ਫ਼ਿਰੋਜ਼ਪੁਰ (ਕੁਮਾਰ, ਖੁੱਲਰ, ਪਰਮਜੀਤ, ਆਨੰਦ) : ਥਾਣਾ ਸਿਟੀ ਫ਼ਿਰੋਜ਼ਪੁਰ ਦੀ ਪੁਲਸ ਨੇ ਬਸਤੀ ਸ਼ੇਖਾਂ ਵਾਲੀ ਵਿਖੇ ਇਕ ਤਸਕਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 5 ਕਿੱਲੋ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਐੱਸ. ਐੱਚ. ਓ. ਇੰਸਪੈਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਵੰਸ਼ ਪੁੱਤਰ ਧਾਲਾ ਅਤੇ ਸੌਰਵ ਪੁੱਤਰ ਸੋਨੂੰ (ਵਾਸੀ ਬਸਤੀ ਸ਼ੇਖਾਂਵਾਲੀ) ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਇਹ ਮੁਲਜ਼ਮ ਫ਼ਿਰੋਜ਼ਪੁਰ ਬਾਰਡਰ ਵਾਲੇ ਪਾਸਿਓਂ ਹੈਰੋਇਨ ਲਿਆ ਕੇ ਅੱਗੇ ਸਪਲਾਈ ਕਰਦੇ ਹਨ। ਸੂਚਨਾ ਮਿਲੀ ਸੀ ਕਿ ਅੱਜ ਵੀ ਤਸਕਰ ਸੌਰਵ ਨੀਲੇ ਰੰਗ ਦੇ ਕਿੱਟ ਬੈਗ ’ਚ ਭਾਰੀ ਮਾਤਰਾ ’ਚ ਹੈਰੋਇਨ ਲਿਆ ਕੇ ਕਰਿਆਨੇ ਵਾਲੀ ਦੁਕਾਨ ਨੇੜਲੀ ਭੀੜੀ ਗਲੀ ’ਚ ਆ ਰਿਹਾ ਹੈ।
ਇਸ ਸੂਚਨਾ ਦੇ ਆਧਾਰ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਪਾਰਟੀ ਵੱਲੋਂ ਸੌਰਵ ਨੂੰ ਕਾਬੂ ਕੀਤਾ ਗਿਆ, ਜਿਸ ਦੇ ਬੈਗ ’ਚੋਂ 5 ਕਿੱਲੋ 10 ਗ੍ਰਾਮ ਹੈਰੋਇਨ ਅਤੇ ਇਕ ਮੋਬਾਇਲ ਬਰਾਮਦ ਹੋਇਆ। ਇੰਸਪੈਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਦੂਜੇ ਮੁਲਜ਼ਮ ਵੰਸ਼ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਫੜ੍ਹੇ ਗਏ ਤਸਕਰ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਟਰੇਸ ਕੀਤੇ ਜਾ ਰਹੇ ਹਨ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਹ ਹੈਰੋਇਨ ਪਾਕਿਸਤਾਨੀ ਤਸਕਰਾਂ ਪਾਸੋਂ ਮੰਗਵਾਈ ਗਈ ਸੀ। ਫੜ੍ਹੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਕਰੋੜਾਂ ਰੁਪਏ ਹੈ। ਅਦਾਲਤ ਨੇ ਮੁਲਜ਼ਮ ਦਾ ਪੁਲਸ ਰਿਮਾਂਡ ਦੇ ਦਿੱਤਾ ਹੈ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ।
ਸ਼ਰਾਬ ਦੇ ਠੇਕੇ ਨੂੰ ਲੈ ਕੇ ਪਿੰਡ ਜੈਪੁਰਾ ਵਾਸੀਆਂ ਨੇ ਕੀਤਾ ਵਿਰੋਧ ਪ੍ਰਦਰਸ਼ਨ
NEXT STORY