ਗੜ੍ਹਸ਼ੰਕਰ (ਸ਼ੋਰੀ)— ਲੋਕ ਇਨਸਾਫ਼ ਪਾਰਟੀ ਵੱਲੋਂ ਦਲਿਤ ਵਿਦਿਆਰਥੀ ਬਚਾਓ ਯਾਤਰਾ ਦੀ ਸ਼ੁਰੂਆਤ ਅੱਜ ਸ੍ਰੀ ਗੁਰੂ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਸ਼ੁਰੂ ਕੀਤੀ ਗਈ। ਇਹ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਵਿਧਾਇਕ ਨੇ ਅੱਜ ਗੜ੍ਹਸ਼ੰਕਰ 'ਚ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਕਿ ਸਾਧੂ ਸਿੰਘ ਧਰਮਸੋਤ ਦੀ ਬਰਖ਼ਾਸਤੀ ਅਤੇ ਇਸ ਘਪਲੇ ਦੀ ਸੀ. ਬੀ. ਆਈ. ਤੋਂ ਜਾਂਚ ਦੀ ਮੰਗ ਕਰਵਾਉਣ ਲਈ ਇਹ ਯਾਤਰਾ ਪਾਰਟੀ ਵੱਲੋਂ ਕੱਢੀ ਜਾ ਰਹੀ ਹੈ, ਜਿਸ ਦਾ ਨਾਅਰਾ 'ਤਿੰਨ ਟੈਰ, ਦੋ ਪੈਰ, ਸਾਧੂ ਤੇਰੀ ਨਹੀਂ ਖ਼ੈਰ ਹੈ'।
ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਯਾਤਰਾ ਪਹਿਲੇ ਪੜਾਅ 'ਚ ਦੋਆਬੇ ਦੇ ਚਾਰ ਹਲਕਿਆਂ 'ਚ ਨਵਾਂਸ਼ਹਿਰ, ਜਲੰਧਰ, ਫਗਵਾੜਾ ਅਤੇ ਭੁਲੱਥ ਹਲਕੇ 'ਚ ਕੱਢੀ ਜਾ ਰਹੀ ਹੈ, ਜਿਸ 'ਚ ਆਟੋ ਰਿਕਸ਼ਾ ਰਾਹੀਂ ਲੋਕਾਂ ਦੇ ਸਨਮੁੱਖ ਹੋਇਆ ਜਾਵੇਗਾ। ਉਨ੍ਹਾਂ ਦੱਸਿਆ ਉਪਰੰਤ ਇਸ ਦੇ ਮਾਝੇ ਅਤੇ ਮਾਲਵੇ 'ਚ ਇਹ ਯਾਤਰਾ ਕੱਢੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦੌਰਾਨ ਆਮ ਲੋਕਾਂ ਨੂੰ ਕਾਂਗਰਸ ਦਾ ਬਾਈਕਾਟ ਕਰਨ ਦਾ ਸੁਨੇਹਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਹਲਕਿਆਂ 'ਚ ਐੱਸ. ਸੀ. ਬਰਾਦਰੀ ਦੀ ਸੰਘਣੀ ਆਬਾਦੀ ਹੈ, ਉੱਥੇ ਇਹ ਯਾਤਰਾ ਜ਼ਿਆਦਾ ਸਮਾਂ ਲਈ ਰਹੇਗੀ। ਉਨ੍ਹਾਂ ਦੱਸਿਆ ਕਿ ਯਾਤਰਾ ਦੌਰਾਨ ਉਹ ਦਲਿਤਾਂ ਦੇ ਘਰ 'ਚ ਹੀ ਰਹਿਣਗੇ।

ਧਰਮਸੋਤ ਨੂੰ ਮੁੱਖ ਮੰਤਰੀ ਵੱਲੋਂ ਕਰਨਾ ਚਾਹੀਦਾ ਸੀ ਸਸਪੈਂਡ
ਇਕ ਸਵਾਲ ਦੇ ਜਵਾਬ 'ਚ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਮੰਤਰੀ ਸਾਧੂ ਸਿੰਘ ਧਰਮਸੋਤ ਜੇਕਰ ਪਾਕਿ ਸਾਫ ਹੈ ਤਾਂ ਉਹ ਮੁੱਖ ਮੰਤਰੀ ਨੂੰ ਸਾਰੇ ਕੇਸ ਦੀ ਸੀ. ਬੀ. ਆਈ. ਤੋਂ ਇਨਕੁਆਰੀ ਮਾਰਕ ਕਰਨ ਲਈ ਕਿਉਂ ਨਹੀਂ ਕਹਿ ਰਹੇ। ਉਨ੍ਹਾਂ ਕਿਹਾ ਕਿ ਇਹ ਘਪਲਾ ਐਡੀਸ਼ਨਲ ਚੀਫ ਸੈਕਟਰੀ ਦੀ ਪੜਤਾਲ ਤੋਂ ਬਾਅਦ ਬੇਨਕਾਬ ਹੋਇਆ ਹੈ ਨਾ ਕਿ ਕਿਸੇ ਵਿਰੋਧੀ ਪਾਰਟੀ ਵੱਲੋਂ ਸਾਹਮਣੇ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਇਸ ਘਪਲੇ ਦੀ ਸੱਚਾਈ ਸਾਹਮਣੇ ਨਹੀਂ ਆ ਜਾਂਦੀ ਤਦ ਤੱਕ ਮੰਤਰੀ ਧਰਮਸੋਤ ਨੂੰ ਮੁੱਖ ਮੰਤਰੀ ਨੂੰ ਘੱਟੋ-ਘੱਟ ਸਸਪੈਂਡ ਕਰ ਦੇਣਾ ਚਾਹੀਦਾ ਸੀ ਪਰ ਅਫ਼ਸੋਸ ਮੁੱਖ ਮੰਤਰੀ ਨੇ ਅਜਿਹਾ ਨਹੀਂ ਕੀਤਾ ਕਿਉਂਕਿ ਮੁੱਖ ਮੰਤਰੀ ਕੋਲ ਖੁਦ ਅਜਿਹੇ ਮਹਿਕਮੇ ਹਨ ਜਿਨ੍ਹਾਂ 'ਚ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਦੇ ਮਾਮਲੇ ਚਰਚਾ ਦਾ ਵਿਸ਼ਾ ਹਨ। ਜਿਸ 'ਚ ਖੇਤੀਬਾੜੀ ਦਾ ਬੀਜ ਘਪਲਾ ਅਤੇ ਐਕਸਾਈਜ਼ ਡਿਪਾਰਟਮੈਂਟ 'ਚ ਕਰੋੜਾਂ ਰੁਪਏ ਦਾ ਘਪਲਾ ਸ਼ਾਮਲ ਹੈ।

ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਉੱਪਰ ਜੋ ਕੋਰੋਨਾ ਨਿਯਮਾਂ ਦੀ ਅਣਗਹਿਲੀ ਸਬੰਧੀ ਕੇਸ ਦਰਜ ਕੀਤਾ ਗਿਆ ਹੈ ਉਹ ਕੈਪਟਨ ਸਰਕਾਰ ਅਤੇ ਵਿਰੋਧੀ ਪਾਰਟੀਆਂ ਨੂੰ ਦੱਬਣ ਦੇ ਹੱਥ ਕੰਡੇ ਦੀ ਪਾਲਿਸੀ ਦਾ ਇਕ ਹਿੱਸਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਆਪਣੇ ਹਰ ਵਿਰੋਧੀ ਦਾ ਮੂੰਹ ਬੰਦ ਕਰਵਾਉਣਾ ਚਾਹੁੰਦੀ ਹੈ, ਇਸ ਦੇ ਲਈ ਕੋਰੋਨਾ ਨਿਯਮਾਂ ਦਾ ਸਹਾਰਾ ਵੀ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਉੱਪਰ ਤਾਂ ਸਿਰਫ਼ ਇਕ ਕੇਸ ਦਰਜ ਹੋਇਆ ਹੈ ਜਦਕਿ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ 'ਤੇ ਇਸ ਤਰ੍ਹਾਂ ਦੇ ਪੰਜ ਕੇਸ ਦਰਜ ਹੋ ਚੁੱਕੇ ਹਨ।
ਖੇਤੀ ਸੁਧਾਰ ਆਰਡੀਨੈਂਸ ਰਾਹੀਂ 80 ਫ਼ੀਸਦੀ ਕਿਸਾਨ ਹੋ ਜਾਣਗੇ ਬੇਜ਼ਮੀਨੇ
ਖੇਤੀ ਸੁਧਾਰ ਆਰਡੀਨੈਂਸ ਸਬੰਧੀ ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਉਨ੍ਹਾਂ ਦੀ ਪਾਰਟੀ ਨੇ ਹੀ ਸਾਈਕਲ ਰੋਸ ਯਾਤਰਾ ਕੱਢ ਕੇ ਇਸ ਤਰ੍ਹਾਂ ਦੇ ਸੁਧਾਰ ਆਰਡੀਨੈਂਸਾ ਦਾ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਆਰਡੀਨੈਂਸ ਰਾਹੀਂ 80 ਫ਼ੀਸਦੀ ਕਿਸਾਨ ਬੇਜ਼ਮੀਨੇ ਹੋ ਕੇ ਖੇਤ ਮਜ਼ਦੂਰ ਬਣ ਕੇ ਰਹਿ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਡਾਡੀਆਂ ਹੁਸ਼ਿਆਰਪੁਰ ਤੋਂ ਜਗਵਿੰਦਰ ਸਿੰਘ, ਰਣਬੀਰ ਸਿੰਘ ਅਤੇ ਜ਼ਿਲ੍ਹਾ ਨਵਾਂਸ਼ਹਿਰ ਤੋਂ ਪ੍ਰਧਾਨ ਹਰਪ੍ਰਭ ਮਹਿਲ ਸਿੰਘ ਬਰਨਾਲਾ ਅਤੇ ਹੋਰ ਵੀ ਹਾਜ਼ਰ ਸਨ।
ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਨੇ ਕੀਟਨਾਸ਼ਕਾਂ ਬਾਰੇ ਕੀਤੀ ਜਾਣਕਾਰੀ ਹਾਸਲ
NEXT STORY