ਚੰਡੀਗੜ੍ਹ (ਬਰਜਿੰਦਰ) — ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਕੈਟ 3 ਬੀ. ਆਈ. ਐੱਲ. ਐੱਸ. ਲਾਈਟਾਂ ਦੇ ਮੁੱਦੇ ਦਾ ਹੱਲ ਹੋ ਗਿਆ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ (ਏ. ਏ. ਆਈ.) ਪ੍ਰਮੁੱਖ ਰੂਪ ਵਿਚ ਕੈਟ 3 ਬੀ. ਆਈ. ਐੱਲ. ਐੱਸ. ਲਾਈਟਾਂ ਦਾ ਖਰਚਾ ਸਹਿਣ ਕਰਨ ਲਈ ਰਾਜ਼ੀ ਹੋ ਗਈ ਹੈ। ਜਦੋਂ ਇਹ ਲਾਈਟਾਂ ਲੱਗਣਗੀਆਂ ਤਾਂ ਧੁੰਦ ਦੌਰਾਨ ਵੀ ਜਹਾਜ਼ ਉਡਾਣ ਭਰ ਸਕਣਗੇ ਅਤੇ ਲੈਂਡ ਕਰ ਸਕਣਗੇ। ਇਸ ਤੋਂ ਪਹਿਲਾਂ ਕੈਟ 3 ਬੀ. ਆਈ. ਐੱਲ. ਐੱਸ. ਲਾਈਟਾਂ ਸਥਾਪਿਤ ਕਰਨ ਵਿਚ ਮੁਸ਼ਕਲ ਪੇਸ਼ ਆ ਰਹੀ ਸੀ। ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਦੇ ਮਾਮਲੇ ਵਿਚ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸੁਣਵਾਈ ਦੌਰਾਨ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਦੇ ਕੌਂਸਲ ਐਡਵੋਕੇਟ ਨੇ ਇਹ ਜਾਣਕਾਰੀ ਦਿੱਤੀ।
ਹੁਣ 5.30 ਵਜੇ ਤਕ ਹੋਵੇਗੀ ਉਡਾਣ
ਮਾਮਲੇ ਵਿਚ ਐਫੀਡੇਵਿਟ ਹਾਈ ਕੋਰਟ ਵਿਚ ਦਾਇਰ ਕੀਤਾ ਗਿਆ, ਜਿਸ 'ਤੇ ਹਾਈ ਕੋਰਟ ਨੇ ਰਿਕਾਰਡ ਲੈ ਲਿਆ ਹੈ। ਇਸ ਵਿਚ ਹਾਈ ਕੋਰਟ ਦੀ ਡਵੀਜ਼ਨ ਬੈਂਚ ਨੂੰ ਦੱਸਿਆ ਕਿ ਸਿਵਲ ਫਲਾਈਟਾਂ ਦਾ ਸਮਾਂ 25 ਮਾਰਚ ਤੋਂ ਬਾਅਦ ਸ਼ਾਮ 4 ਵਜੇ ਤੋਂ ਵਧਾ ਕੇ 5.30 ਵਜੇ ਤਕ ਹੋ ਜਾਵੇਗਾ। ਮੌਜੂਦਾ ਸਮੇਂ ਸਿਵਲ ਫਲਾਈਟਾਂ ਦਾ ਸਵੇਰੇ 5 ਵਜੇ ਤੋਂ ਸ਼ਾਮ 4 ਵਜੇ ਤਕ ਸਮਾਂ ਹੈ। ਇਸ ਨਾਲ ਲਗਭਗ 10 ਫਲਾਈਟਾਂ ਦੀ ਆਵਾਜਾਈ ਹੋਰ ਵਧ ਜਾਵੇਗੀ, ਜਿਸ ਨਾਲ ਯਾਤਰੀਆਂ ਨੂੰ ਸਹੂਲਤ ਹੋਵੇਗੀ।
ਰੈਨੋਵੇਸ਼ਨ ਅਤੇ ਟੈਕਸੀ ਟ੍ਰੈਕ ਦਾ ਕੰਮ ਵੀ ਜਾਰੀ
ਐਡਵੋਕੇਟ ਚੇਤਨ ਮਿੱਤਲ ਨੇ ਸੁਣਵਾਈ ਦੌਰਾਨ ਹਾਈ ਕੋਰਟ ਨੂੰ ਦੱਸਿਆ ਕਿ ਏਅਰਪੋਰਟ ਰੈਨੋਵੇਸ਼ਨ ਦੇ ਦੂਸਰੇ ਦੌਰ ਲਈ 14 ਤੋਂ 28 ਮਈ ਤਕ ਬੰਦ ਰੱਖਣ ਦਾ ਮਤਾ ਹੈ। ਉਨ੍ਹਾਂ ਕਿਹਾ ਕਿ ਟੈਕਸੀ ਟ੍ਰੈਕ ਦੋ ਪੜਾਵਾਂ ਵਿਚ ਪੂਰਾ ਹੋ ਜਾਵੇਗਾ। ਪਹਿਲੇ ਪੜਾਅ ਲਈ ਜ਼ਮੀਨ ਐਕਵਾਇਰ ਕਰ ਲਈ ਗਈ ਹੈ, ਦੂਸਰੇ ਪੜਾਅ ਦਾ ਕੰਮ ਜ਼ਮੀਨ ਐਕਵਾਇਰ ਤੋਂ ਬਾਅਦ ਪੂਰਾ ਕਰ ਲਿਆ ਜਾਵੇਗਾ। ਮਿੱਤਲ ਨੇ ਦੱਸਿਆ ਕਿ ਰਨਵੇ 'ਤੇ ਪਹਿਲੀ ਪਰਤ ਪੂਰੀ ਹੋ ਗਈ ਹੈ ਤੇ ਦੂਸਰੀ ਜਲਦ ਪੂਰੀ ਹੋ ਜਾਵੇਗੀ।
ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਤਕਨਾਲੋਜੀ ਦੀ ਵਰਤੋਂ ਜ਼ਰੂਰੀ : ਡਾਇਰੈਕਟਰ ਬੈਂਸ
NEXT STORY