ਗੜ੍ਹਸ਼ੰਕਰ : ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਆਗੂ ਨਿਮਿਸ਼ਿਾ ਮਹਿਤਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲੀ ਵਲੋਂ ਸ਼ਰਾਬ ਘੁਟਾਲੇ ਵਿਚ ਫਸੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਜੇਲ ਵਿਚ ਬੰਦ ਦਿੱਲੀ ਦੇ ਮੰਤਰੀ ਸਤਿੰਦਰ ਜੈਨ ਦੀ ਤੁਲਣਾ ਭਗਤ ਸਿੰਘ ਨਾਲ ਕੀਤੇ ਜਾਣ ਨੂੰ ਭਗਤ ਦੀ ਦੇਸ਼ ਭਗਤੀ ਦਾ ਅਪਮਾਨ ਦੱਸਿਆ ਹੈ। ਨਿਮਿਸ਼ਾ ਨੇ ਕਿਹਾ ਕਿ ਭਗਤ ਸਿੰਘ ਦੇਸ਼ ਦੀ ਆਜ਼ਾਦੀ ਖਾਤਰ ਜੇਲ੍ਹ ਗਏ ਅਤੇ ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਖਾਤਰ ਹੀ ਕੁਰਬਾਨੀ ਦਿੱਤੀ ਹੈ ਜਦਕਿ ਅਰਵਿੰਦ ਕੇਜਰੀਵਾਲ ਦੀ ਕੈਬਨਿਟ ਦੇ ਮੰਤਰੀਆਂ ’ਤੇ ਹਜ਼ਾਰਾਂ ਕਰੋੜ ਰੁਪਏ ਦੇ ਘਪਲੇ ਦੇ ਇਲਜ਼ਾਮ ਲੱਗੇ ਹਨ ਅਤੇ ਇਨ੍ਹਾਂ ਕੋਲੋਂ ਪੁੱਛਗਿੱਛ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਹੋ ਰਹੀ ਹੈ। ਭਗਤ ਸਿੰਘ ਨੇ ਕੋਈ ਭ੍ਰਿਸ਼ਟਾਚਾਰ ਨਹੀਂ ਸੀ ਕੀਤਾ ਅਤੇ ਇਨ੍ਹਾਂ ਦੋਹਾਂ ਦੀ ਤੁਲਣਾ ਭਗਤ ਸਿੰਘ ਨਾਲ ਕਰਨਾ ਨਾ ਸਿਰਫ ਦੇਸ਼ ਦੇ ਸਾਰੇ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਹੈ ਬਲਕਿ ਮੌਜੂਦਾ ਪੀੜ੍ਹੀ ਵਿਚ ਭਗਤ ਸਿੰਘ ਦੇ ਪੂਰਣਿਆਂ ’ਤੇ ਚੱਲਣ ਵਾਲੇ ਉਨ੍ਹਾਂ ਦੇ ਸਮਰਥਕਾਂ ਦਾ ਵੀ ਅਪਮਾਨ ਹੈ।
ਉਨ੍ਹਾਂ ਕਿਹਾ ਕਿ ਜੇ ਸਤਿੰਦਰ ਜੈਨ ਇੰਨੇ ਹੀ ਇਮਾਨਦਾਰ ਹੁੰਦੇ ਤਾਂ ਉਨ੍ਹਾਂ ਨੂੰ ਹੁਣ ਤੱਕ ਅਦਾਲਤ ਤੋਂ ਜ਼ਮਾਨਤ ਮਿਲ ਜਾਂਦੀ ਪਰ ਅਦਾਲਤ ਨੇ ਜਾਂਚ ਏਜੰਸੀਆਂ ਵਲੋਂ ਪੇਸ਼ ਕੀਤੇ ਗਏ ਤੱਥਾਂ ਨੂੰ ਦੇਖਦੇ ਹੋਏ ਹੀ ਉਨ੍ਹਾਂ ਨੂੰ ਜ਼ਮਾਨਤ ਨਹੀਂ ਦਿੱਤੀ ਹੈ ਜਦਕਿ ਕੇਜਰੀਵਾਲ ਨੇ ਉਨ੍ਹਾਂ ਨੂੰ ਅਜੇ ਵੀ ਮੰਤਰੀ ਦੇ ਅਹੁਦੇ ’ਤੇ ਰੱਖਿਆ ਹੋਇਆ ਹੈ। ਜੇਕਰ ਇਹ ਦੋਵੇਂ ਆਗੂ ਸਾਫ ਨੀਅਤ ਹਨ ਤਾਂ ਕਾਨੂੰਨ ਇਨ੍ਹਾ ਨੂੰ ਖੁਦ ਰਾਹਤ ਦੇ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਲੋਕ ਜਨਤਾ ਨਾਲ ਝੂਠੇ ਵਾਅਦੇ ਕਰਕੇ ਸੱਤਾ ਵਿਚ ਆਏ ਹਨ ਅਤੇ ਸੱਤਾ ਵਿਚ ਆਉਣ ਤੋਂ ਬਾਅਦ ਇਨ੍ਹਾਂ ਨੇ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਹੈ। ਜਦਕਿ ਭਗਤ ਸਿੰਘ ਦੇਸ਼ ਦੀ ਆਜ਼ਾਦੀ ਦੀ ਖਾਤਰ ਹਰ ਕੁਰਬਾਨੀ ਦੇਣ ਦੇ ਆਪਣੇ ਵਾਅਦੇ ’ਤੇ ਖਰੇ ਉਤਰੇ ਸਨ। ਆਮ ਆਦਮੀ ਪਾਰਟੀ ਦੇ ਆਗੂ ਦੇਸ਼ ਲਈ ਇਕ ਦਿਨ ਵੀ ਜੇਲ੍ਹ ਨਹੀਂ ਗਏ ਇਨ੍ਹਾਂ ਨੂੰ ਜੇਲ ਭ੍ਰਿਸ਼ਟਾਚਾਰ ਦੇ ਕਾਲੇ ਕਾਰਨਾਮਿਆਂ ਕਰਕੇ ਹੋ ਰਹੀ ਹੈ ਅਤੇ ਇਹ ਲੋਕ ਭਗਤ ਸਿੰਘ ਨਾਲ ਆਪਣੀ ਤੁਲਣਾ ਕਰਕੇ ਉਨ੍ਹਾਂ ਦੇ ਨਾਂ ਦਾ ਇਸਤੇਮਾਲ ਕਰ ਰਹੇ ਹਨ।
ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮੋਹਾਲੀ 'ਚ ਟਰਾਂਜ਼ਿਟ ਰਿਮਾਂਡ 'ਤੇ ਭੇਜਿਆ
NEXT STORY