ਧਰਮਕੋਟ (ਸਤੀਸ਼): ਕਣਕ ਅਤੇ ਝੋਨੇ ਦੀ ਰਵਾਇਤੀ ਖੇਤੀ ਤਕ ਸੀਮਤ ਕਿਸਾਨਾਂ ਲਈ ਮਿਸਾਲ ਪੈਦਾ ਕਰਦਿਆਂ, ਧਰਮਕੋਟ ਸਬ-ਡਵੀਜ਼ਨ ਦੇ ਪਿੰਡ ਕੈਲਾ ਦੇ ਲੈਕਚਰਾਰ ਤੋਂ ਕਿਸਾਨ ਬਣੇ ਗੁਰਕ੍ਰਿਪਾਲ ਸਿੰਘ ਨੇ ਹਾਈਡ੍ਰੋਪੋਨਿਕ ਤਕਨੀਕ ਨਾਲ ਬ੍ਰਾਹਮੀ ਹਰਬ (ਚਿਕਿਤਸਕ ਪੌਦਾ) ਦੀ ਖੇਤੀ ਸ਼ਰੂ ਕਰ ਕੇ ਆਪਣੀ ਕਮਾਈ ਵਿਚ ਹੋਰਾਂ ਫਸਲਾਂ ਨਾਲੋਂ ਘੱਟੋ-ਘੱਟ ਤਿੰਨ ਗੁਣਾ ਵਾਧਾ ਕੀਤਾ ਹੈ। ਗੁਰਕ੍ਰਿਪਾਲ ਸਿੰਘ, 37, ਜੋ ਕਿ ਕੰਪਿਊਟਰ ਐਪਲੀਕੇਸ਼ਨ ਵਿਚ ਪੋਸਟ ਗ੍ਰੈਜੂਏਟ ਹਨ ਨੇ ਅਗਾਂਹ-ਵਧੂ ਅਤੇ ਨਵੀਨਤਾਕਾਰੀ ਕਿਸਾਨ ਬਣਨ ਲਈ ਆਪਣੀ ਲੈਕਚਰਾਰ ਦੀ ਨੌਕਰੀ ਛੱਡ ਦਿੱਤੀ ਸੀ। ਅੱਜ, ਗੁਰਕ੍ਰਿਪਾਲ ਸਿੰਘ ਲੱਖਾਂ ਵਿਚ ਟਰਨਓਵਰ ਵਾਲੀ ਇਕ ਐਗਰੀ-ਬਾਇਓਟੈਕਨਾਲੋਜੀ ਕੰਪਨੀ ਦੇ ਮਾਲਕ ਹਨ।
ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ਖੇਤੀਬਾੜੀ ਅਫਸਰ ਡਾ. ਜਸਵਿੰਦਰ ਸਿੰਘ ਬਰਾੜ ਦੇ ਨਾਲ ਗੁਰਕਿਰਪਾਲ ਸਿੰਘ ਦੇ ਖੇਤ ਦਾ ਦੌਰਾ ਕੀਤਾ ਅਤੇ ਉਸਦੇ ਇਸ ਉਦਮ ਦੀ ਸ਼ਲਾਘਾ ਕੀਤੀ। ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਨੂੰ ਇਸੇ ਤਰ੍ਹਾਂ ਦਾ ਇਕ ਹੋਰ ਪ੍ਰੋਜੈਕਟ ਇਕ ਏਕੜ ਰਕਬੇ ਵਿਚ ਸਥਾਪਤ ਕਰਨ ਲਈ ਵੀ ਕਿਹਾ, ਤਾਂ ਕਿ ਹੋਰ ਕਿਸਾਨ ਵੀ ਇਸ ਲਾਹੇਵੰਦ ਅਤੇ ਪਾਣੀ ਬਚਾਉਣ ਵਾਲੀ ਖੇਤੀ ਤਕਨੀਕ ਅਪਣਾ ਸਕਣ। ਡਾ. ਜਸਵਿੰਦਰ ਸਿੰਘ ਬਰਾੜ ਨੇ ਹਾਈਡ੍ਰੋਪੋਨਿਕ ਤਕਨੀਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਕਨੀਕ ਵਿਚ ਖੇਤੀ ਮਿੱਟੀ ਦੀ ਬਜਾਏ ਖਣਿਜ ਪਦਾਰਥਾਂ ਦਾ ਘੋਲ ਵਾਲੇ ਪਾਣੀ ਦੀ ਵਰਤੋਂ ਨਾਲ ਪੌਦੇ ਉਗਾਉਣ ਦਾ ਇਕ ਤਰੀਕਾ ਹੈ। ਉਨ੍ਹਾਂ ਕਿਹਾ ਕਿ ਹਾਈਡ੍ਰੋਪੋਨਿਕ ਤਕਨੀਕ ਨਾਲ ਉਗਦੇ ਪੌਦੇ ਖੇਤ ਵਿਚ ਉਗਾਈਆਂ ਜਾਂਦੀਆਂ ਆਮ ਫਸਲਾਂ ਦੀ ਤੁਲਨਾ ਵਿਚ ਸਿਰਫ 10 ਫੀਸਦੀ ਪਾਣੀ ਦੀ ਵਰਤੋਂ ਕਰਦੇ ਹਨ ਕਿਉਂਕਿ ਇਸ ਤਕਨੀਕ ਨਾਲ ਪੌਦੇ ਸਿਰਫ ਲੋੜੀਂਦੇ ਪਾਣੀ ਦੀ ਹੀ ਵਰਤੋਂ ਕਰਦੇ ਹਨ, ਜਦਕਿ ਬਚਿਆ ਹੋਇਆ ਪਾਣੀ ਮੁੜ ਸਟੋਰੇਜ ਟੈਂਕ ਵਿਚ ਚਲਿਆ ਜਾਂਦਾ ਹੈ, ਜੋ ਕਿ ਦੁਬਾਰਾ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਗੁਰਕ੍ਰਿਪਾਲ ਸਿੰਘ ਨੇ ਡੀ. ਸੀ. ਨੂੰ ਆਪਣੀ ਕਹਾਣੀ ਸੁਣਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਇੰਟਰਨੈੱਟ ਉੱਤੇ ਹਾਈਡ੍ਰੋਪੋਨਿਕ ਖੇਤੀ ਤਕਨੀਕ ਬਾਰੇ ਪੜ੍ਹਿਆ ਸੀ ਜੋ ਉਨ੍ਹਾਂ ਨੂੰ ਬੜੀ ਦਿਲਚਸਪ ਲੱਗੀ। ਉਨ੍ਹਾਂ ਦੱਸਿਆ ਕਿ 'ਮੈਂ ਆਪਣੇ ਕਮਰੇ ਵਿਚ ਟਿਊਬਲਾਈਟ ਉੱਤੇ ਟਮਾਟਰ ਦੇ ਤਿੰਨ ਬੂਟੇ ਹਾਈਡ੍ਰੋਪੋਨਿਕ ਖੇਤੀ ਤਕਨੀਕ ਦੀ ਵਰਤੋ ਕਰ ਕੇ ਲਗਾ ਕੇ ਦੇਖੇ ਅਤੇ ਮੈਂ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਟਮਾਟਰ ਸਫਲਤਾਪੂਰਵਕ ਵਧਣ ਲੱਗੇ। ਉਸਨੇ ਕਿਹਾ ਕਿ ਤਜਰਬੇ ਕਰਦਿਆਂ 2017 ਵਿਚ ਉਨ੍ਹਾਂ ਬ੍ਰਹਮੀ ਹਰਬ ਦੀ ਖੇਤੀ ਸ਼ੁਰੂ ਕੀਤੀ ਜਿਸਦੇ ਬਹੁਤ ਹੀ ਪ੍ਰਭਾਵਸ਼ਾਲੀ ਨਤੀਜੇ ਆਏ। ਉਨ੍ਹਾਂ ਕਿਹਾ,“ਭਾਰਤ ਵਿਚ ਉਹ ਇਕੱਲੇ ਅਜਿਹੇ ਕਿਸਾਨ ਹੋਣਗੇ ਜੋ ਕਿ ਹਾਈਡ੍ਰੋਪੋਨਿਕ ਤਕਨੀਕ ਦੀ ਵਰਤੋਂ ਕਰ ਕੇ ਬ੍ਰਾਹਮੀ ਹਰਬ ਦੀ ਕਾਸ਼ਤ ਕਰ ਰਹੇ ਹਨ ਇਹ ਚਿਕਿਤਸਕ ਪੌਦਾ ਪਹਾੜੀ ਇਲਾਕਿਆਂ ਦੀ ਮਿੱਟੀ ਵਿਚ ਹੀ ਪਾਇਆ ਜਾਂਦਾ ਹੈ। ਗੁਰਕ੍ਰਿਪਾਲ ਨੇ ਕਿਹਾ ਕਿ ਬ੍ਰਾਹਮੀ ਅਤੇ ਟਮਾਟਰਾਂ ਦੀ ਸਫਲਤਾਪੂਰਵਕ ਖੇਤੀ ਕਰਨ ਤੋਂ ਬਾਅਦ, ਉਨ੍ਹਾਂ ਨੇ ਹੁਣ ਇਕ ਤਜਰਬੇ ਵਜੋਂ ਲੈੱਟਸ, ਲਸਣ, ਧਨੀਆ, ਪਿਆਜ਼ ਅਤੇ ਸਟ੍ਰਾਬੇਰੀ ਦੀ ਕਾਸ਼ਤ ਕੀਤੀ ਹੈ। ਜ਼ਿਕਰਯੋਗ ਹੈ ਕਿ ਗੁਰਕ੍ਰਿਪਾਲ ਆਪਣੀ ਬ੍ਰਾਹਮੀ ਹਰਬ ਦੇ ਉਤਪਾਦਾਂ ਨੂੰ ਵੇਚਣ ਲਈ ਆਪਣੀ ਇਕ ਦਵਾਈ ਕੰਪਨੀ ਚਲਾ ਰਹੇ ਹਨ।
ਇਹ ਵੀ ਪੜ੍ਹੋ: ਗੈਂਗਸਟਰ ਨੀਟਾ ਦੀ ਨਿਸ਼ਾਨਦੇਹੀ 'ਤੇ ਜੇਲ 'ਚੋਂ 3 ਹੋਰ ਮੋਬਾਇਲ ਬਰਾਮਦ
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਗਾਵਸਕਰ (ਵੀਡੀਓ)
NEXT STORY