ਜਲੰਧਰ (ਬਿਊਰੋ)– ਭਾਰਤ ’ਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ। ਹੋਲੀ ਦਾ ਤਿਉਹਾਰ ਵੀ ਸਾਰੇ ਲੋਕਾਂ ਦਾ ਹਰਮਨ ਪਿਆਰਾ ਤਿਉਹਾਰ ਹੈ। ਇਸ ਤਿਉਹਾਰ ਨੂੰ ਲੋਕ ਬਿਨਾਂ ਕਿਸੇ ਭੇਦਭਾਵ ਤੋਂ ਮਨਾਉਂਦੇ ਹਨ। ਰੰਗਾਂ ਦਾ ਤਿਉਹਾਰ ਹੋਣ ਕਾਰਨ ਇਹ ਮਨੁੱਖੀ ਹਿਰਦੇ ’ਚ ਖ਼ੁਸ਼ੀ ਦੇ ਰੰਗ ਭਰਦਾ ਹੈ। ਇਹ ਤਿਉਹਾਰ ਸਾਡੇ ਆਪਸੀ ਝਗੜੇ, ਗੁੱਸੇ-ਗਿੱਲੇ ਆਦਿ ਭੁਲਾ, ਵਿਛੜੇ ਮਿਲਾਉਣ ਤੇ ਸਾਰਿਆਂ ਨੂੰ ਇਕਮਿਕ ਕਰਨ ਦਾ ਤਿਉਹਾਰ ਹੈ। ਇਸ ਨੂੰ ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਹੋਲੀ ਦਾ ਤਿਉਹਾਰ ਦੋ ਦਿਨ ਮਨਾਇਆ ਜਾਂਦਾ ਹੈ। ਪਹਿਲੇ ਦਿਨ ‘ਹੋਲਿਕਾ ਦਹਿਨ’ ਕੀਤਾ ਜਾਂਦਾ ਹੈ। ਦੂਜੇ ਦਿਨ ਲੋਕ ਇਕ-ਦੂਜੇ ’ਤੇ ਰੰਗ ਤੇ ਗੁਲਾਲ ਆਦਿ ਸੁੱਟ ਕੇ ਹੋਲੀ ਮਨਾਉਂਦੇ ਹਨ। ਇਸ ਦਿਨ ਕਈ ਲੋਕ ਢੋਲ ਵਜਾ ਕੇ ਹੋਲੀ ਦੇ ਗੀਤ ਗਾਉਂਦੇ ਹੋਏ ਘਰ-ਘਰ ਜਾ ਕੇ ਲੋਕਾਂ ਨੂੰ ਰੰਗ ਲਗਾਉਂਦੇ ਹਨ।
ਮੰਨਿਆ ਜਾਂਦਾ ਹੈ ਕਿ ਹੋਲੀ ਵਾਲੇ ਦਿਨ ਲੋਕ ਆਪਣੇ ਗਿਲੇ-ਸ਼ਿਕਵੇ ਭੁਲਾ ਕੇ ਇਕ-ਦੂਜੇ ’ਤੇ ਰੰਗ-ਗੁਲਾਲ ਮਲਦੇ ਹਨ। ਲੋਕ ਨਹਾ-ਧੋ ਕੇ ਨਵੇਂ ਕੱਪੜੇ ਪਾਉਂਦੇ ਹਨ ਤੇ ਮਠਿਆਈਆਂ ਵੰਡਦੇ ਹਨ। ਉੱਤਰੀ ਭਾਰਤ ’ਚ ਇਸ ਦਿਨ ਗੁਜੀਆ ਨਾਂ ਦੀ ਮਠਿਆਈ ਖਾਣ ਦਾ ਰਿਵਾਜ਼ ਹੈ। ਇਸ ਦਿਨ ਮਠਿਆਈ ਦੀਆਂ ਦੁਕਾਨਾਂ ’ਤੇ ਇਸ ਨੂੰ ਖਰੀਦਣ ਲਈ ਲੋਕਾਂ ਦੀ ਭਾਰੀ ਭੀੜ ਲੱਗੀ ਰਹਿੰਦੀ ਹੈ। ਲੋਕ ਆਪਣੇ ਗੁਆਂਢੀਆਂ ਤੇ ਸਬੰਧੀਆਂ ਦੇ ਘਰਾਂ ’ਚ ਵੀ ਮਠਿਆਈ ਲੈ ਕੇ ਜਾਂਦੇ ਹਨ।
ਹੋਲੀ ਦਾ ਤਿਉਹਾਰ ਬਸੰਤ ਪੰਚਮੀ ਦੇ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਖੇਤਾਂ ’ਚ ਸਰ੍ਹੋਂ ਖਿੜ੍ਹ ਜਾਂਦੀ ਹੈ। ਬਾਗ-ਬਗੀਚਿਆਂ ’ਚ ਭਾਂਤ-ਭਾਂਤ ਦੇ ਫੁੱਲ ਖਿੜ ਪੈਂਦੇ ਹਨ। ਰੁੱਖ-ਬੂਟੇ, ਪਸ਼ੂ-ਪੰਛੀ ਤੇ ਮਨੁੱਖ ਹਰ ਕੋਈ ਖ਼ੁਸ਼ੀਆਂ-ਖੇੜਿਆਂ ਨਾਲ ਭਰ ਜਾਂਦਾ ਹੈ। ਖੇਤਾਂ ’ਚ ਕਣਕ ਦੀਆਂ ਬੱਲੀਆਂ ਝੂਮਣ ਲੱਗਦੀਆਂ ਹਨ। ਕਿਸਾਨਾਂ ਦੇ ਚਿਹਰੇ ਖ਼ੁਸ਼ੀ ਨਾਲ ਖਿੜ੍ਹ ਪੈਂਦੇ ਹਨ। ਹੋਲੀ ਦਾ ਤਿਉਹਾਰ ਪੁਰਾਤਨ ਕਾਲ ਤੋਂ ਹੀ ਮਨਾਇਆ ਜਾਂਦਾ ਰਿਹਾ ਹੈ। ਬ੍ਰਿਜ ਦੀ ਹੋਲੀ ਬਹੁਤ ਹੀ ਪ੍ਰਸਿੱਧ ਹੈ। ਭਾਰਤ ਤੋਂ ਇਲਾਵਾ ਦੇਸ਼-ਵਿਦੇਸ਼ਾਂ ਤੋਂ ਲੋਕ ਇਸ ਨੂੰ ਦੇਖਣ ਲਈ ਮਥੁਰਾ-ਵ੍ਰਿੰਦਾਵਨ ਪੁੱਜਦੇ ਹਨ। ਮੰਨਿਆ ਜਾਂਦਾ ਹੈ ਕਿ ਪ੍ਰਾਚੀਨ ਸਮੇਂ ’ਚ ਇਥੇ ਸ਼੍ਰੀ ਕ੍ਰਿਸ਼ਨ ਆਪਣੀਆਂ ਗੋਪੀਆਂ ਨਾਲ ਮਿਲ ਕੇ ਹੋਲੀ ਖੇਡਦੇ ਸਨ। ਉਦੋਂ ਤੋਂ ਹੀ ਬ੍ਰਿਜ ਦੇ ਇਲਾਕੇ ’ਚ ਹੋਲੀ ਮਨਾਉਣ ਦਾ ਰਿਵਾਜ਼ ਪ੍ਰਚੱਲਿਤ ਹੈ।
ਆਧੁਨਿਕ ਸਮੇਂ ’ਚ ਬ੍ਰਿਜ ’ਚ ਖੇਡੀ ਜਾਂਦੀ ਹੋਲੀ ਦਾ ਪ੍ਰੰਪਰਾਗਤ ਰੂਪ ਦੇਖਣ ਨੂੰ ਮਿਲਦਾ ਹੈ। ਇਥੇ ਖੇਡੀ ਜਾਂਦੀ ਫੁੱਲਾਂ ਦੀ ਹੋਲੀ, ਲੱਠਮਾਰ ਹੋਲੀ ਤੇ ਰੰਗ-ਗੁਲਾਲ ਦੀ ਹੋਲੀ ਦੇਖਣ ਲਈ ਦੂਰ-ਦੁਰਾਡੇ ਤੋਂ ਲੋਕ ਪੁੱਜਦੇ ਹਨ। ਲੋਕ ਹੋਲੀ ਨੂੰ ਹਿੰਦੂਆਂ ਦੇ ਤਿਉਹਾਰ ਦੇ ਤੌਰ ’ਤੇ ਜਾਣਦੇ ਹਨ ਪਰ ਅਸਲ ’ਚ ਇਹ ਸਰਬ-ਸਾਂਝਾ ਤਿਉਹਾਰ ਹੈ। ਹੋਲੀ ਦੇ ਤਿਉਹਾਰ ਨਾਲ ਕਈ ਮਿੱਥ ਕਥਾਵਾਂ ਜੁੜੀਆਂ ਹੋਈਆਂ ਹਨ। ਖ਼ਾਸ ਕਰਕੇ ਪ੍ਰਹਿਲਾਦ ਦੀ ਕਥਾ ਨੂੰ ਇਸ ਨਾਲ ਜੋੜਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਹੋਲਿਕਾ ਪ੍ਰਹਿਲਾਦ ਦੀ ਭੂਆ ਸੀ ਤੇ ਉਸ ਨੂੰ ਵਰ ਮਿਲਿਆ ਹੋਇਆ ਸੀ ਕਿ ਉਹ ਅੱਗ ’ਚ ਸੜ ਨਹੀਂ ਸਕੇਗੀ। ਜਦੋਂ ਹਰਨਾਖਸ਼ ਨੇ ਪ੍ਰਹਿਲਾਦ ਨੂੰ ਅੱਗ ’ਚ ਸਾੜਨ ਦੀ ਕੋਝੀ ਚਾਲ ਸੋਚੀ ਤਾਂ ਹੋਲਿਕਾ ਨੇ ਆਪਣੇ ਭਰਾ ਦਾ ਸਾਥ ਦਿੰਦਿਆਂ ਪ੍ਰਹਿਲਾਦ ਨੂੰ ਸਾੜ ਕੇ ਸੁਆਹ ਕਰਨ ਦੀ ਹਾਮੀ ਭਰ ਦਿੱਤੀ। ਉਹ ਪ੍ਰਹਿਲਾਦ ਨੂੰ ਝੋਲੀ ’ਚ ਲੈ ਕੇ ਅੱਗ ’ਚ ਬੈਠ ਗਈ ਪਰ ਪ੍ਰਹਿਲਾਦ ਦਾ ਵਾਲ ਵੀ ਵਿੰਗਾ ਨਾ ਹੋਇਆ ਤੇ ਹੋਲਿਕਾ ਸੜ ਕੇ ਸੁਆਹ ਹੋ ਗਈ। ਇਸ ਤਰ੍ਹਾਂ ਹੋਲਿਕਾ ਦੇ ਦਹਿਨ ਤੇ ਬਦੀ ’ਤੇ ਨੇਕੀ ਦੀ ਜਿੱਤ ਦੀ ਖ਼ੁਸ਼ੀ ’ਚ ਹੋਲੀ ਦਾ ਤਿਉਹਾਰ ਮਨਾਇਆ ਜਾਣ ਲੱਗਾ।
ਨੋਟ– ਤੁਸੀਂ ਹੋਲੀ ਦਾ ਤਿਉਹਾਰ ਕਿਥੇ ਮਨਾਉਂਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।
ਵੱਡਾ ਦਰਦਨਾਕ ਹਾਦਸਾ: ਬੱਚੀ ਦੇ ਸਿਰ ਉੱਪਰੋਂ ਲੰਘਿਆ ਟਾਇਰ, ਮਾਂ ਸਾਹਮਣੇ ਹੋਈ ਕੁੜੀ ਦੀ ਮੌਤ (ਵੀਡੀਓ)
NEXT STORY