ਮੋਰਿੰਡਾ, (ਅਰਨੌਲੀ)- ਮੋਰਿੰਡਾ ਸਿਟੀ ਪੁਲਸ ਨੂੰ ਪੁਲਸ ਥਾਣੇ ਦਾ ਦਰਜਾ ਤਾਂ ਦੇ ਦਿੱਤਾ ਗਿਆ ਪਰ ਥਾਣੇ ਲਈ ਪੁਖਤਾ ਇਮਾਰਤ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਜਾਣਕਾਰੀ ਅਨੁਸਾਰ ਮੋਰਿੰਡਾ ਸਿਟੀ ਥਾਣਾ ਕਈ ਸਾਲਾਂ ਤੋਂ ਮਾਰਕੀਟ ਕਮੇਟੀ ਮੋਰਿੰਡਾ ਦੀ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਚਲਦਾ ਆ ਰਿਹਾ ਹੈ, ਜਿਸ ਦੀ ਹਾਲਤ ਵੀ ਖਸਤਾ ਹੈ। ਇਸ ਇਮਾਰਤ ਵਿਚ ਨਾ ਤਾਂ ਜਮ੍ਹਾਖਾਨੇ ਲਈ ਕੋਈ ਵਧੀਆ ਕਮਰਾ ਤੇ ਨਾ ਹੀ ਗ੍ਰਿਫਤਾਰ ਕੀਤੇ ਵਿਅਕਤੀਆਂ ਲਈ ਹਵਾਲਾਤ ਦਾ ਕੋਈ ਪ੍ਰਬੰਧ, ਜਿਸ ਕਾਰਨ ਸਿਟੀ ਪੁਲਸ ਵਲੋਂ ਜਮ੍ਹਾਬੰਦੀ ਤੇ ਗ੍ਰਿਫਤਾਰ ਵਿਅਕਤੀਆਂ ਨੂੰ ਸਦਰ ਥਾਣੇ ਵਿਚ ਭੇਜਿਆ ਜਾਂਦਾ ਸੀ।
ਹੁਣ ਸਿਟੀ ਪੁਲਸ ਚੌਕੀ ਦੇ ਪੁਲਸ ਥਾਣੇ ਵਿਚ ਤਬਦੀਲ ਹੋਣ ਨਾਲ ਮੋਰਿੰਡਾ ਸ਼ਹਿਰ ਸਮੇਤ ਕਈ ਪਿੰਡਾਂ ਨੂੰ ਵੀ ਇਸ ਅਧੀਨ ਲਿਆਂਦਾ ਗਿਆ ਹੈ, ਜਿਸ ਕਾਰਨ ਸਿਟੀ ਥਾਣੇ ਦਾ ਕੰਮਕਾਜ ਹੋਰ ਵੀ ਵਧ ਗਿਆ ਪਰ ਸਿਟੀ ਥਾਣੇ ਕੋਲ ਨਾ ਕੋਈ ਵਧੀਆ ਇਮਾਰਤ ਹੈ ਤੇ ਨਾ ਹੀ ਪੁਲਸ ਵਲੋਂ ਫੜੇ ਜਾਂਦੇ ਜਾਂ ਹਾਦਸਾਗ੍ਰਸਤ ਵਾਹਨਾਂ ਨੂੰ ਰੱਖਣ ਲਈ ਕੋਈ ਪੁਖਤਾ ਪ੍ਰਬੰਧ। ਪੁਲਸ ਥਾਣੇ ਦੀ ਜਮ੍ਹਾਬੰਦੀ ਤੇ ਕੈਦੀਆਂ ਨੂੰ ਹੁਣ ਵੀ ਸਦਰ ਥਾਣੇ ਦੇ ਹਵਾਲਾਤ ਵਿਚ ਰੱਖਣਾ ਪੈ ਰਿਹਾ ਹੈ।
ਇਸ ਤੋਂ ਇਲਾਵਾ ਸਿਟੀ ਪੁਲਸ ਥਾਣੇ ਦੀ ਇਮਾਰਤ ਨੇੜੇ ਪਾਣੀ ਦੀ ਨਿਕਾਸੀ ਦਾ ਕੋਈ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਹਲਕੀ ਜਿਹੀ ਬਾਰਿਸ਼ ਪੈਣ ਨਾਲ ਸਿਟੀ ਥਾਣੇ ਨੇੜੇ ਨਦੀ ਵਾਂਗ ਪਾਣੀ ਜਮ੍ਹਾ ਹੋ ਜਾਂਦਾ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਤੇ ਪੁਲਸ ਕਰਮਚਾਰੀਆਂ ਲਈ ਥਾਣੇ ਅੰਦਰ ਜਾਣਾ ਵੀ ਮੁਸ਼ਕਲ ਹੋ ਜਾਂਦਾ ਹੈ।
ਅੱਜ ਬਾਰਿਸ਼ ਹੋਣ ਕਾਰਨ ਜਦੋਂ ਸਿਟੀ ਪੁਲਸ ਥਾਣੇ ਦਾ ਦੌਰਾ ਕੀਤਾ ਗਿਆ ਤਾਂ ਥਾਣੇ ਦੇ ਅੰਦਰ ਤੇ ਬਾਹਰ ਕਾਫੀ ਜ਼ਿਆਦਾ ਬਾਰਿਸ਼ ਦਾ ਪਾਣੀ ਖੜ੍ਹਾ ਸੀ, ਜਿਸ ਕਾਰਨ ਆਪਣੇ ਕੰਮਾਂ-ਕਾਰਾਂ ਲਈ ਆਏ ਕੁਝ ਲੋਕ ਥਾਣੇ ਅੰਦਰ ਨਹੀਂ ਜਾ ਸਕੇ ਤੇ ਵਾਪਸ ਚਲੇ ਗਏ, ਜਦਕਿ ਐੱਸ. ਐੱਚ. ਓ. ਸਿਟੀ ਪੁਲਸ ਭਾਰਤ ਭੂਸ਼ਣ ਨੂੰ ਵੀ ਥਾਣੇ ਦਾ ਕੰਮਕਾਜ ਅਨਾਜ ਮੰਡੀ ਵਿਚ ਇਕ ਦੁਕਾਨ ਅੰਦਰ ਬੈਠ ਕੇ ਕਰਨਾ ਪਿਆ। ਇਸ ਮੌਕੇ ਐੱਸ. ਐੱਚ. ਓ. ਭਾਰਤ ਭੂਸ਼ਣ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਥਾਣੇ ਦੀ ਇਮਾਰਤ ਨੇੜੇ ਬਾਰਿਸ਼ ਦਾ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਦਾ ਥਾਣੇ ਦੇ ਅੰਦਰ ਦਾਖਲ ਹੋਣਾ ਮੁਸ਼ਕਲ ਹੈ, ਜਿਸ ਕਾਰਨ ਅਸੀਂ ਥਾਣੇ ਨੇੜੇ ਇਕ ਦੁਕਾਨ ਵਿਚ ਬੈਠ ਕੇ ਥਾਣੇ ਦਾ ਕੰਮਕਾਜ ਕਰ ਰਹੇ ਹਾਂ, ਤਾਂ ਜੋ ਆਪਣੀਆਂ ਸ਼ਿਕਾਇਤਾਂ ਜਾਂ ਹੋਰ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।
ਕੀ ਕਹਿੰਦੇ ਹਨ ਐੱਸ. ਡੀ. ਐੱਮ.
ਇਸ ਸਬੰਧੀ ਜਦੋਂ ਐੱਸ. ਡੀ. ਐੱਮ. ਸ੍ਰੀ ਚਮਕੌਰ ਸਾਹਿਬ ਰੂਹੀ ਦੁੱਗ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਟੀ ਪੁਲਸ ਥਾਣੇ ਦੀ ਇਮਾਰਤ ਸਬੰਧੀ ਮਾਮਲਾ ਉਹ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣਗੇ। ਫਿਲਹਾਲ ਉਹ ਨਗਰ ਕੌਂਸਲ ਮੋਰਿੰਡਾ ਦੇ ਕਾਰਜਸਾਧਕ ਅਫਸਰ ਨੂੰ ਕਹਿ ਕੇ ਥਾਣੇ ਨੇੜੇ ਖੜ੍ਹੇ ਪਾਣੀ ਦੀ ਨਿਕਾਸੀ ਕਰਵਾਉਣਗੇ।
ਬਿਨਾਂ ਇਜਾਜ਼ਤ ਚੱਲ ਰਹੀ ਆਰਾ ਮਸ਼ੀਨ ਸੀਲ
NEXT STORY