ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਧਾਰਮਿਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਦੀਆਂ ਵੱਖ-ਵੱਖ ਥਾਵਾਂ 'ਤੇ ਗੰਦਗੀ ਦੀ ਭਰਮਾਰ ਹੈ। ਗੰਦਗੀ ਕਾਰਨ ਸ਼ਹਿਰ 'ਚ ਬੀਮਾਰੀਆਂ ਫੈਲਣ ਦਾ ਡਰ ਹੈ। ਮੁੱਢਲਾ ਸਿਹਤ ਕੇਂਦਰ ਦੇ ਪਿਛਲੇ ਪਾਸੇ ਗੰਦਾ ਪਾਣੀ ਖੜ੍ਹਾ ਹੈ। ਸ਼ਹਿਰ ਵਾਸੀ ਨਗਰ ਪੰਚਾਇਤ ਵੱਲੋਂ ਰੱਖੇ ਗਏ ਕੂੜੇਦਾਨ ਵਿਚ ਗੰਦਗੀ ਪਾਉਣ ਤੋਂ ਇਲਾਵਾ ਇਸ ਖੱਡ ਵਿਚ ਵੀ ਆਪਣੇ ਘਰਾਂ ਅਤੇ ਦੁਕਾਨਾਂ ਦਾ ਕੂੜਾ ਸੁੱਟ ਦਿੰਦੇ ਹਨ।
ਨਗਰ ਪੰਚਾਇਤ ਦੇ ਸਫਾਈ ਕਰਮਚਾਰੀ ਸ਼ਹਿਰ ਦੀਆਂ ਗਲੀਆਂ ਆਦਿ ਨੂੰ ਤਾਂ ਸਾਫ ਕਰ ਦਿੰਦੇ ਹਨ ਤੇ ਇੱਥੇ ਪਈ ਗੰਦਗੀ ਵੀ ਚੁੱਕ ਕ ਲੈ ਜਾਂਦੇ ਹਨ ਪਰ ਖੱਡ ਵਿਚ ਪਈ ਗੰਦਗੀ ਵੱਲ ਧਿਆਨ ਨਹੀਂ ਦਿੰਦੇ। ਇਸ ਦੇ ਨਾਲ ਹੀ ਸ. ਸ. ਸ. ਸਕੂਲ ਅਤੇ ਗੁਰਦੁਆਰਾ ਬਿਬਾਣਗੜ੍ਹ ਸਾਹਿਬ ਦੇ ਬਾਹਰ ਗਲੀ ਦੇ ਨਾਲ ਤੇ ਖੱਡ 'ਚ ਕਾਫੀ ਗੰਦਗੀ ਹੈ। ਸਕੂਲ, ਹਸਪਤਾਲ ਤੇ ਮੇਨ ਬਾਜ਼ਾਰ ਨੂੰ ਜੋੜਦੀ ਖੱਡ 'ਤੇ ਬਣੀ ਪੁਲੀ ਦੇ ਦੋਵਾਂ ਪਾਸੇ ਗੰਦਗੀ ਫੈਲੀ ਹੋਈ ਹੈ।
ਇਸ ਸੰਬੰਧੀ ਜਦੋਂ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਕਾਰਜ ਸਾਧਕ ਅਫਸਰ ਜਗਜੀਤ ਸਿੰਘ ਜੱਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਦੇ ਸਫਾਈ ਕਰਮਚਾਰੀ ਰੋਜ਼ਾਨਾ ਸ਼ਹਿਰ ਦੀ ਸਾਫ-ਸਫਾਈ ਕਰਦੇ ਹਨ। ਸਕੂਲ ਅਤੇ ਹਸਪਤਾਲ ਤੇ ਗੁਰਦੁਆਰਾ ਸਾਹਿਬ ਨਜ਼ਦੀਕ ਖੱਡ ਵਿਚ ਫੈਲੀ ਗੰਦਗੀ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਕਿਸੇ ਸ਼ਹਿਰ ਵਾਸੀ ਨੇ ਇਹ ਮਸਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਹੈ। ਉਹ ਇਸ ਬਾਰੇ ਜ਼ਰੂਰ ਕਾਰਵਾਈ ਕਰਨਗੇ ਅਤੇ ਸਫਾਈ ਕਰਵਾਉਣਗੇ। ਇਸ ਬਾਰੇ ਜਦੋਂ ਮੁੱਢਲਾ ਸਿਹਤ ਕੇਂਦਰ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ.ਐੱਮ.ਓ ਡਾ. ਪਵਨ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਇਥੇ ਸਪਰੇਅ ਕਰਵਾਈ ਗਈ ਹੈ। ਗੰਦੇ ਪਾਣੀ ਵਿਚ ਕਾਲਾ ਤੇਲ ਵੀ ਪਾਇਆ ਗਿਆ ਹੈ। ਇਸ ਬਾਰੇ ਪਿਛਲੇ ਹਫਤੇ ਡੀ. ਸੀ. ਰੂਪਨਗਰ ਨਾਲ ਹੋਈ ਮੀਟਿੰਗ ਵਿਚ ਇਹ ਮੁੱਦਾ ਰੱਖਿਆ ਗਿਆ ਸੀ । ਡੀ.ਸੀ ਸਾਹਿਬ ਵੱਲੋਂ ਨਗਰ ਪੰਚਾਇਤ ਦੇ ਈ.ਓ ਨੂੰ ਸਾਫ-ਸਫਾਈ ਕਰਵਾਉਣ ਦੀ ਹਦਾਇਤ ਵੀ ਕੀਤੀ ਗਈ ਸੀ।
ਗੁ. ਚਰਨ ਕੰਵਲ ਸਾਹਿਬ ਨੇੜੇ ਵੀ ਗੰਦਗੀ ਦੀ ਭਰਮਾਰ
ਗੁ. ਚਰਨ ਕੰਵਲ ਸਾਹਿਬ ਪਿੰਡ ਭਟੋਲੀ ਅੱਗਿਓਂ ਲੰਘਦੇ ਖੱਡ (ਨਾਲੇ) 'ਚ ਵੀ ਕਾਫੀ ਗੰਦਗੀ ਹੈ। ਬਾਜ਼ਾਰ ਤੋਂ ਪਿੰਡ ਭਟੋਲੀ ਨੂੰ ਜਾਂਦੀ ਪੁਲੀ ਦੇ ਨਾਲ ਵੀ ਲੋਕਾਂ ਨੇ ਕਾਫੀ ਕੂੜਾ ਸੁੱਟਿਆ ਹੋਇਆ ਹੈ, ਜਿਸ ਦੀ ਵੀ ਸਫਾਈ ਨਹੀਂ ਕੀਤੀ ਜਾਂਦੀ।
ਡੇਂਗੂ ਦੀ ਬੀਮਾਰੀ ਫੈਲਣ ਦਾ ਡਰ
ਖੱਡ ਦੀ ਸਹੀ ਸਫਾਈ ਨਾ ਹੋਣ ਕਾਰਨ ਅਤੇ ਲੋਕਾਂ ਵੱਲੋਂ ਕੂੜਾ ਸੁੱਟਣ ਕਾਰਨ ਗੰਦੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਹੀਂ ਹੋ ਰਹੀ। ਨਗਰ ਪੰਚਾਇਤ ਵੱਲੋਂ ਵੀ ਇਸ ਵਿਚ ਪਏ ਕੂੜੇ ਵੱਲ ਧਿਆਨ ਨਾ ਦੇਣ ਕਾਰਨ ਇਸ ਦੇ ਨਾਲ ਖੜ੍ਹੇ ਪਾਣੀ ਵਿਚ ਮੱਛਰ ਦਾ ਲਾਰਵਾ ਪੈਦਾ ਹੋ ਰਿਹਾ ਹੈ, ਜਿਸ ਕਾਰਨ ਡੇਂਗੂ ਦੀ ਬੀਮਾਰੀ ਫੈਲ ਸਕਦੀ ਹੈ।
ਪੇਸ਼ੀ ਭੁਗਤ ਕੇ ਵਾਪਸ ਜੇਲ ਆਏ ਦੋ ਹਵਾਲਾਤੀਆਂ 'ਤੇ ਹਮਲਾ
NEXT STORY