ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਪੰਜਾਬ ਸਰਕਾਰ ਨੇ ਸੂਬੇ 'ਚ ਕਣਕ ਦੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਅਤੇ ਇਸ ਸਬੰਧੀ ਅਨਾਜ ਮੰਡੀਆਂ ਵਿਚ ਵਧੀਆ ਪ੍ਰਬੰਧ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਸਨ ਪਰ ਉਨ੍ਹਾਂ ਦਾਅਵਿਆਂ ਦੀ ਫੂਕ ਨਿਕਲ ਗਈ ਹੈ। ਕਿਸਾਨ ਅੱਤ ਦੀ ਗਰਮੀ ਵਿਚ ਕਈ-ਕਈ ਦਿਨਾਂ ਤੋਂ ਅਨਾਜ ਮੰਡੀ ਵਿਚ ਕਣਕ ਦੀ ਖਰੀਦ ਨਾ ਹੋਣ ਕਾਰਨ ਰੁਲ ਰਹੇ ਹਨ। ਜਿਥੇ ਬਾਰਦਾਨੇ ਦੀ ਭਾਰੀ ਕਮੀ ਹੈ ਉਥੇ ਲਿਫਟਿੰਗ ਦੀ ਸਮੱਸਿਆ ਵੀ ਪੇਸ਼ ਆ ਰਹੀ ਹੈ, ਜਿਸ ਕਾਰਨ 'ਅੰਨਦਾਤਾ' ਅਨਾਜ ਮੰਡੀਆਂ ਵਿਚ ਬੈਠਾ ਪ੍ਰੇਸ਼ਾਨ ਹੋ ਰਿਹਾ ਹੈ। ਲਿਫਟਿੰਗ ਨਾ ਹੋਣ ਕਾਰਨ ਅਨਾਜ ਮੰਡੀਆਂ ਵਿਚ ਕਣਕ ਦੀਆਂ ਬੋਰੀਆਂ ਨਾਲ ਨੱਕੋ-ਨੱਕ ਭਰ ਗਈਆਂ ਹਨ। ਖੁੱਲ੍ਹੇ ਆਸਮਾਨ ਹੇਠਾਂ ਪਈ ਕਰੋੜਾਂ ਰੁਪਏ ਦੀ ਕਣਕ ਦਾ ਖਰਾਬ ਹੋਣ ਦਾ ਖਤਰਾ ਵੀ ਹਰ ਸਮੇਂ ਬਣਿਆ ਰਹਿੰਦਾ ਹੈ।
ਅਨਾਜ ਵਿਕਿਆ ਨਹੀਂ, ਬੱਚਿਆਂ ਦੀਆਂ ਫੀਸਾਂ ਕਿਵੇਂ ਭਰਾਂ?
ਅਨਾਜ ਮੰਡੀ ਬਰਨਾਲਾ ਵਿਚ ਬੈਠੇ ਕਿਸਾਨ ਗੁਰਮੀਤ ਸਿੰਘ ਸੰਘੇੜਾ ਨੇ ਕਿਹਾ ਕਿ ਮੈਨੂੰ ਅਨਾਜ ਮੰਡੀ ਵਿਚ ਆਇਆਂ 4 ਦਿਨ ਹੋ ਚੁੱਕੇ ਹਨ। ਅਜੇ ਤੱਕ ਮੇਰੀ ਕਣਕ ਦੀ ਖਰੀਦ ਨਹੀਂ ਹੋਈ ਹੈ, ਜਦੋਂ ਕਿ ਮੇਰੀ ਫਸਲ ਪੂਰੀ ਤਰ੍ਹਾਂ ਨਾਲ ਸੁੱਕੀ ਹੋਈ ਹੈ। ਪਤਾ ਨਹੀਂ ਫਿਰ ਵੀ ਕਿਉਂ ਖਰੀਦ ਨਹੀਂ ਕੀਤੀ ਜਾ ਰਹੀ। 4 ਦਿਨਾਂ ਤੋਂ ਮੈਂ ਘਰ ਨਹੀਂ ਗਿਆ। ਬੱਚੇ ਰੋ ਰਹੇ ਹਨ। ਬੱਚਿਆਂ ਦੀਆਂ ਸਕੂਲਾਂ ਦੀਆਂ ਫੀਸਾਂ ਵੀ ਭਰਨੀਆਂ ਹਨ। ਅਨਾਜ ਵਿਕਿਆ ਨਹੀਂ, ਫੀਸਾਂ ਭਰਨ ਦੇ ਲਈ ਪੈਸੇ ਦੀ ਸਮੱਸਿਆ ਆ ਰਹੀ ਹੈ।
ਬਾਰਦਾਨੇ ਦੀ ਘਾਟ, ਕਿਸਾਨ, ਆੜ੍ਹਤੀ ਅਤੇ ਮਜ਼ਦੂਰ ਪ੍ਰੇਸ਼ਾਨ
ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਧੀਰਜ ਕੁਮਾਰ ਦੱਦਾਹੂਰ ਨੇ ਕਿਹਾ ਕਿ ਜ਼ਿਲੇ ਦੀਆਂ ਅਨਾਜ ਮੰਡੀਆਂ ਵਿਚ ਬਾਰਦਾਨੇ ਦੀ ਭਾਰੀ ਕਮੀ ਹੈ, ਜਿਸ ਕਾਰਨ ਕਿਸਾਨ, ਆੜ੍ਹਤੀ ਅਤੇ ਮਜ਼ਦੂਰ ਪ੍ਰੇਸ਼ਾਨ ਹੋ ਰਹੇ ਹਨ ਕਿਉਂਕਿ ਜਦੋਂ ਅਨਾਜ ਮੰਡੀਆਂ ਵਿਚ ਬਾਰਦਾਨਾ ਹੀ ਨਹੀਂ ਹੋਵੇਗਾ ਤਾਂ ਕਣਕ ਦੀ ਭਰਾਈ ਕਿਵੇਂ ਹੋਵੇਗੀ। ਬਾਰਦਾਨੇ ਦੀ ਕਮੀ ਕਾਰਨ ਕਿਸਾਨ ਅਨਾਜ ਮੰਡੀਆਂ ਵਿਚ ਰੁਲ ਰਿਹਾ ਹੈ। ਮਜ਼ਦੂਰ ਅੱਤ ਦੀ ਗਰਮੀ ਵਿਚ ਖਾਲੀ ਬੈਠੇ ਹਨ। ਆੜ੍ਹਤੀ ਵੀ ਮਾਲ ਨਾ ਭਰੇ ਜਾਣ ਕਾਰਨ ਪ੍ਰੇਸ਼ਾਨ ਹੋ ਰਹੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਰਕਾਰ ਨੂੰ ਪਤਾ ਹੁੰਦਾ ਹੈ ਕਿ ਸੀਜ਼ਨ ਵਿਚ ਕਿੰਨੇ ਬਾਰਦਾਨੇ ਦੀ ਜ਼ਰੂਰਤ ਪਵੇਗੀ ਪਰ ਫਿਰ ਵੀ ਬਾਰਦਾਨੇ ਦਾ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਤੋਂ ਸਰਕਾਰ ਦੀ ਨਾਕਾਮੀ ਸਾਬਿਤ ਹੁੰਦੀ ਹੈ। ਇਸ ਮੌਕੇ ਪ੍ਰਵੀਨ ਬਾਂਸਲ ਸੰਘੇੜਾ, ਮਨੋਹਰ ਲਾਲ ਸਹੌਰੀਆ, ਸੋਮਨਾਥ ਸਹੌਰੀਆ, ਕ੍ਰਿਸ਼ਨ ਬਿੱਟੂ, ਭਾਰਤ ਭੂਸ਼ਣ, ਵੇਦ ਪ੍ਰਕਾਸ਼ ਬੇਦੀ, ਇਕਬਾਲ ਸਿੰਘ ਸਰਾਂ, ਵਿਸ਼ਵਜੀਤ ਸਿੰਘ ਆਦਿ ਹਾਜ਼ਰ ਸਨ।
2 ਕਿਲੋਮੀਟਰ ਦੂਰ ਜਾਣਾ ਪੈਂਦੈ ਪਖਾਨੇ ਲਈ
ਕਿਸਾਨ ਸੁਰਜੀਤ ਸਿੰਘ ਨੇ ਕਿਹਾ ਕਿ ਅਨਾਜ ਮੰਡੀ ਵਿਚ ਪਖਾਨਾ ਜਾਣ ਲਈ ਕੋਈ ਥਾਂ ਨਹੀਂ। ਬਰਨਾਲਾ ਦੀ ਅਨਾਜ ਮੰਡੀ ਕਈ ਏਕੜ ਵਿਚ ਫੈਲੀ ਹੋਈ ਹੈ, ਜਦੋਂਕਿ ਬਾਥਰੂਮ ਸਿਰਫ 2-3 ਹੀ ਬਣੇ ਹੋਏ ਹਨ। ਇਨ੍ਹਾਂ ਬਾਥਰੂਮਾਂ ਵਿਚ ਭਾਰੀ ਭੀੜ ਰਹਿੰਦੀ ਹੈ, ਜਿਸ ਕਾਰਨ ਕਿਸਾਨਾਂ ਨੂੰ 2 ਕਿਲੋਮੀਟਰ ਦੂਰ ਪਖਾਨੇ ਜਾਣ ਲਈ ਖੇਤਾਂ ਵਿਖ ਖੁੱਲ੍ਹੇ ਆਸਮਾਨ ਥੱਲੇ ਖੇਤਾਂ ਵਿਚ ਜਾਣਾ ਪੈਂਦਾ ਹੈ। ਕਿਸਾਨਾਂ ਦੇ ਜਾਣ ਮਗਰੋਂ ਉਨ੍ਹਾਂ ਦੀ ਕਣਕ ਚੋਰੀ ਹੋ ਜਾਂਦੀ ਹੈ। ਸਰਕਾਰ ਨੇ ਕਿਹਾ ਸੀ ਕਿ ਕਿਸਾਨਾਂ ਨੂੰ 24 ਘੰਟਿਆਂ 'ਚ ਵਿਹਲਾ ਕਰ ਦਿੱਤਾ ਜਾਵੇਗਾ ਪਰ ਇਥੇ ਤਾਂ ਉਲਟ ਹੀ ਹੋ ਰਿਹਾ ਹੈ। ਕਿਸਾਨ ਪ੍ਰੇਸ਼ਾਨ ਹੋ ਰਹੇ ਹਨ।
ਮੰਡੀ 'ਚ ਨਹੀਂ ਕਣਕ ਲਾਹੁਣ ਦੀ ਥਾਂ
ਆੜ੍ਹਤੀ ਮੋਹਿਤ ਬਾਂਸਲ ਨੇ ਕਿਹਾ ਕਿ ਬਰਨਾਲਾ ਅਨਾਜ ਮੰਡੀ ਵਿਚ ਲਿਫਟਿੰਗ ਦੀ ਭਾਰੀ ਸਮੱਸਿਆ ਹੈ। ਦੂਰ-ਦੂਰ ਤੱਕ ਕਣਕ ਦੀਆਂ ਬੋਰੀਆਂ ਦੇ ਢੇਰ ਲੱਗੇ ਹੋਏ ਹਨ। ਬੋਰੀਆਂ ਦੇ ਢੇਰਾਂ ਕਾਰਨ ਕਣਕ ਲਾਹੁਣ ਲਈ ਥਾਂ ਘਟ ਰਹੀ ਹੈ। ਸਰਕਾਰ ਨੂੰ ਲਿਫਟਿੰਗ ਠੀਕ ਕਰਨ ਲਈ ਧਿਆਨ ਦੇਣਾ ਚਾਹੀਦਾ ਹੈ। ਖੁੱਲ੍ਹੇ ਆਸਮਾਨ ਥੱਲੇ ਕਣਕ ਪਈ ਹੋਣ ਕਾਰਨ ਜ਼ਿਲੇ ਵਿਚ ਅਰਬਾਂ ਰੁਪਿਆਂ ਦੀ ਕਣਕ ਖਰਾਬ ਹੋਣ ਦਾ ਡਰ ਵੀ ਹਮੇਸ਼ਾ ਬਣਿਆ ਰਹਿੰਦਾ ਹੈ। ਇਸ ਲਈ ਲਿਫਟਿੰਗ ਨੂੰ ਤੇਜ਼ ਕਰਨ ਲਈ ਜ਼ਿਲਾ ਪ੍ਰਸ਼ਾਸਨ ਨੂੰ ਕਦਮ ਚੁੱਕਣੇ ਚਾਹੀਦੇ ਹਨ।
70 ਸਾਲਾ ਬਜ਼ੁਰਗ ਧੁੱਪ 'ਚ ਬੈਠਾ ਫਸਲ ਦੀ ਰਾਖੀ
70 ਵਰ੍ਹਿਆਂ ਦੇ ਬਜ਼ੁਰਗ ਕਿਸਾਨ ਸੁਰਿੰਦਰ ਸਿੰਘ ਨੇ ਕਿਹਾ ਕਿ ਮੈਂ ਪਿਛਲੇ 3 ਦਿਨਾਂ ਤੋਂ ਅਨਾਜ ਮੰਡੀ ਵਿਚ ਆਪਣੀ ਕਣਕ ਲੈ ਕੇ ਆਇਆ ਹੋਇਆਂ ਹਾਂ। ਮੇਰੀ ਕਣਕ ਪੂਰੀ ਤਰ੍ਹਾਂ ਨਾਲ ਸਰਕਾਰੀ ਮਾਪਦੰਡਾਂ 'ਤੇ ਖਰੀ ਉਤਰਦੀ ਹੈ। ਪਤਾ ਨਹੀਂ ਕਿਉਂ ਫਸਲ ਨੂੰ ਖਰੀਦਿਆ ਨਹੀਂ ਜਾ ਰਿਹਾ। ਭਰੀ ਦੁਪਹਿਰ ਵਿਚ ਮੈਂ ਖੁੱਲ੍ਹੇ ਆਸਮਾਨ ਹੇਠਾਂ ਕੜਾਕੇ ਦੀ ਧੁੱਪ ਵਿਚ ਕਣਕ ਦੀ ਰਾਖੀ ਬੈਠਾ ਹਾਂ।
ਕਣਕ ਨਾ ਮਿਲਣ 'ਤੇ ਕੀਤਾ ਰੋਸ ਪ੍ਰਦਰਸ਼ਨ
NEXT STORY