ਸੰਗਰੂਰ : ਪਾਰਟੀ ਦੀਆਂ ਨੀਤੀਆਂ ਤੋਂ ਦੁਖੀ ਹੋ ਤੇ ਸਭ ਤੋਂ ਪਹਿਲਾਂ ਬਗਾਵਤ ਦਾ ਝੰਡਾ ਚੁੱਕ ਅਸਤੀਫਾ ਦੇਣ ਵਾਲੇ ਸੁਖਦੇਵ ਸਿੰਘ ਢੀਂਡਸਾ ਨੇ ਬਾਦਲ ਪਰਿਵਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਢੀਂਡਸਾ ਨੇ ਬਾਦਲਾਂ ਦਾ ਨਾਂ ਲਏ ਬਗ਼ੈਰ ਕਿਹਾ ਹੈ ਕਿ ਪਾਰਟੀ 'ਤੇ ਕਾਬਜ਼ ਪਰਿਵਾਰ ਦੇ ਲਾਂਭੇ ਹੋਏ ਬਿਨਾਂ ਇਕ ਹੋਣਾ ਸੰਭਵ ਨਹੀਂ। ਇਸ ਦੌਰਾਨ ਢੀਂਡਸਾ ਨੇ ਇਹ ਵੀ ਸਾਫ ਕੀਤਾ ਹੈ ਕਿ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਨਹੀਂ ਉਤਰੇਗਾ। ਉਨ੍ਹਾਂ ਆਪਣੇ ਪੁੱਤਰ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਚੋਣ ਲੜਨ ਦੀਆਂ ਕਿਆਸਰਾਈਆਂ ਰੱਦ ਕਰਦਿਆਂ ਕਿਹਾ ਕਿ ਪਰਮਿੰਦਰ ਵਿਧਾਇਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਦੇ ਕਹਿਣ ਦਾ ਕੋਈ ਮਤਲਬ ਨਹੀਂ ਬਣਦਾ ਕਿਉਂਕਿ ਹੁਣ ਚੋਣ ਲੜਨ ਲਈ ਹਾਲਾਤ ਵੀ ਠੀਕ ਨਹੀਂ ਹਨ।
ਸੁਖਦੇਵ ਸਿੰਘ ਢੀਂਡਸਾ ਨੇ ਦੱਸਿਆ ਕਿ ਲੋਕ ਅਕਾਲੀ ਦਲ ਦੇ ਖਿਲਾਫ ਨਹੀਂ ਹਨ ਤੇ ਨਾ ਹੀ ਕਦੇ ਅਕਾਲੀ ਦਲ ਖ਼ਤਮ ਹੋਇਆ ਹੈ। ਲੋਕ ਅਕਾਲੀ ਦਲ ਦੇ ਖਿਲਾਫ ਨਾ ਹੋ ਕੇ ਸਿਰਫ ਕੁਝ ਲੀਡਰਾਂ ਦੇ ਖ਼ਿਲਾਫ਼ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਲੀਡਰ ਪਾਰਟੀ ਛੱਡ ਪਿੱਛੇ ਹੱਟ ਜਾਣ ਤਾਂ ਅਕਾਲੀ ਦਲ ਫਿਰ ਖੜ੍ਹਾ ਹੋ ਸਕਦਾ ਹੈ। ਟਕਸਾਲੀ ਤੇ ਪੁਰਾਣੇ ਅਕਾਲੀ ਜੋ ਹੁਣ ਘਰ ਬੈਠ ਗਏ ਹਨ, ਉਹ ਵੀ ਇਕੱਠੇ ਹੋ ਸਕਦੇ ਹਨ।
ਬਾਦਲ ਪਰਿਵਾਰ ਦਾ ਨਾਂ ਲਏ ਬਿਨਾਂ ਢੀਂਡਸਾ ਨੇ ਕਿਹਾ ਕਿ ਹੁਣ ਉਨ੍ਹਾਂ ਲੋਕਾਂ ਨੂੰ ਚਾਹੀਦਾ ਹੈ ਜਿਹੜੇ ਪਾਰਟੀ 'ਤੇ ਕਾਬਜ਼ ਹਨ ਅਤੇ ਪਾਰਟੀ ਨੂੰ ਬਚਾਉਣ ਲਈ ਕੋਈ ਕੁਰਬਾਨੀ ਦੇਣ। ਢੀਂਡਸਾ ਨੇ ਸਾਫ ਕੀਤਾ ਕਿ ਉਹ ਆਪਣੇ ਪੱਧਰ 'ਤੇ ਪਹਿਲਾਂ ਹੀ ਆਵਾਜ਼ ਬੁਲੰਦ ਕਰ ਚੁੱਕੇ ਹਨ, ਜਦੋਂ ਉਨ੍ਹਾਂ ਦੀ ਪਾਰਟੀ ਨਹੀਂ ਸੁਣੀ ਗਈ ਤਾਂ ਉਨ੍ਹਾਂ ਨੇ ਪੈਰ ਪਿਛਾਂਹ ਖਿੱਚ ਲਏ।
ਸੁਖਬੀਰ ਬਾਦਲ ਵਲੋਂ ਹਾਈਕੋਰਟ ਦੇ ਫੈਸਲੇ ਦਾ ਸਵਾਗਤ
NEXT STORY