ਇੰਟਰਨੈਸ਼ਨਲ ਡੈਸਕ- ਅਫਰੀਕੀ ਦੇਸ਼ ਕੀਨੀਆ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਅਗਵਾ ਕੀਤੇ ਗਏ 3 ਪੰਜਾਬੀਆਂ ਨੂੰ ਸੁਰੱਖਿਅਤ ਛੁਡਵਾ ਕੇ ਭਾਰਤ ਭੇਜ ਦਿੱਤਾ ਗਿਆ ਹੈ। ਨੈਰੋਬੀ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮ 'X' 'ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ। ਇਸ ਆਪ੍ਰੇਸ਼ਨ 'ਚ ਭਾਰਤੀ ਮਿਸ਼ਨ ਨੇ ਕੀਨੀਆਈ ਅਧਿਕਾਰੀਆਂ, ਵਿਸ਼ੇਸ਼ ਤੌਰ 'ਤੇ ਡਾਇਰੈਕਟਰੇਟ ਆਫ਼ ਕ੍ਰਿਮੀਨਲ ਇਨਵੈਸਟੀਗੇਸ਼ਨ (DCI) ਨਾਲ ਮਿਲ ਕੇ ਕੰਮ ਕੀਤਾ।
ਜਾਣਕਾਰੀ ਅਨੁਸਾਰ ਤਿੰਨੇ ਭਾਰਤੀ ਨਾਗਰਿਕ 5 ਅਗਸਤ ਨੂੰ ਨੈਰੋਬੀ ਦੇ 'ਜੋਮੋ ਕੀਨੀਆਟਾ ਅੰਤਰਰਾਸ਼ਟਰੀ ਹਵਾਈ ਅੱਡੇ' 'ਤੇ ਪਹੁੰਚੇ ਸਨ। ਹਵਾਈ ਅੱਡੇ ਤੋਂ ਬਾਹਰ ਆਉਂਦਿਆਂ ਹੀ ਉਨ੍ਹਾਂ ਨੂੰ ਇੱਕ ਟੈਕਸੀ ਰਾਹੀਂ ਲਿਜਾਇਆ ਗਿਆ, ਜਿਸ ਨੂੰ ਉਨ੍ਹਾਂ ਦੇ ਸੰਪਰਕ ਵਾਲੇ ਇੱਕ ਵਿਅਕਤੀ ਨੇ ਬੁੱਕ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ 'ਕਿਆਮਬੂ ਕਾਊਂਟੀ' ਦੇ ਰੁਇਰੂ ਸਥਿਤ 'ਫੋਰਟ ਜੀਸਸ' ਇਲਾਕੇ ਦੇ ਇੱਕ ਘਰ 'ਚ ਬੰਧਕ ਬਣਾ ਕੇ ਰੱਖਿਆ ਗਿਆ ਅਤੇ ਕਿਸੇ ਨਾਲ ਵੀ ਸੰਪਰਕ ਨਹੀਂ ਕਰਨ ਦਿੱਤਾ ਗਿਆ।
DCI ਨੇ 11 ਅਗਸਤ ਨੂੰ ਮਨੁੱਖੀ ਤਸਕਰੀ ਦੇ ਇੱਕ ਸ਼ੱਕੀ ਮਾਮਲੇ 'ਚ ਕਾਰਵਾਈ ਕਰਦਿਆਂ ਤਿੰਨੋਂ ਭਾਰਤੀਆਂ ਨੂੰ ਸੁਰੱਖਿਅਤ ਰੈਸਕਿਊ ਕਰ ਲਿਆ। ਸ਼ੁਰੂਆਤੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖ਼ੁਲਾਸਾ ਕੀਤਾ ਕਿ ਉਹ ਤਿੰਨਾਂ ਭਾਰਤੀਆਂ ਨੂੰ ਈਥੋਪੀਆ ਦੇ ਰਸਤੇ ਡੰਕੀ ਰੂਟ ਰਾਹੀਂ ਇਟਲੀ ਭੇਜਣ 'ਚ ਮਦਦ ਕਰ ਰਹੇ ਸਨ।
ਇਸ ਮਾਮਲੇ 'ਚ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ 'ਚ 1 ਭਾਰਤੀ, 2 ਪਾਕਿਸਤਾਨੀ ਅਤੇ 2 ਕੀਨੀਆਈ ਨਾਗਰਿਕ ਸ਼ਾਮਲ ਹਨ। ਭਾਰਤੀ ਹਾਈ ਕਮਿਸ਼ਨ ਅਤੇ ਕੀਨੀਆਈ ਫ਼ੋਰਸਾਂ ਦੇ ਯਤਨਾਂ ਸਦਕਾ ਤਿੰਨਾਂ ਪੰਜਾਬੀ ਨੌਜਵਾਨਾਂ ਨੂੰ ਸੁਰੱਖਿਅਤ ਛੁਡਵਾ ਕੇ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ, ਜਿਸ ਮਗਰੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸੁੱਖ ਦਾ ਸਾਹ ਲਿਆ ਹੈ।
ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
NEXT STORY