ਤਰਨਤਾਰਨ, (ਰਾਜੂ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਬਾਬਾ ਵੀਰ ਸਿੰਘ ਦੀ ਮੀਟਿੰਗ ਜ਼ੋਨ ਪ੍ਰਧਾਨ ਸੁਖਵਿੰਦਰ ਸਿੰਘ ਦੁਗਲਵਾਲਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਰਸੂਲਪੁਰ, ਨਹਿਰਾ ਵਿਖੇ ਹੋਈ। ਮੀਟਿੰਗ 'ਚ ਜ਼ੋਨ ਦੇ ਵੱਖ-ਵੱਖ ਪਿੰਡਾਂ ਤੋਂ ਇਲਾਵਾ ਬਨਵਾਲੀਪੁਰ, ਦੁਗਲਵਾਲਾ, ਬੇਗਮਪੁਰ, ਕਲੇਰ ਆਦਿ ਪਿੰਡਾਂ ਦੇ ਪੀੜਤ ਕਿਸਾਨਾਂ ਨੇ ਵਿਸ਼ੇਸ਼ ਤੌਰ 'ਤੇ ਹਿੱਸਾ ਲਿਆ।
ਮੀਟਿੰਗ ਦੀ ਕਾਰਵਾਈ ਚੱਲਣ ਤੋਂ ਬਾਅਦ ਕਿਸਾਨਾਂ ਨੇ ਅੰਮ੍ਰਿਤਸਰ-ਹਰੀਕੇ ਮਾਰਗ ਜਾਮ ਕਰਕੇ ਕੋ-ਆਪ੍ਰੇਟਿਵ ਸੁਸਾਇਟੀ ਪਿੰਡ ਬਨਵਾਲੀਪੁਰ ਦੇ ਸੈਕਟਰੀ ਚਰਨ ਸਿੰਘ ਦਾ ਪੁਤਲਾ ਫੂਕਿਆ ਅਤੇ ਇਸ ਸੈਕਟਰੀ 'ਤੇ ਉਚ ਅਧਿਕਾਰੀਆਂ ਨਾਲ ਮਿਲ ਕੇ ਕਾਰਵਾਈ ਕਰਵਾਉਣ ਦਾ ਅਹਿਦ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲਾ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਸਕੱਤਰ ਜਸਬੀਰ ਸਿੰਘ ਪਿੱਦੀ, ਜ਼ੋਨ ਪ੍ਰਧਾਨ ਸੁਖਵਿੰਦਰ ਸਿੰਘ ਦੁਗਲਵਾਲਾ ਨੇ ਦੱਸਿਆ ਕਿ ਪੀੜਤ ਕਿਸਾਨਾਂ ਨੇ ਜਥੇਬੰਦੀ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਦਿ ਕੋ-ਆਪ੍ਰੇਟਿਵ ਸੁਸਾਇਟੀ ਬਨਵਾਲੀਪੁਰ ਦੇ ਅੰਡਰ 4 ਪਿੰਡ ਆਉਂਦੇ ਹਨ ਤੇ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦੇ ਖਾਤੇ ਇਸ ਸੁਸਾਇਟੀ 'ਚ ਹਨ। ਹੱਦ ਕਰਜ਼ੇ ਮੁਤਾਬਕ ਕੋਈ 385 ਕਿਸਾਨ ਸੁਸਾਇਟੀ 'ਤੇ ਲੈਣ-ਦੇਣ ਕਰਦੇ ਹਨ। ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦਾ ਵਿਸ਼ਵਾਸ ਵੀ ਸੈਕਟਰੀ ਚਰਨ ਸਿੰਘ ਨਾਲ ਬਣਿਆ ਸੀ ਪਰ ਪਿਛਲੇ ਸਮੇਂ 'ਚ ਕੈਪਟਨ ਸਰਕਾਰ ਦੀ ਕਰਜ਼ਾ ਮੁਆਫੀ ਦਾ ਐਲਾਨ ਸੁਣ ਕੇ ਸੈਕਟਰੀ ਚਰਨ ਸਿੰਘ ਨੇ ਲੱਗਭਗ 200 ਕਿਸਾਨਾਂ ਕੋਲੋਂ ਖਾਲੀ ਚੈੱਕਾਂ 'ਤੇ ਦਸਤਖਤ ਕਰਵਾ ਲਏ ਅਤੇ ਵਧ ਕਰਜ਼ਾ ਭਰ ਕੇ ਕੋਈ 30-35 ਲੱਖ ਦੀ ਹੇਰਾ-ਫੇਰੀ ਕਰ ਲਈ ਹੈ। ਪੀੜਤ ਕਿਸਾਨ ਪ੍ਰਗਟ ਸਿੰਘ, ਮੰਗਲ ਸਿੰਘ, ਨਿਸ਼ਾਨ ਸਿੰਘ, ਸੰਤੋਖ ਸਿੰਘ, ਬਲਜੀਤ ਸਿੰਘ, ਹਰਜੀਤ ਸਿੰਘ, ਕੁਲਦੀਪ ਸਿੰਘ ਆਦਿ ਨੇ ਉਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ ਪਰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ। ਮੀਟਿੰਗ 'ਚ ਮਤਾ ਪਾਸ ਕਰਕੇ ਆਗੂਆਂ ਨੇ ਸਬੰਧਤ ਮਹਿਕਮੇ ਦੇ ਉਚ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੀੜਤ ਕਿਸਾਨਾਂ ਨੂੰ 10 ਨਵੰਬਰ ਤੱਕ ਇਨਸਾਫ ਨਾ ਮਿਲਿਆ ਤਾਂ ਜਥੇਬੰਦੀ ਦੀ ਅਗਲੀ ਮੀਟਿੰਗ 'ਚ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਗੁਰਭੇਜ ਸਿੰਘ ਬੇਗਮਪੁਰ, ਹਰਜਿੰਦਰ ਸਿੰਘ ਕਲੇਰ, ਸਤਨਾਮ ਸਿੰਘ, ਅਵਤਾਰ ਸਿੰਘ, ਸਵਿੰਦਰ ਸਿੰਘ, ਜਗੀਰ ਸਿੰਘ, ਅੰਮ੍ਰਿਤਪਾਲ ਸਿੰਘ, ਜਗੀਰ ਸਿੰਘ, ਗੁਰਦਿਆਲ ਸਿੰਘ, ਧੰਨਾ ਸਿੰਘ, ਬਲਕਾਰ ਸਿੰਘ ਆਦਿ ਤੋਂ ਇਲਾਵਾ ਗਿਆਨ ਦੀਪ, ਲਖਵਿੰਦਰ ਸਿੰਘ ਬਾਗੜੀਆ ਵੀ ਹਾਜ਼ਰ ਸਨ।
ਹੋਟਲ ਦੇ ਕਮਰੇ 'ਚ ਰੁਕੇ ਨੌਜਵਾਨ ਦੀ ਮੌਤ
NEXT STORY