ਅੰਮ੍ਰਿਤਸਰ,(ਕਮਲ)- ਦੇਸ਼ ਦੀ ਸੰਸਦ 'ਚ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਪ੍ਰਤੀਨਿਧਤਾ ਕਰਦੇ ਨੌਜਵਾਨ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਦੇ ਧਾਰਮਿਕ ਤੇ ਇਤਿਹਾਸਿਕ ਸਥਾਨਾਂ ਨੂੰ ਆਪਸ 'ਚ ਜੋੜਨ ਲਈ ਸ਼ੁਰੂ ਕੀਤੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਪ੍ਰੋਜੈਕਟ ਦੀ ਡੀ. ਪੀ. ਆਰ. 'ਚੋਂ ਸਾਜਿਸ਼ ਤਹਿਤ ਸਿੱਖਾਂ ਦੀ ਧਾਰਮਿਕ ਰਾਜਧਾਨੀ ਅੰਮ੍ਰਿਤਸਰ ਨੂੰ ਬਾਹਰ ਰੱਖਣਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਗੱਲ ਔਜਲਾ ਨੇ ਆਪਣੇ ਦਫਤਰ ਇਕ ਪੱਤਰਕਾਰ ਮਿਲਣੀ 'ਚ ਕਹੀ। ਔਜਲਾ ਨੇ ਬਾਦਲ ਪਰਿਵਾਰ ਤੇ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਗੁਰੂ ਨਗਰੀ ਨਾਲ ਝੂਠਾ ਹੇਜ ਨਾ ਜਤਾਉਣ ਤੇ ਐਕਸਪ੍ਰੈਸ ਵੇਅ ਉਪਰ ਸ਼੍ਰੀਮਤੀ ਬਾਦਲ ਵਲੋਂ ਦਿਤੇ ਗੁੰਮਰਾਹਕੁੰਨ ਬਿਆਨ ਨਾਲ ਬਾਦਲ ਪਰਿਵਾਰ 'ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਨਣ' ਦਾ ਡਰਾਮਾ ਕਰ ਰਿਹਾ ਹੈ। ਔਜਲਾ ਨੇ ਕਿਹਾ ਕਿ ਉਹ ਮਾਲਵਾ ਵਿਕਾਸ ਵਿਰੋਧੀ ਨਹੀਂ ਪਰ ਬਾਦਲ ਪਰਿਵਾਰ ਕੇਂਦਰ ਤੋਂ ਮਾਲਵਾ ਲਈ ਸਿੱਧਾ ਪ੍ਰੋਜੈਕਟ ਮਨਜੂਰ ਕਰਵਾਉਂਦੇ ਨਾ ਕਿ ਕਿਸੇ ਹੋਰ ਇਲਾਕੇ ਲਈ ਮਨਜੂਰ ਪ੍ਰੋਜੈਕਟਾਂ ਨੂੰ ਤਬਦੀਲ ਕਰਵਾਉਂਦੇ।
ਔਜਲਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਤੋਂ ਅੰਮ੍ਰਿਤਸਰ ਨੂੰ ਵਾਂਝਾ ਕਰਨ ਦਾ ਕਾਰਨ ਗੁਰਦਾਸਪੁਰ-ਪਠਾਨਕੋਟ 'ਚ ਪੈਂਦੇ ਪਹਾੜਾਂ 'ਚ ਸੁਰੰਗਾਂ ਦੇ ਨਿਰਮਾਣ ਨੂੰ ਦੱਸਿਆ ਗਿਆ ਹੈ ਜਦਕਿ ਅਸਲੀਅਤ ਇਹ ਹੈ ਕਿ ਗੁਰਦਾਸਪੁਰ-ਪਠਾਨਕੋਟ ਦੇ ਰਸਤੇ 'ਚ ਕੋਈ ਪਹਾੜ ਨਹੀ ਪੈਂਦਾ। ਔਜਲਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਗੁਰੂ ਨਗਰੀ ਨਾਲ ਹੋ ਰਹੀ ਬੇਇਨਸਾਫੀ ਖਿਲਾਫ ਦਖਲ ਦੇ ਕੇ ਅੰਮ੍ਰਿਤਸਰ ਵਾਸੀਆਂ ਨੂੰ ਇਨਸਾਫ ਦਿਵਾਉਣ। ਇਸਦੇ ਨਾਲ ਨਾਲ ਔਜਲਾ ਨੇ ਅੰਮ੍ਰਿਤਸਰ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੂੰ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇਸ ਅਹਿਮ ਪ੍ਰੋਜੈਕਟ ਤੋਂ ਵਾਂਝੀ ਕੀਤੀ ਜਾ ਰਹੀ ਗੁਰੂ ਨਗਰੀ ਨਾਲ ਹੋ ਰਹੀ ਬੇਇਨਸਾਫੀ ਖਿਲਾਫ ਅਵਾਜ ਬੁਲੰਦ ਕਰਕੇ ਅੰਮ੍ਰਿਤਸਰ ਨੂੰ ਹੱਕ ਦਿਵਾਉਣ ਲਈ ਡਟਣ ਦੀ ਭਾਵਪੂਰਨ ਅਪੀਲ ਕੀਤੀ।
ਸ੍ਰੀ ਮੁਕਤਸਰ ਸਾਹਿਬ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਮਿਲੀ ਹਸਪਤਾਲ ਤੋਂ ਛੁੱਟੀ
NEXT STORY