜੇਗੀ। ਅੱਜ ਟੁੱਟੀਆਂ ਤੰਦਾਂ ਜੋੜਨ ਵਾਲੇ ਸਮਿਆਂ 'ਚ ਬਾਬੇ ਬੁੱਲੇ ਦੇ ਇਹ ਬੋਲ ਹਵਾ 'ਚ ਗੂੰਜਦੇ ਸੁਣਾਈ ਦਿੰਦੇ ਨੇ :
ਸ਼ਰ੍ਹਾ ਕਹੇ ਚਲ ਪਾਸ ਮੁੱਲਾ ਦੇ, ਸਿੱਖ ਲੈ ਅਦਬ ਅਦਾਬਾਂ ਨੂੰ
ਇਸ਼ਕ ਕਹੇ ਇਕ ਹਰਫ਼ ਬਥੇਰਾ, ਠੱਪ ਰੱਖ ਹੋਰ ਕਿਤਾਬਾਂ ਨੂੰ
ਸ਼ਰ੍ਹਾ ਕਹੇ ਚਲ ਬਹਿਸ਼ਤੀ ਚੱਲੀਏ, ਬਹਿਸ਼ਤਾਂ ਦੇ ਮੇਵੇ ਖਾਵਾਂਗੇ
ਇਸ਼ਕ ਕਹੇ ਉਥੇ ਪਹਿਰਾ ਸਾਡਾ, ਆਪ ਹੱਥੀਂ ਵਰਤਾਵਾਂਗੇ
–ਮਨਜੀਤ ਸਿੰਘ ਰਾਜਪੁਰਾ, ਲੇਖਕ 'ਤਖ਼ਤ ਲਾਹੌਰ ਦੇ ਬੂਹੇ 'ਤੇ'
ਦਾਦੇ ਦੇ ਸੁਪਨੇ ਨੂੰ ਪੋਤੀ ਨੇ ਕੀਤਾ ਪੂਰਾ, ਹੁਣ ਪੰਜਾਬ 'ਚ ਵੀ ਬਣੀ ਸਿਵਲ ਜੱਜ
NEXT STORY