ਮੋਗਾ (ਆਜ਼ਾਦ)-ਬਾਘਾਪੁਰਾਣਾ ਪੁਲਸ ਨੇ ਕਾਤਲਾਨਾ ਹਮਲੇ ਦੀ ਯੋਜਨਾ ਬਣਾ ਰਹੇ 8 ਵਿਅਕਤੀਆਂ ਨੂੰ ਅਸਲੇ ਅਤੇ ਤੇਜ਼ਧਾਰ ਹਥਿਆਰਾਂ ਸਣੇ ਕਾਬੂ ਕੀਤਾ ਹੈ। ਇਸ ਸਬੰਧੀ ਬਾਘਾਪੁਰਾਣਾ ਪੁਲਸ ਨੇ ਬੀਤੇ ਦਿਨ 2 ਧਿਰਾਂ ਦੇ 19 ਵਿਅਕਤੀਆਂ ਖਿਲਾਫ ਇਕ-ਦੂਜੇ 'ਤੇ ਕਾਤਲਾਨਾ ਹਮਲਾ ਕਰਨ ਦੀ ਯੋਜਨਾ ਬਣਾਉਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਸੀ।
ਇਸ ਸਬੰਧੀ ਜ਼ਿਲਾ ਪੁਲਸ ਮੁਖੀ ਮੋਗਾ ਨੇ ਦੱਸਿਆ ਕਿ ਰਾਜੇਆਣਾ ਨਿਵਾਸੀ ਗਿਆਨ ਸਿੰਘ ਦੀ ਸਾਲ 2015 ਵਿਚ ਦੋ ਧਿਰਾਂ ਵਿਚਕਾਰ ਚੱਲਦੀ ਆ ਰਹੀ ਰੰਜਿਸ਼ ਕਾਰਨ ਅਜੀਤਪਾਲ ਸਿੰਘ ਉਰਫ ਰਵੀ ਨਿਵਾਸੀ ਪਿੰਡ ਰਾਜੇਆਣਾ ਨੇ ਆਪਣੇ ਸਾਥੀਆਂ ਨਾਲ ਕਥਿਤ ਮਿਲੀਭੁਗਤ ਕਰ ਕੇ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਬਾਘਾਪੁਰਾਣਾ ਪੁਲਸ ਨੂੰ ਬੀਤੇ ਦਿਨ ਜਾਣਕਾਰੀ ਮਿਲੀ ਸੀ ਕਿ ਦੋਵਾਂ ਧਿਰਾਂ ਹਥਿਆਰਾਂ ਨਾਲ ਲੈਸ ਹੋ ਕੇ ਇਕ-ਦੂਸਰੇ 'ਤੇ ਕਾਤਲਾਨਾ ਹਮਲਾ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਪੁਲਸ ਵੱਲੋਂ ਸੂਝ-ਬੂਝ ਨਾਲ ਉਕਤ ਖੂਨੀ ਟਕਰਾਅ ਨੂੰ ਟਾਲਣ ਲਈ ਦੋਵਾਂ ਧਿਰਾਂ ਖਿਲਾਫ ਮਾਮਲੇ ਦਰਜ ਕਰ ਕੇ ਉਨ੍ਹਾਂ ਨੂੰ ਕਾਬੂ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਫੜੇ ਗਏ ਕਥਿਤ ਦੋਸ਼ੀ ਗੁਰਚਰਨ ਸਿੰਘ ਫੌਜੀ ਅਤੇ ਕੇਵਲ ਸਿੰਘ ਕਤਲ ਕੀਤੇ ਗਏ ਗਿਆਨ ਸਿੰਘ ਰਾਜੇਆਣਾ ਦੇ ਭਰਾ ਹਨ।
ਕਿਵੇਂ ਆਏ ਕਥਿਤ ਦੋਸ਼ੀ ਕਾਬੂ
ਉਨ੍ਹਾਂ ਦੱਸਿਆ ਕਿ ਥਾਣਾ ਬਾਘਾਪੁਰਾਣਾ ਦੇ ਮੁੱਖ ਅਫਸਰ ਇੰਸਪੈਕਟਰ ਜੰਗਜੀਤ ਸਿੰਘ ਅਤੇ ਸੀ. ਆਈ. ਏ. ਸਟਾਫ ਮੋਗਾ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਧਿਰ ਦੇ ਕੁਝ ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਇਲਾਕੇ ਵਿਚ ਘੁੰਮ ਰਹੇ ਹਨ, ਜਿਸ 'ਤੇ ਗੁਰਚਰਨ ਸਿੰਘ ਫੌਜੀ, ਕੇਵਲ ਸਿੰਘ, ਅਰਸ਼ਦੀਪ ਸਿੰਘ, ਸੰਦੀਪ ਸੰਨੀ ਨਿਵਾਸੀ ਰਾਜੇਆਣਾ, ਮਨਦੀਪ ਸਿੰਘ ਹਾਥੀ ਨਿਵਾਸੀ ਚੜਿੱਕ, ਗੁਰਪ੍ਰੀਤ ਸਿੰਘ ਗੱਗੀ ਨਿਵਾਸੀ ਰਾਜੇਆਣਾ, ਗੁਰਿੰਦਰਜੀਤ ਸਿੰਘ ਨਿਵਾਸੀ ਮੰਡੀਰਾ ਵਾਲਾ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਨਾਜਾਇਜ਼ 32 ਬੋਰ ਪਿਸਤੌਲ, 32 ਬੋਰ ਰਿਵਾਲਵਰ ਤੋਂ ਇਲਾਵਾ 12 ਬੋਰ ਬੰਦੂਕ, 315 ਬੋਰ ਦੋਵੇਂ ਲਾਇਸੈਂਸੀ, ਤੇਜ਼ਧਾਰ ਖੰਡੇ ਅਤੇ ਦੋ ਗੱਡੀਆਂ ਸਕਾਰਪੀਓ ਤੇ ਇਨੋਵਾ ਬਰਾਮਦ ਕੀਤੀਆਂ ਗਈਆਂ।
ਕੀ ਹੋਈ ਪੁਲਸ ਕਾਰਵਾਈ
ਬਾਘਾਪੁਰਾਣਾ ਦੇ ਮੁੱਖ ਅਫਸਰ ਇੰਸਪੈਕਟਰ ਜੰਗਜੀਤ ਸਿੰਘ ਅਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੂਜੀ ਧਿਰ ਦੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦ ਹੀ ਕਾਬੂ ਆਉਣ ਦੀ ਸੰਭਾਵਨਾ ਹੈ।
ਕਾਂਗਰਸ ਦਲਿਤਾਂ, ਗਰੀਬਾਂ ਅਤੇ ਬੇਸਹਾਰਾ ਲੋਕਾਂ ਦੀ ਸਰਕਾਰ: ਵਿਧਾਇਕ ਹੈਨਰੀ
NEXT STORY