ਲੁਧਿਆਣਾ (ਰਾਜ): ਥਾਣਾ ਦੁੱਗਰੀ ਪੁਲਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਕਰੀਬ 6 ਮਹੀਨੇ ਪਹਿਲਾਂ ਹੋਏ ਇਕ ਮਹਿਲਾ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਪੂਰੀ ਤਰ੍ਹਾਂ ਸੁਲਝਾ ਲਿਆ ਹੈ। ਪੁਲਸ ਨੇ ਇਸ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜ ਦਿੱਤਾ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਸੀ ਜਦੋਂ 11 ਨਵੰਬਰ 2025 ਨੂੰ 200 ਫੁੱਟਾ ਰੋਡ 'ਤੇ ਨਵੇਂ ਬਣ ਰਹੇ ਪੁਲ ਦੇ ਫਲਾਈਓਵਰ ਨੇੜੇ, ਸ਼ਹੀਦ ਭਗਤ ਨਗਰ (ਦੁੱਗਰੀ) ਦੇ ਇਲਾਕੇ ਵਿਚ ਇਕ ਚਿੱਟੇ ਰੰਗ ਦੇ ਬੋਰੇ ਵਿਚੋਂ ਅਣਪਛਾਤੀ ਮਹਿਲਾ ਦੀ ਲਾਸ਼ ਬਰਾਮਦ ਹੋਈ ਸੀ। ਮਹਿਲਾ ਦਾ ਗਲਾ ਘੁੱਟ ਕੇ ਬੜੀ ਬੇਰਹਿਮੀ ਨਾਲ ਉਸ ਦਾ ਕਤਲ ਕੀਤਾ ਗਿਆ ਸੀ। ਇਸ ਸਬੰਧ ਵਿਚ ਦੁੱਗਰੀ ਪੁਲਸ ਨੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮੁਕੱਦਮਾ ਨੰਬਰ 192 ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਸੀ।
ਲੁਧਿਆਣਾ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ (IPS) ਦੇ ਦਿਸ਼ਾ-ਨਿਰਦੇਸ਼ਾਂ 'ਤੇ ਇਸ ਅੰਨ੍ਹੇ ਕਤਲ ਦਾ ਸੁਰਾਗ ਲਗਾਉਣ ਲਈ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ। ਡਿਪਟੀ ਕਮਿਸ਼ਨਰ ਪੁਲਸ ਜਸਕਿਰਨਜੀਤ ਸਿੰਘ ਤੇਜਾ, ਵਧੀਕ ਡਿਪਟੀ ਕਮਿਸ਼ਨਰ ਪੁਲਸ ਜ਼ੋਨ-2 ਕਰਨਵੀਰ ਸਿੰਘ ਅਤੇ ਸਹਾਇਕ ਕਮਿਸ਼ਨਰ ਪੁਲਸ ਅੰਗਰੇਜ਼ ਸਿੰਘ ਦੀ ਅਗਵਾਈ ਵਿਚ ਥਾਣਾ ਦੁੱਗਰੀ ਦੇ ਇੰਚਾਰਜ ਇੰਸਪੈਕਟਰ ਗੁਰਮੁਖ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਤਕਨੀਕੀ ਮਾਧਿਅਮਾਂ ਅਤੇ ਗੁਪਤ ਸੂਚਨਾਵਾਂ ਦੀ ਮਦਦ ਨਾਲ ਮਾਮਲੇ ਦੀਆਂ ਕੜੀਆਂ ਜੋੜਨੀਆਂ ਸ਼ੁਰੂ ਕੀਤੀਆਂ। ਜਾਂਚ ਦੌਰਾਨ ਪੁਲਸ ਨੂੰ ਮ੍ਰਿਤਕਾ ਦੇ ਖੱਬੇ ਗੁੱਟ 'ਤੇ 'B.J' ਨਾਂ ਦਾ ਇਕ ਟੈਟੂ ਬਣਿਆ ਹੋਇਆ ਮਿਲਿਆ। ਇਸੇ ਟੈਟੂ ਤੋਂ ਪੁਲਸ ਨੇ ਮ੍ਰਿਤਕਾ ਦੀ ਪਛਾਣ ਕੀਤੀ, ਜਿਸ ਵਿਚ 'B' ਦਾ ਮਤਲਬ ਬਬਲੂ ਅਤੇ 'J' ਦਾ ਮਤਲਬ ਜੋਤੀ ਸੀ।
ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਜੋਤੀ ਮਾਰਚ 2025 ਤੋਂ ਰਿਸ਼ੀਪਾਲ ਨਾਮਕ ਵਿਅਕਤੀ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿ ਰਹੀ ਸੀ। ਰਿਸ਼ੀਪਾਲ ਲੁਧਿਆਣਾ ਦੇ ਥਾਣਾ ਮੋਤੀ ਨਗਰ ਅਧੀਨ ਆਉਂਦੇ ਸੈਕਟਰ 40, ਲਵਕੁਸ਼ ਕਲੋਨੀ ਦੇ ਮਕਾਨ ਨੰਬਰ 53 ਦਾ ਰਹਿਣ ਵਾਲਾ ਹੈ। ਅਕਤੂਬਰ 2025 ਵਿਚ ਜੋਤੀ ਰਿਸ਼ੀਪਾਲ ਦਾ ਘਰ ਛੱਡ ਕੇ ਆਪਣੇ ਬੱਚਿਆਂ ਨਾਲ ਜਮਾਲਪੁਰ ਇਲਾਕੇ ਵਿਚ ਇਕ ਕਿਰਾਏ ਦੇ ਮਕਾਨ ਵਿਚ ਰਹਿਣ ਚਲੀ ਗਈ ਸੀ। ਵਿਵਾਦ ਦੀ ਸ਼ੁਰੂਆਤ 8 ਨਵੰਬਰ 2025 ਨੂੰ ਹੋਈ ਜਦੋਂ ਮੁਲਜ਼ਮ ਰਿਸ਼ੀਪਾਲ ਜੋਤੀ ਨੂੰ ਆਪਣੀ ਮੋਟਰਸਾਈਕਲ 'ਤੇ ਬਿਠਾ ਕੇ ਦੁਬਾਰਾ ਲਵਕੁਸ਼ ਕਲੋਨੀ ਸਥਿਤ ਆਪਣੇ ਘਰ ਲੈ ਗਿਆ। ਉੱਥੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਤਿੱਖੀ ਬਹਿਸ ਹੋ ਗਈ। ਬਹਿਸ ਇੰਨੀ ਵਧ ਗਈ ਕਿ ਗੁੱਸੇ ਵਿਚ ਆ ਕੇ ਰਿਸ਼ੀਪਾਲ ਨੇ ਜੋਤੀ ਦੇ ਗਲੇ ਵਿਚ ਪਾਈ ਚੁੰਨੀ ਨਾਲ ਉਸ ਦਾ ਗਲਾ ਘੁੱਟ ਦਿੱਤਾ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਨੂੰ ਲੁਕਾਉਣ ਲਈ ਉਸ ਨੇ ਜੋਤੀ ਦੀ ਲਾਸ਼ ਨੂੰ ਇਕ ਬੋਰੇ ਵਿਚ ਬੰਦ ਕੀਤਾ, ਆਪਣੀ ਮੋਟਰਸਾਈਕਲ ਦੇ ਪਿੱਛੇ ਲੱਦਿਆ ਅਤੇ 200 ਫੁੱਟਾ ਰੋਡ 'ਤੇ ਬਣ ਰਹੇ ਫਲਾਈਓਵਰ ਨੇੜੇ ਸੁੱਟ ਕੇ ਫ਼ਰਾਰ ਹੋ ਗਿਆ।
ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਮੁਲਜ਼ਮ ਰਿਸ਼ੀਪਾਲ (ਉਮਰ 41 ਸਾਲ, ਪੁੱਤਰ ਵੇਦਪਾਲ) ਨੂੰ 18 ਮਈ 2026 ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਮੁਲਜ਼ਮ ਕੋਲੋਂ ਮ੍ਰਿਤਕਾ ਜੋਤੀ ਦਾ ਮੋਬਾਈਲ ਫ਼ੋਨ, ਉਸ ਦਾ ਵੋਟਰ ਕਾਰਡ, ਵਾਰਦਾਤ ਵਿਚ ਵਰਤੀ ਗਈ ਮੋਟਰਸਾਈਕਲ ਅਤੇ ਲਾਸ਼ ਨੂੰ ਟਿਕਾਣੇ ਲਗਾਉਣ ਲਈ ਵਰਤੀ ਗਈ ਰੱਸੀ ਬਰਾਮਦ ਕਰ ਲਈ ਹੈ। ਪੁਲਸ ਹੁਣ ਮੁਲਜ਼ਮ ਤੋਂ ਅਗਲੀ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਮਾਮਲੇ ਨਾਲ ਜੁੜੇ ਹੋਰ ਪਹਿਲੂਆਂ ਨੂੰ ਵੀ ਪੂਰੀ ਤਰ੍ਹਾਂ ਸਾਫ਼ ਕੀਤਾ ਜਾ ਸਕੇ।
ਡੀ.ਐੱਸ.ਪੀ ਗਿੱਲ ਵੱਲੋਂ ਜੋਗਾ ਵਿਖੇ ਮੀਟਿੰਗ ਦਾ ਆਯੋਜਨ, ਕਿਹਾ ਜੇ ਕੋਈ ਤੰਗ ਕਰੇ ਸਾਨੂੰ ਦੱਸੋ
NEXT STORY