ਜਲੰਧਰ (ਬੁਲੰਦ) ¸ ਆਮ ਆਦਮੀ ਪਾਰਟੀ ਦੇ ਕਵੀ ਨੇਤਾ ਕੁਮਾਰ ਵਿਸ਼ਵਾਸ ਇਨ੍ਹੀਂ ਦਿਨੀਂ ਤਿੱਖੇ ਤੇਵਰਾਂ ਨਾਲ ਰਾਜਸਥਾਨ ਵਿਚ ਪਾਰਟੀ ਨੂੰ ਨਵਾਂ ਰੂਪ ਦੇਣ ਲਈ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ ਅਤੇ ਇਸ ਯੋਜਨਾਬੰਦੀ ਵਿਚ ਸਭ ਤੋਂ ਵੱਡਾ ਕਦਮ ਪਾਰਟੀ ਵਿਚ ਕੇਜਰੀਵਾਲ ਦੀ ਯੈੱਸਮੈਨ ਬਾਡੀ ਨੂੰ ਕਿਨਾਰੇ ਕਰ ਕੇ ਅਤੇ ਦਿੱਲੀ ਦੇ ਨੇਤਾਵਾਂ ਨੂੰ ਓਵਰਟੇਕ ਕਰ ਕੇ ਆਪਣੇ ਪੱਧਰ 'ਤੇ ਕੰਮ ਕਰਨਾ ਸ਼ਾਮਲ ਹੈ। ਇਸ ਕਾਰਨ ਕੁਮਾਰ ਨੇ ਸਾਫ ਕੀਤਾ ਹੈ ਕਿ ਰਾਜਸਥਾਨ ਵਿਚ ਪੰਜਾਬ ਵਾਂਗ ਦਿੱਲੀ ਦੇ ਨੇਤਾ ਆ ਕੇ ਚੋਣ ਯੋਜਨਾਬੰਦੀ ਨਹੀਂ ਕਰਨਗੇ ਅਤੇ ਫੋਕੀਆਂ ਫੜ੍ਹਾਂ ਨਹੀਂ ਮਾਰਨਗੇ। ਬੀਤੇ ਦਿਨੀਂ ਰਾਜਸਥਾਨ ਦੇ ਪਾਰਟੀ ਵਲੰਟੀਅਰਾਂ ਨਾਲ ਦਿੱਲੀ ਵਿਚ ਹੋਈ ਇਕ ਮੀਟਿੰਗ ਵਿਚ ਕੁਮਾਰ ਨੇ ਤਿੱਖੇ ਤੇਵਰਾਂ ਨਾਲ ਵਾਹ-ਵਾਹ ਬਟੋਰਦੇ ਹੋਏ ਕਿਹਾ ਕਿ ਦਿੱਲੀ ਦੇ ਨੇਤਾਵਾਂ ਦਾ ਪ੍ਰਭਾਵ ਹੁਣ ਨਹੀਂ ਕਬੂਲਿਆ ਜਾਵੇਗਾ। ਕੁਮਾਰ ਨੇ ਕਿਹਾ ਕਿ ਰਾਜਸਥਾਨ ਵਿਚ ਸਥਾਨਕ ਵਰਕਰਾਂ ਦੀ ਮਰਜ਼ੀ ਚੱਲੇਗੀ ਨਾ ਕਿ ਬਾਹਰੀ ਨੇਤਾਵਾਂ ਦੀ। ਇਸ ਤੋਂ ਲੱਗਦਾ ਹੈ ਕਿ ਕੁਮਾਰ ਵਿਸ਼ਵਾਸ ਨੂੰ ਆਪਣੀ ਹੀ ਪਾਰਟੀ ਦੇ ਦਿੱਲੀ ਵਾਲੇ ਨੇਤਾਵਾਂ 'ਤੇ ਵਿਸ਼ਵਾਸ ਨਹੀਂ ਹੈ। ਇਥੇ ਵਰਣਨਯੋਗ ਹੈ ਕਿ ਅਗਲੇ ਸਾਲ ਰਾਜਸਥਾਨ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ 'ਆਪ' ਨੇ ਕੁਮਾਰ ਨੂੰ ਰਾਜਸਥਾਨ ਦਾ ਇੰਚਾਰਜ ਬਣਾਇਆ ਹੈ ਅਤੇ ਉਨ੍ਹਾਂ ਦੇ ਮੋਢਿਆਂ 'ਤੇ ਚੋਣਾਂ ਦਾ ਸਾਰਾ ਭਾਰ ਪਾਇਆ ਗਿਆ ਹੈ। ਕੁਮਾਰ ਨੇ ਦਿੱਲੀ ਵਿਚ ਦਿੱਤੇ ਆਪਣੇ ਭਾਸ਼ਣ ਵਿਚ ਕਿਹਾ ਕਿ ਰਾਜਸਥਾਨ ਵਿਚ ਪਾਰਟੀ ਆਪਣੇ ਸਥਾਨਕ ਨੇਤਾਵਾਂ ਦੇ ਬਲ 'ਤੇ ਚੋਣ ਲੜੇਗੀ ਅਤੇ ਵਿੱਤੀ ਸਾਧਨ ਵੀ ਖੁਦ ਹੀ ਜੁਟਾਏਗੀ। ਉਨ੍ਹਾਂ ਨੇ ਰਾਜਸਥਾਨ ਇਕਾਈ ਲਈ ਚੋਣ ਨਿਯਮ ਤੈਅ ਕਰਦੇ ਹੋਏ ਕਿਹਾ ਕਿ ਪ੍ਰਚਾਰ ਸਮੱਗਰੀ 'ਤੇ ਕੇਜਰੀਵਾਲ ਦੇ ਇਲਾਵਾ ਸਿਰਫ ਸਥਾਨਕ ਨੇਤਾਵਾਂ ਦੀਆਂ ਤਸਵੀਰਾਂ ਹੀ ਲਗਾਈਆਂ ਜਾਣਗੀਆਂ ਅਤੇ ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਮੇਰੀ ਤਸਵੀਰ ਕੋਈ ਨਾ ਲਗਾਏ। ਵਿਸ਼ਵਾਸ ਨੇ ਕਿਹਾ ਕਿ ਪਾਰਟੀ ਟਿਕਟ ਵੀ ਉਸੇ ਉਮੀਦਵਾਰ ਨੂੰ ਦੇਵੇਗੀ ਜਿਸ ਨੂੰ ਪਾਰਟੀ ਜੁਆਇਨ ਕੀਤੇ ਘੱਟੋ-ਘੱਟ ਇਕ ਸਾਲ ਹੋ ਗਿਆ ਹੋਵੇਗਾ।
ਕੁਮਾਰ ਨੇ ਹੋਰ ਤਿੱਖੇ ਤੇਵਰ ਦਿਖਾਉਂਦੇ ਹੋਏ ਆਪਣੇ ਭਾਸ਼ਣ ਵਿਚ ਬਿਨਾਂ ਨਾ ਲਏ ਉਨ੍ਹਾਂ ਨੇਤਾਵਾਂ ਦੀ ਆਲੋਚਨਾ ਵੀ ਕੀਤੀ ਜਿਨ੍ਹਾਂ ਨੂੰ ਪੰਜਾਬ ਅਤੇ ਗੋਆ ਚੋਣਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਪਰ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਜਦਕਿ ਪੰਜਾਬ ਵਿਚ ਪਾਰਟੀ ਜੇਕਰ ਸਹੀ ਦਿਸ਼ਾ ਨਾਲ ਚਲਦੀ ਤਾਂ ਦਿੱਲੀ ਦੇ ਬਾਅਦ ਦੂਜੇ ਸੂਬੇ ਵਿਚ ਸਭ ਤੋਂ ਮਜ਼ਬੂਤ ਪਾਰਟੀ ਬਣ ਕੇ ਉੱਭਰ ਸਕਦੀ ਸੀ। ਇਥੇ ਵਰਣਨਯੋਗ ਹੈ ਕਿ ਕੁਮਾਰ ਪਹਿਲਾਂ ਵੀ ਸੱਤਾ ਤੇ ਪਾਵਰ ਲਈ ਪਾਰਟੀ ਵਿਚ ਲੋੜ ਤੋਂ ਵੱਧ ਕੇਂਦਰੀਕਰਨ ਲਈ ਪਾਰਟੀ ਦੀ ਆਲੋਚਨਾ ਕਰ ਚੁੱਕੇ ਹਨ। ਦਿੱਲੀ ਨਿਗਮ ਚੋਣਾਂ ਦੇ ਬਾਅਦ ਕੁਮਾਰ ਨੇ ਇਕ ਟੀ. ਵੀ. ਇੰਟਰਵਿਊ ਵਿਚ ਕਿਹਾ ਸੀ ਕਿ ਪਾਰਟੀ ਦੇ ਨੇਤਾਵਾਂ ਨੂੰ ਈ. ਵੀ. ਐੱਮ.'ਤੇ ਦੋਸ਼ ਲਗਾਉਣ ਤੋਂ ਵੱਧ ਆਪਣੀ ਆਤਮ-ਪੜਚੋਲ ਕਰਨੀ ਚਾਹੀਦੀ ਹੈ। ਇਸ ਦੇ ਬਾਅਦ ਤਾਂ ਕੁਮਾਰ ਦਾ ਆਪਣੀ ਹੀ ਪਾਰਟੀ ਵਿਚ ਸਖਤ ਵਿਰੋਧ ਹੋਣ ਲੱਗਾ ਸੀ ਅਤੇ ਅਜਿਹੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਸਨ ਕਿ ਪੰਜਾਬ ਵਿਚ ਗੁਰਪ੍ਰੀਤ ਘੁੱਗੀ ਪੰਜਾਬ ਕਨਵੀਨਰ ਬਦਲਣ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡ ਗਏ ਹਨ ਅਤੇ ਜਲਦੀ ਹੀ ਕੁਮਾਰ ਵੀ ਪਾਰਟੀ ਤੋਂ ਬਾਹਰ ਜਾ ਸਕਦੇ ਹਨ ਪਰ ਅਰਵਿੰਦ ਕੇਜਰੀਵਾਲ ਅਤੇ ਹੋਰ ਸੀਨੀਅਰ ਨੇਤਾਵਾਂ ਨੇ ਵਿਸ਼ਵਾਸ 'ਤੇ ਵਿਸ਼ਵਾਸ ਦਿਖਾਉਂਦੇ ਹੋਏ ਉਨ੍ਹਾਂ ਨੂੰ ਮਨਾ ਲਿਆ ਸੀ ਅਤੇ ਵਾਪਸ ਪਾਰਟੀ ਨਾਲ ਜੋੜ ਲਿਆ ਸੀ।
ਕੁਮਾਰ ਦੇ ਤਿੱਖੇ ਭਾਸ਼ਣ ਤੋਂ ਬਾਅਦ ਉਨ੍ਹਾਂ ਦਾ ਆਪਣੀ ਹੀ ਪਾਰਟੀ ਵਿਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਪਾਰਟੀ ਦੇ ਹੀ ਇਕ ਨੇਤਾ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਕੁਮਾਰ ਨੂੰ ਇਹ ਭਾਸ਼ਣ ਕਿਸੇ ਵਿਰੋਧੀ ਪਾਰਟੀ ਨੇ ਲਿਖ ਕੇ ਦਿੱਤਾ ਸੀ। ਉਕਤ ਨੇਤਾ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਪਾਰਟੀ ਇਕ ਪਾਸੇ ਤਾਂ ਰਾਜਸਥਾਨ ਵਿਚ ਦੂਸਰੀ ਕਿਸੇ ਪਾਰਟੀ ਨਾਲ ਗਠਜੋੜ ਦਾ ਰਾਹ ਭਾਲ ਰਹੀ ਹੈ ਤੇ ਦੂਜੇ ਪਾਸੇ ਕੁਮਾਰ ਦੇ ਅਜਿਹੇ ਕੁਮੈਂਟ ਪਾਰਟੀ ਦੀ ਇਸ ਰਣਨੀਤੀ ਲਈ ਖਤਰਾ ਬਣ ਸਕਦੇ ਹਨ। ਸਾਰੇ ਮਾਮਲੇ ਬਾਰੇ 'ਆਪ' ਪਾਰਟੀ ਚੁੱਪ ਧਾਰੀ ਬੈਠੀ ਹੈ ਅਤੇ ਕੁਮਾਰ ਵਿਸ਼ਵਾਸ ਦੇ ਇਸ ਤਿੱਖੇ ਤੇਵਰਾਂ ਵਾਲੇ ਭਾਸ਼ਣ 'ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਪਰ ਇਨ੍ਹਾਂ ਸਾਰੀਆਂ ਗੱਲ ਤੋਂ ਇਕ ਮੁੱਖ ਗੱਲ ਜੋ ਸਾਹਮਣੇ ਆਉਂਦੀ ਹੈ ਉਹ ਇਹ ਹੈ ਕਿ ਪਾਰਟੀ ਅੰਦਰ ਸਭ ਕੁਝ ਠੀਕ ਨਹੀਂ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਜੇਕਰ ਪਾਰਟੀ ਦੇ ਨੇਤਾਵਾਂ ਨੂੰ ਘੂਰੀ ਵੱਟ ਕੇ ਚੁੱਪ ਨਾ ਰੱਖਿਆ ਗਿਆ ਤਾਂ ਕੁਮਾਰ ਦੇ ਵਿਰੋਧ ਵਿਚ ਇਕ ਵੱਡਾ ਗੁੱਟ ਖੜ੍ਹਾ ਦਿਖਾਈ ਦੇ ਸਕਦਾ ਹੈ।
ਕੰਪਿਊਟਰ ਅਧਿਆਪਕਾਂ ਨੇ ਨਵਤੇਜ ਸਿੰਘ ਚੀਮਾ ਨਾਲ ਕੀਤੀ ਮੁਲਾਕਾਤ
NEXT STORY