ਚੰਡੀਗਡ਼੍ਹ, (ਰਾਏ)- ਚੰਡੀਗਡ਼੍ਹ ਨਗਰ ਨਿਗਮ ਦੀ ਸੈਕਟਰ-39 ਸਥਿਤ ਵਾਟਰ ਟੈਸਟਿੰਗ ਪ੍ਰਯੋਗਸ਼ਾਲਾ ਤੋਂ ਟ੍ਰਾਈਸਿਟੀ ਦੇ ਲੋਕ ਉਨ੍ਹਾਂ ਦੇ ਘਰਾਂ ’ਚ ਸਪਲਾਈ ਕੀਤੇ ਜਾ ਰਹੇ ਪਾਣੀ ਦੀ ਗੁਣਵੱਤਾ ਦੀ ਜਾਂਚ ਕਰਵਾ ਸਕਦੇ ਹਨ। ਇੰਨਾ ਹੀ ਨਹੀਂ, ਨਿਗਮ ਨੇ ਸ਼ਹਿਰ ’ਚ ਉਸ ਦੀ ਇਜਾਜ਼ਤ ਨਾਲ ਲੱਗੀਅਾਂ ਸਰਕਾਰੀ ਤੇ ਨਿੱਜੀ ਟੂਟੀਅਾਂ ਲਈ ਹਰ ਮਹੀਨੇ ਪਾਣੀ ਦੀ ਟੈਸਟਿੰਗ ਕਰਵਾਉਣੀ ਲਾਜ਼ਮੀ ਕਰ ਦਿੱਤੀ ਹੈ। ਪ੍ਰਯੋਗਸ਼ਾਲਾ ’ਚ ਪਾਣੀ ਦੇ ਸੈਂਪਲ ਟੈਸਟ ਕਰਵਾਉਣ ਦੇ ਮੁੱਲ ਤੈਅ ਕੀਤੇ ਗਏ ਹਨ। ਨਿਗਮ ਪਾਣੀ ਦੇ ਵੱਖ-ਵੱਖ ਲੈਵਲਾਂ ਨੂੰ ਚੈੱਕ ਕਰਨ ਤੋਂ ਬਾਅਦ ਇਕ ਦਿਨ ’ਚ ਰਿਪੋਰਟ ਦੇ ਦੇਵੇਗਾ।
ਇਸ ਸਬੰਧੀ ਨਿਗਮ ਦੇ ਮੈਡੀਕਲ ਅਫਸਰ ਆਫ ਹੈਲਥ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਯਾਦ ਰਹੇ ਕਿ ਪਿਛਲੇ ਸਾਲ ਜਦੋਂ ਨਿਗਮ ਨੇ ਖੁਦ ਇਸ ਪ੍ਰਯੋਗਸ਼ਾਲਾ ’ਚ ਪਾਣੀ ਦੇ ਸੈਂਪਲ ਟੈਸਟ ਕੀਤੇ ਸਨ ਤਾਂ ਸਾਬਕਾ ਮੇਅਰ ਆਸ਼ਾ ਜਸਵਾਲ ਦੇ ਵਾਰਡ ’ਚ ਹੀ ਪ੍ਰਦੂਸ਼ਿਤ ਪਾਣੀ ਦੀ ਸਪਲਾਈ ਹੋ ਰਹੀ ਸੀ। ਨਿਗਮ ਵਲੋਂ ਜੋ ਰੇਟ ਤੈਅ ਕੀਤੇ ਗਏ ਹਨ ਉਨ੍ਹਾਂ ਅਨੁਸਾਰ ਕੈਮੀਕਲ ਟੈਸਟਿੰਗ ਲਈ ਪ੍ਰਤੀ ਸੈਂਪਲ 1500 ਰੁਪਏ ਅਦਾ ਕਰਨੇ ਹੋਣਗੇ। ਕੈਮੀਕਲ ਤੇ ਬੈਕਟੀਰੀਓਲਾਜੀਕਲ ਵਾਟਰ ਟੈਸਟਿੰਗ ਲਈ ਰੇਟ 3000 ਰੁਪਏ ਪ੍ਰਤੀ ਸੈਂਪਲ ਰੱਖੇ ਗਏ ਹਨ। ਉਥੇ ਹੀ ਵਾਧੂ ਸੈਂਪਲ ਕੁਲੈਕਸ਼ਨ ਦੇ ਰੇਟ 300 ਰੁਪਏ ਪ੍ਰਤੀ ਸੈਂਪਲ ਤੈਅ ਕੀਤੇ ਗਏ ਹਨ। ਟਿਊਬਵੈੱਲਾਂ ਤੋਂ ਹੋ ਰਹੀ ਸਪਲਾਈ ਲਈ ਕੈਮੀਕਲ ਤੇ ਬੈਕਟੀਰੀਓਲਾਜੀਕਲ ਵਾਟਰ ਟੈਸਟਿੰਗ ਕੀਤੀ ਜਾਵੇਗੀ। ਇਸ ਲਈ 3000 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।
ਨਿਗਮ ਦੇ ਅਧਿਕਾਰੀਆਂ ਅਨੁਸਾਰ ਚੰਡੀਗਡ਼੍ਹ ਦੇ ਨਾਲ ਲੱਗਦੇ ਸ਼ਹਿਰਾਂ ’ਚ ਜਿੱਥੇ ਵੀ ਕਿਤੇ ਟਿਊਬਵੈੱਲ ਲੱਗੇ ਹਨ, ਉਨ੍ਹਾਂ ਨੂੰ ਹਰ ਮਹੀਨੇ ਇਕ ਵਾਰ ਵਾਟਰ ਟੈਸਟਿੰਗ ਜ਼ਰੂਰ ਕਰਵਾਉਣੀ ਚਾਹੀਦੀ ਹੈ। ਇਸ ਬਾਰੇ ਨਿਗਮ ਦੇ ਜਨ ਸਿਹਤ ਵਿਭਾਗ ਦੇ ਐੱਸ. ਸੀ. ਸੰਜੇ ਅਰੋਡ਼ਾ ਦਾ ਕਹਿਣਾ ਸੀ ਕਿ ਨਿਗਮ ਵਲੋਂ ਤੈਅ ਦਰਾਂ ’ਤੇ ਕੋਈ ਵੀ ਪਾਣੀ ਦੇ ਸੈਂਪਲ ਟੈਸਟ ਕਰਵਾ ਸਕਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਸ਼ਹਿਰ ’ਚ ਹੋ ਰਹੀ ਜਲ ਸਪਲਾਈ ਦੀ ਰੈਗੂਲਰ ਟੈਸਟਿੰਗ ਹੁੰਦੀ ਰਹੇ ਤਾਂ ਲੋਕਾਂ ਨੂੰ ਬਹੁਤ ਹੱਦ ਤਕ ਬੀਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।
ਪੁਲਸ ਨੇ ਝਪਟਮਾਰ ਕੀਤੇ ਕਾਬੂ
NEXT STORY