ਜਲੰਧਰ (ਵਰੁਣ)- ਜਲੰਧਰ ਦੇ ਸੰਤੋਖਪੁਰਾ ਤੋਂ ਅਗਵਾ ਹੋਈ 6 ਸਾਲਾ ਬੱਚੀ ਆਂਚਲ ਨੂੰ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਤੋਂ ਕੂੜਾ ਡੰਪ ਨੇੜਿਓਂ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਹੈ। ਸਥਾਨਕ ਲੋਕਾਂ ਨੇ ਦੇਰ ਰਾਤ ਜਦੋਂ ਬੱਚੀ ਨੂੰ ਲਾਵਾਰਿਸ ਹਾਲਤ ਵਿਚ ਵੇਖਿਆ ਤਾਂ ਉਹ ਠੰਡ ਕਾਰਨ ਕੰਬ ਰਹੀ ਸੀ। ਲੋਕਾਂ ਨੇ ਉਸ ਨੂੰ ਕੱਪੜੇ ਪਹਿਨਾਏ ਅਤੇ ਖਾਣਾ ਵੀ ਖੁਆਇਆ, ਜਿਸ ਤੋਂ ਬਾਅਦ ਅੰਮ੍ਰਿਤਸਰ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ। ਬੱਚੀ ਕਾਫ਼ੀ ਘਬਰਾਈ ਹੋਈ ਸੀ। ਅੰਮ੍ਰਿਤਸਰ ਪੁਲਸ ਨੇ ਜਲੰਧਰ ਪੁਲਸ ਨਾਲ ਸੰਪਰਕ ਕੀਤਾ ਅਤੇ ਫਿਰ ਜਾ ਕੇ ਬੱਚੀ ਦੇ ਪਿਤਾ ਜੋਧਾ ਸਿੰਘ ਨੂੰ ਨਾਲ ਲੈ ਕੇ ਜਲੰਧਰ ਪੁਲਸ ਅੰਮ੍ਰਿਤਸਰ ਤੋਂ ਬੱਚੀ ਨੂੰ ਵਾਪਸ ਲੈ ਕੇ ਆਈ।
‘ਜਗ ਬਾਣੀ’ ਵਿਚ ਬੱਚੀ ਦੀ ਦੁਮਾਲੇ ਵਾਲੀ ਤਸਵੀਰ ਵੇਖ ਕੇ ਸਥਾਨਕ ਲੋਕਾਂ ਨੇ ਨਿਹੰਗ ਸਿੰਘ ਤੋਂ ਹੀ ਅਕਾਲ ਕੌਰ ਨੂੰ ਦੁਮਾਲਾ ਪਹਿਨਾਇਆ ਅਤੇ ਜੈਕਾਰੇ ਬੁਲਾਉਂਦੇ ਹੋਏ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ। ਰਣਜੀਤ ਐਵੇਨਿਊ ਸੀ ਬਲਾਕ ਦੀ ਰਹਿਣ ਵਾਲੀ ਅਮਨਦੀਪ ਕੌਰ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਉਨ੍ਹਾਂ ਨੂੰ ਕੂੜੇ ਦੇ ਢੇਰ ਤੋਂ ਇਕ ਬੱਚੀ ਮਿਲੀ ਸੀ, ਜੋ ਖੁਦ ਦਾ ਨਾਂ ਅਕਾਲ ਕੌਰ ਉਰਫ਼ ਆਂਚਲ ਦੱਸ ਰਹੀ ਸੀ। ਬੱਚੀ ਕਹਿ ਰਹੀ ਸੀ ਕਿ ਉਸ ਦੀ ਮਾਂ ਉਸ ਨੂੰ ਛੱਡ ਕੇ ਗਈ ਹੈ ਪਰ ਜਦੋਂ ਉਨ੍ਹਾਂ ਨੇ ਨੇੜੇ ਹੀ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੇਖੇ ਤਾਂ ਇਕ ਵਿਅਕਤੀ ਤੋਂ ਇਲਾਵਾ ਬੱਚੀ ਦੇ ਘਰ ਪਨਾਹ ਲੈਣ ਵਾਲੀ ਔਰਤ ਉਸ ਨੂੰ ਗੋਦ ਵਿਚ ਚੁੱਕ ਕੇ ਆਉਂਦੀ ਵਿਖਾਈ ਦਿੱਤੀ ਅਤੇ ਫੁੱਟਪਾਥ ’ਤੇ ਬਿਠਾ ਕੇ ਖ਼ੁਦ ਚਲੀ ਗਈ।
ਇਹ ਵੀ ਪੜ੍ਹੋ :ਆਸਟ੍ਰੇਲੀਆ ਤੋਂ ਲਾਸ਼ ਬਣ ਪਰਤਿਆ ਦੋ ਭੈਣਾਂ ਦਾ ਇਕਲੌਤਾ ਭਰਾ, ਧਾਹਾਂ ਮਾਰ ਰੋਂਦੇ ਪਰਿਵਾਰ ਨੇ ਦਿੱਤੀ ਅੰਤਿਮ ਵਿਦਾਈ
ਉਨ੍ਹਾਂ ਨੇ ਬੱਚੀ ਨੂੰ ਉਸ ਦੇ ਘਰ ਬਾਰੇ ਪੁੱਛਿਆ ਪਰ ਬੱਚੀ ਘਬਰਾਈ ਹੋਈ ਸੀ। ਉਨ੍ਹਾਂ ਨੇ ਅੰਮ੍ਰਿਤਸਰ ਪੁਲਸ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਬੱਚੀ ਨੂੰ ਲੋਕਾਂ ਨੇ ਆਪਣੇ ਘਰ ਵਿਚ ਪਨਾਹ ਦਿੱਤੀ। ਉਸ ਨੂੰ ਖਾਣਾ ਖੁਆਇਆ ਅਤੇ ਸਵੇਰ ਹੋਣ ’ਤੇ ਜਦੋਂ ਪੁਲਸ ਨੇ ਬੱਚੀ ਨੂੰ ਉਸ ਦੇ ਘਰ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਜਲੰਧਰ ਵਿਚ ਰਹਿੰਦੀ ਹੈ। ਅਜਿਹੇ ਵਿਚ ਅੰਮ੍ਰਿਤਸਰ ਪੁਲਸ ਨੇ ਜਲੰਧਰ ਪੁਲਸ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਥਾਣਾ ਨੰਬਰ 8 ਦੇ ਮੁਖੀ ਨਵਦੀਪ ਸਿੰਘ ਨੇ ਅੰਮ੍ਰਿਤਸਰ ਪੁਲਸ ਨੂੰ ਵ੍ਹਟਸਐਪ ’ਤੇ ਬੱਚੀ ਦੀਆਂ ਤਸਵੀਰਾਂ ਭੇਜ ਕੇ ਕੰਫਰਮ ਕੀਤਾ ਕਿ ਬਰਾਮਦ ਹੋਈ ਬੱਚੀ ਆਂਚਲ ਹੀ ਹੈ। ਐੱਸ. ਐੱਚ. ਓ. ਨੇ ਤੁਰੰਤ ਬੱਚੀ ਦੇ ਪਿਤਾ ਨੂੰ ਨਾਲ ਲੈ ਕੇ ਪੁਲਸ ਟੀਮ ਅੰਮ੍ਰਿਤਸਰ ਭੇਜੀ ਅਤੇ ਬੱਚੀ ਨੂੰ ਵਾਪਸ ਜਲੰਧਰ ਲੈ ਕੇ ਆਏ। ਇੰਸ. ਨਵਦੀਪ ਸਿੰਘ ਨੇ ਬੱਚੀ ਨੂੰ ਉਸਦੇ ਪਿਤਾ ਹਵਾਲੇ ਕਰ ਦਿੱਤਾ। ਇੰਸ. ਨਵਦੀਪ ਸਿੰਘ ਨੇ ਦੱਸਿਆ ਕਿ ਫਿਲਹਾਲ ਬੱਚੀ ਨੂੰ ਕਿਡਨੈਪ ਕਰਨ ਵਾਲੀ ਔਰਤ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। ਉਨ੍ਹਾਂ ਕਿਹਾ ਕਿ ਜਲਦ ਹੀ ਉਸਦੀ ਪਛਾਣ ਕਰ ਕੇ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਬੱਚੀ ਬਾਰੇ ਪੁਲਸ ਨੂੰ ਸੂਚਨਾ ਦੇਣ ਵਾਲੀ ਔਰਤ ਨੂੰ ਅੰਮ੍ਰਿਤਸਰ ਪੁਲਸ ਨੇ ਸਨਮਾਨਤ ਕੀਤਾ।
ਜਾਣੋ ਕੀ ਹੈ ਪੂਰਾ ਮਾਮਲਾ
ਸ਼ਹਿਰ ਵਿਚ ਬੀਤੇ ਦਿਨ ਜਿਸ ਨਿਹੰਗ ਸਿੰਘ ਨੇ ਇਕ ਬੇਸਹਾਰਾ ਕੁੜੀ ਨੂੰ ਮਨਚਲਿਆਂ ਤੋਂ ਛੁਡਵਾ ਕੇ ਉਸ ਦੀ ਮਦਦ ਕੀਤੀ ਅਤੇ ਬਾਅਦ ਵਿਚ ਘਰ ਵਿਚ ਪਨਾਹ ਤੱਕ ਦੇ ਦਿੱਤੀ, ਉਹੀ ਕੁੜੀ ਉਨ੍ਹਾਂ ਦੀ 6 ਸਾਲਾ ਬੱਚੀ ਨੂੰ ਕਿਡਨੈਪ ਕਰਕੇ ਲੈ ਗਈ। ਸਬਜ਼ੀ ਵਿਕ੍ਰੇਤਾ ਦੀ ਪਤਨੀ ਨੇ ਕੁੜੀ ਅਤੇ ਬੱਚੀ ਨੂੰ ਗਾਇਬ ਪਾਇਆ ਤਾਂ ਉਸ ਨੇ ਤੁਰੰਤ ਆਪਣੇ ਪਤੀ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਨੰਬਰ 8 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਸ ਨੇ ਲੜਕੀ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਲਈ ਵੱਖ-ਵੱਖ ਟੀਮਾਂ ਗਠਿਤ ਕਰ ਦਿੱਤੀਆਂ ਹਨ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਬੰਦਾ ਸਿੰਘ ਉਰਫ਼ ਕਾਲੂ ਪੁੱਤਰ ਰਾਜਿੰਦਰ ਗਊ ਨਿਵਾਸੀ ਨੀਵੀਂ ਆਬਾਦੀ ਸੰਤੋਖਪੁਰਾ ਨੇ ਦੱਸਿਆ ਸੀ ਕਿ ਉਹ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਅਤੇ ਆਪਣੇ ਪਰਿਵਾਰ ਨਾਲ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ। 7 ਫਰਵਰੀ ਨੂੰ ਉਹ ਰੋਜ਼ਾਨਾ ਵਾਂਗ ਮਕਸੂਦਾਂ ਸਬਜ਼ੀ ਮੰਡੀ ਵਿਚ ਸਬਜ਼ੀ ਲੈਣ ਗਿਆ ਸੀ, ਜਿਉਂ ਹੀ ਉਹ ਟਰਾਂਸਪੋਰਟ ਨਗਰ ਚੌਂਕ ਪੁੱਜਾ ਤਾਂ ਵੇਖਿਆ ਕਿ ਇਕ ਕੁੜੀ ਨੂੰ ਕੁਝ ਨੌਜਵਾਨ ਤੰਗ ਕਰ ਰਹੇ ਸਨ, ਉਹ ਚੌਂਕ ਵਿਚ ਰੁਕ ਗਿਆ, ਜਿਸ ਨੂੰ ਵੇਖ ਕੇ ਨੌਜਵਾਨ ਭੱਜ ਗਏ।
ਇਹ ਵੀ ਪੜ੍ਹੋ : ਬਿਜਲੀ ਬੋਰਡ ਦੇ ਬਕਾਏ ਨੂੰ ਲੈ ਕੇ ਸੁਖਬੀਰ ਬਾਦਲ ਦਾ ਨਵਾਂ ਖ਼ੁਲਾਸਾ, 'ਆਪ' 'ਤੇ ਲਾਏ ਵੱਡੇ ਇਲਜ਼ਾਮ
ਨਿਹੰਗ ਸਿੰਘ ਨੇ ਕਿਹਾ ਕਿ ਸੀ ਲੜਕੀ ਕਾਫ਼ੀ ਸਹਿਮੀ ਹੋਈ ਸੀ, ਜਿਸ ਨੂੰ ਇਕੱਲਾ ਛੱਡਣਾ ਉਸ ਨੇ ਸਹੀ ਨਹੀਂ ਸਮਝਿਆ ਅਤੇ ਉਸ ਨੂੰ ਆਪਣੇ ਨਾਲ ਹੀ ਮੰਡੀ ਲੈ ਗਿਆ। ਸਬਜ਼ੀ ਖ਼ਰੀਦਣ ਤੋਂ ਬਾਅਦ ਉਹ ਲੜਕੀ ਨੂੰ ਆਪਣੇ ਘਰ ਲੈ ਗਿਆ, ਜਿਸ ਦੇ ਕੱਪੜੇ ਤੱਕ ਫਟੇ ਹੋਏ ਸਨ। ਬੰਦਾ ਸਿੰਘ ਦੀ ਪਤਨੀ ਨੇ ਉਸ ਲੜਕੀ ਨੂੰ ਖਾਣਾ ਖੁਆਇਆ ਅਤੇ ਪਹਿਨਣ ਲਈ ਆਪਣੇ ਕੱਪੜੇ ਵੀ ਦਿੱਤੇ। ਲੜਕੀ ਆਪਣਾ ਨਾਂ ਕਾਜਲ ਦੱਸ ਰਹੀ ਸੀ। ਬੰਦਾ ਸਿੰਘ ਨੇ ਕਿਹਾ ਕਿ 11 ਵਜੇ ਉਸ ਨੇ ਸਬਜ਼ੀ ਵੇਚਣ ਲਈ ਨਿਕਲਣਾ ਸੀ ਅਤੇ ਲੜਕੀ ਨੂੰ ਕਹਿ ਕੇ ਗਿਆ ਸੀ ਕਿ ਉਹ ਉਸਨੂੰ ਵਾਪਸ ਆ ਕੇ ਰੇਲਵੇ ਸਟੇਸ਼ਨ ਤੋਂ ਗੱਡੀ ਵਿਚ ਬਿਠਾ ਦੇਵੇਗਾ ਪਰ ਲੜਕੀ ਕਦੀ ਤਾਂ ਆਪਣਾ ਪਤਾ ਦਿੱਲੀ ਦਾ ਦੱਸਦੀ ਸੀ ਅਤੇ ਕਦੀ ਲਖਨਊ ਦਾ। ਇਸ ਤੋਂ ਵੀ ਪਰਿਵਾਰ ਨੂੰ ਸ਼ੱਕ ਨਹੀਂ ਹੋਇਆ।
11 ਵਜੇ ਬੰਦਾ ਸਿੰਘ ਸਬਜ਼ੀ ਵੇਚਣ ਚਲਾ ਗਿਆ ਪਰ ਡੇਢ ਵਜੇ ਉਸ ਦੀ ਪਤਨੀ ਨੇ ਫੋਨ ਕਰਕੇ ਦੱਸਿਆ ਕਿ ਉਕਤ ਲੜਕੀ ਘਰ ਵਿਚ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦੀ 6 ਸਾਲ ਦੀ ਬੱਚੀ ਆਂਚਲ ਘਰ ਵਿਚ ਵਿਖਾਈ ਦੇ ਰਹੀ ਹੈ। ਨਿਹੰਗ ਸਿੰਘ ਤੁਰੰਤ ਘਰ ਆਇਆ। ਉਨ੍ਹਾਂ ਆਪਣੇ ਪੱਧਰ ’ਤੇ ਉਨ੍ਹਾਂ ਨੂੰ ਕਾਫੀ ਲੱਭਿਆ ਪਰ ਲੜਕੀ ਅਤੇ ਬੱਚੀ ਦਾ ਕੁਝ ਪਤਾ ਨਹੀਂ ਲੱਗਾ। ਆਖਿਰਕਾਰ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਪੁਲਸ ਦੇ ਹੱਥ ਇਕ ਸੀ. ਸੀ. ਟੀ. ਵੀ. ਫੁਟੇਜ ਆਈ, ਜਿਸ ਵਿਚ ਲੜਕੀ ਬੱਚੀ ਨੂੰ ਪੈਦਲ ਹੀ ਆਪਣੇ ਨਾਲ ਲਿਜਾ ਰਹੀ ਸੀ। ਪੁਲਸ ਨੂੰ ਸ਼ੱਕ ਹੈ ਕਿ ਲੜਕੀ ਬੱਚੀ ਨੂੰ ਖਾਣ-ਪੀਣ ਦਾ ਸਾਮਾਨ ਦਿਵਾਉਣ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਈ ਹੈ, ਜਿਸ ਕਾਰਨ ਬੱਚੀ ਬਿਨਾਂ ਮਾਂ ਦੇ ਹੀ ਲੜਕੀ ਨਾਲ ਚਲੀ ਗਈ।
ਥਾਣਾ ਨੰਬਰ 8 ਦੀ ਪੁਲਸ ਨੇ ਬੰਦਾ ਸਿੰਘ ਦੇ ਬਿਆਨਾਂ ’ਤੇ ਲੜਕੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੂਜੇ ਪਾਸੇ ਥਾਣਾ ਨੰਬਰ 8 ਦੇ ਇੰਚਾਰਜ ਨਵਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਲੜਕੀ ਅਤੇ ਬੱਚੀ ਦੀਆਂ ਤਸਵੀਰਾਂ ਰੇਲਵੇ ਸਟੇਸ਼ਨ, ਬੱਸ ਸਟੈਂਡ ਆਦਿ ’ਤੇ ਭੇਜ ਦਿੱਤੀਆਂ ਹਨ। ਪੁਲਸ ਟੀਮਾਂ ਵੀ ਲਗਾਤਾਰ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਜਨਤਕ ਥਾਵਾਂ ’ਤੇ ਸਰਚ ਕਰ ਰਹੀਆਂ ਸਨ।
ਮੈਂ ਇਨਸਾਨੀਅਤ ਦੇ ਨਾਤੇ ਕੀਤੀ ਮਦਦ, ਪਰ ਉਹ ਮੇਰੇ ਜਿਗਰ ਦਾ ਟੋਟਾ ਲੈ ਗਈ : ਨਿਹੰਗ ਸਿੰਘ
ਨਿਹੰਗ ਬੰਦਾ ਸਿੰਘ ਨੇ ਭਾਵੇਂ ਇਨਸਾਨੀਅਤ ਦੇ ਨਾਤੇ ਲੜਕੀ ਦੀ ਮਦਦ ਕੀਤੀ ਪਰ ਹੁਣ ਉਹ ਪਛਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਸ਼ ਉਹ ਬਿਨਾਂ ਰੁਕੇ ਹੀ ਚਲਾ ਗਿਆ ਹੁੰਦਾ। ਮੈਂ ਲੜਕੀ ਦੀ ਮਦਦ ਕੀਤੀ ਪਰ ਉਹ ਮੇਰੇ ਜਿਗਰ ਦਾ ਟੋਟਾ ਹੀ ਕੱਢ ਕੇ ਲੈ ਗਈ। ਬੰਦਾ ਸਿੰਘ ਨੇ ਕਿਹਾ ਕਿ ਅਜਿਹੇ ਹਾਲਾਤ ਵਿਚ ਕੋਈ ਕਿਸੇ ਦੀ ਹੁਣ ਕਿਉਂ ਮਦਦ ਕਰੇਗਾ? ਬੱਚੀ ਦੇ ਕਿਡਨੈਪ ਹੋਣ ਤੋਂ ਬਾਅਦ ਆਂਚਲ ਦੀ ਮਾਂ ਦਾ ਵੀ ਰੋ-ਰੋ ਕੇ ਬੁਰਾ ਹਾਲ ਸੀ।
ਕੋਈ ਅਜਨਬੀ ਮਦਦ ਮੰਗੇ ਤਾਂ ਪੁਲਸ ਨੂੰ ਸੂਚਨਾ ਦਿਓ
ਥਾਣਾ ਨੰ. 8 ਦੇ ਇੰਚਾਰਜ ਨਵਦੀਪ ਸਿੰਘ ਨੇ ਕਿਹਾ ਕਿ ਕਿਸੇ ਦੀ ਮਦਦ ਕਰਨਾ ਗਲਤ ਨਹੀਂ ਹੈ ਪਰ ਉਸ ਦਾ ਤਰੀਕਾ ਸਹੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਨਬੀ ਮਦਦ ਮੰਗੇ ਤਾਂ ਤੁਰੰਤ ਪੁਲਸ ਨੂੰ ਸੂਚਨਾ ਦਿਓ ਤਾਂ ਕਿ ਪੁਲਸ ਉਸ ਅਜਨਬੀ ਨੂੰ ਲੈ ਕੇ ਸਾਰੀ ਜਾਂਚ ਕਰ ਲਵੇ। ਉਨ੍ਹਾਂ ਕਿਹਾ ਕਿ ਬੰਦਾ ਸਿੰਘ ਨੇ ਭਾਵੇਂ ਲੜਕੀ ਦੀ ਮਦਦ ਕੀਤੀ ਪਰ ਕੀ ਪਤਾ ਉਹ ਮਦਦ ਦੇ ਬਹਾਨੇ ਹੀ ਘਰ ਵਿਚ ਆਈ ਹੋਵੇ। ਉਨ੍ਹਾਂ ਕਿਹਾ ਕਿ ਲੋਕ ਪੁਲਸ ਨਾਲ ਅਜਿਹੀਆਂ ਜਾਣਕਾਰੀਆਂ ਜ਼ਰੂਰ ਸ਼ੇਅਰ ਕਰਨ।
ਇਹ ਵੀ ਪੜ੍ਹੋ : ਦੇਹ ਵਪਾਰ ਦੇ ਅੱਡਿਆਂ ਦਾ ਗੜ੍ਹ ਬਣ ਚੁੱਕਿਐ ਜਲੰਧਰ ਦਾ ਵੈਸਟ ਹਲਕਾ, ਇਨ੍ਹਾਂ ਮੁਹੱਲਿਆਂ ’ਚ ਚੱਲ ਰਿਹੈ ਗਲਤ ਕੰਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਗੁਰਾਇਆ ’ਚ ਵੱਡੀ ਵਾਰਦਾਤ, ਦੁਕਾਨ ’ਚ ਦਾਖਲ ਹੋ ਕੇ ਤਲਵਾਰਾਂ ਨਾਲ ਵੱਢਿਆ ਮੁੰਡਾ
NEXT STORY