ਚੰਡੀਗੜ੍ਹ : ਪੰਜਾਬ 'ਚ ਹੋ ਰਹੀਆਂ ਲੋਕ ਸਭਾ ਚੋਣਾਂ ਸਬੰਧੀ ਸਾਰੇ ਮੁੱਖ ਦਲਾਂ ਦੀਆਂ ਨਜ਼ਰਾਂ ਬਦਲੇ ਹੋਏ ਹਾਲਾਤ ਦੇ ਬਾਵਜੂਦ ਡੇਰੇ ਦੇ ਸਮਰਥਨ ਰੂਪੀ ਐਲਾਨ 'ਤੇ ਟਿਕੀਆਂ ਹੋਈਆਂ ਹਨ ਉਥੇ ਹੀ ਸੋਮਵਾਰ ਨੂੰ ਡੇਰੇ 'ਚ ਸਥਾਪਨਾ ਦਿਵਸ 'ਤੇ ਹੋਣ ਵਾਲੇ ਪ੍ਰੋਗਰਾਮ 'ਤੇ ਵੀ ਫੋਕਸ ਕੀਤਾ ਜਾ ਰਿਹਾ ਹੈ। ਡੇਰੇ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਥਾਪਨਾ ਦਿਵਸ 'ਤੇ ਡੇਰੇ 'ਚ ਭਾਰੀ ਇਕੱਠ ਹੋਵੇਗਾ ਪਰ ਚੋਣਾਂ ਦੇ ਸਮੇਂ ਆਏ ਇਸ ਸਥਾਪਨਾ ਦਿਵਸ ਨੂੰ ਸਿਆਸਤ ਦੇ ਲਿਹਾਜ਼ ਨਾਲ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਫਿਲਹਾਲ ਡੇਰੇ ਦਾ ਸਿਆਸੀ ਵਿੰਗ ਖੁੱਲ੍ਹੇ ਤੌਰ 'ਤੇ ਸਮਰਥਨ ਨੂੰ ਲੈ ਕੇ ਐਕਟਿਵ ਨਜ਼ਰ ਨਹੀਂ ਆ ਰਿਹਾ ਹੈ ਪਰ ਡੇਰੇ 'ਚ ਬਦਲੇ ਹਾਲਾਤ ਦੇ ਲਿਹਾਜ਼ ਨਾਲ ਆਪਣੀ ਸੰਗਤ ਨੂੰ 'ਇਕ ਰਹਿਣ' ਦਾ ਸੰਦੇਸ਼ ਜ਼ਰੂਰ ਦਿੱਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਪਹਿਲਾਂ ਹੋਈਆਂ ਚੋਣਾਂ ਵਾਂਗ ਇਸ ਵਾਰ ਵੀ ਡੇਰਾ ਸੱਚਾ ਸੌਦਾ ਚੋਣ ਪ੍ਰਚਾਰ ਬੰਦ ਹੋਣ ਮੌਕੇ ਹੀ ਸਮਰਥਨ ਦਾ ਐਲਾਨ ਕਰ ਸਕਦਾ ਹੈ। ਅਜਿਹੀ ਵੀ ਜਾਣਕਾਰੀ ਹੈ ਕਿ ਸ਼ਾਇਦ ਡੇਰਾ ਸੱਚਾ ਸੌਦਾ ਵਲੋਂ ਬਦਲੇ ਹਾਲਾਤ 'ਚ ਇਸ ਵਾਰ 2014 ਵਾਂਗ ਕਿਸੇ ਵੀ ਸਿਆਸੀ ਪਾਰਟੀ ਨੂੰ ਖੁੱਲ੍ਹਾ ਸਰਮਥਨ ਦੇਣ ਤੋਂ ਗੁਰੇਜ਼ ਕਰੇ ਅਤੇ ਸ਼ਰਧਾਲੂਆਂ ਨੂੰ ਆਪਣੇ ਦਿਮਾਗ ਨਾਲ ਮਤਦਾਨ ਕਰਨ ਦਾ ਐਲਾਨ ਕਰਦੇ ਹੋਏ ਅੰਦਰ ਹੀ ਅੰਦਰ ਸਿਆਸਤਦਾਨਾਂ ਨਾਲ ਸਿਆਸੀ ਖੇਡ ਖੇਡੀ ਜਾਵੇ।
'ਏਕ ਰਹੋ' ਦੇ ਸੰਦੇਸ਼ 'ਚ 'ਸਿਆਸਤ'
ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਹਾਲਾਤ ਪਹਿਲਾਂ ਹੋਈਆਂ ਚੋਣਾਂ ਤੋਂ ਕਾਫੀ ਵੱਖਰੇ ਹਨ। ਪਿਛਲੀਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ 'ਚ ਡੇਰਾ ਇਕ-ਅੱਧੀ ਸੀਟ ਨੂੰ ਛੱਡ ਕੇ ਹੋਰ ਸੀਟਾਂ ਲਈ ਖੁੱਲ੍ਹ ਕੇ ਭਾਜਪਾ ਦੇ ਸਮਰਥਨ 'ਚ ਉਤਰ ਆਇਆ ਸੀ ਪਰ ਉਸ ਸਮੇਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖੁਦ ਡੇਰੇ 'ਚ ਮੌਜੂਦ ਸਨ ਪਰ ਹੁਣ ਉਹ ਜੇਲ 'ਚ ਹਨ। ਇਸੇ ਤਰ੍ਹਾਂ ਡੇਰੇ ਦੇ ਹੋਰ ਮੁੱਖ ਲੋਕਾਂ 'ਚ ਸ਼ਾਮਲ ਜ਼ਿਆਦਾਤਰ ਜੇਲ 'ਚ ਹੀ ਹਨ ਤਾਂ ਕੁਝ ਕੁ ਲਾਪਤਾ ਹਨ। ਅਜਿਹੇ 'ਚ ਬਦਲੇ ਮਾਹੌਲ 'ਚ ਨਾਮ ਚਰਚਾਵਾਂ ਦਾ ਦੌਰ ਜਾਰੀ ਹੈ ਅਤੇ ਖਾਸ ਗੱਲ ਇਹ ਹੈ ਕਿ ਹੁਣ ਹੋ ਰਹੀਆਂ ਇਨ੍ਹਾਂ ਨਾਮ ਚਰਚਾਵਾਂ 'ਚ ਅਹੁਦੇਦਾਰਾਂ ਵਲੋਂ ਆਪਣੀ ਸੰਗਤ ਨੂੰ ਸਾਫ ਸ਼ਬਦਾਂ 'ਚ ਹੋਰ ਲੋਕਹਿਤ ਕੰਮਾਂ ਨੂੰ ਉਤਸ਼ਾਹ ਦੇਣ ਦੇ ਨਾਲ-ਨਾਲ ਕਿਹਾ ਜਾ ਰਿਹਾ ਹੈ ਕਿ ਉਹ ਇਕ ਰਹਿਣ। ਇਸ ਏਕਤਾ ਦੇ ਸੰਦੇਸ਼ ਦੇ ਆਪਣੇ-ਆਪਣੇ ਮਾਇਨੇ ਕੱਢੇ ਜਾ ਰਹੇ ਹਨ। ਚੋਣ ਹੈ ਤਾਂ ਜ਼ਾਹਿਰ ਹੈ ਕਿ ਹਰ ਸਿਆਸੀ ਮਾਹਰ ਪ੍ਰਭਾਵ ਪਾਉਣ ਵਾਲੇ ਫੈਕਟਰਾਂ ਦਾ ਮੁਲਾਂਕਣ ਸਿਆਸੀ ਅਸਰ ਦੇ ਮੱਦੇਨਜ਼ਰ ਕਰਦੇ ਹਨ। ਅਜਿਹੇ 'ਚ ਇਨ੍ਹਾਂ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਡੇਰਾ ਸੱਚਾ ਸੌਦਾ ਵਲੋਂ ਇਸ 'ਏਕੇ' ਦੇ ਮਾਇਨੇ ਕਾਫੀ ਸਾਫ ਲੱਗਦੇ ਹਨ ਜੋ ਵੀ ਸੰਦੇਸ਼ ਆਵੇ ਜਾਂ ਦਿੱਤਾ ਜਾਵੇ ਸਾਰਾ ਕੁਝ ਇਕਜੁਟ ਹੋ ਕੇ ਉਸ ਨੂੰ ਹੀ ਨਿਭਾਉਣਾ ਹੈ। ਇਹ ਸੰਦੇਸ਼ ਸਿਆਸਤ ਨਾਲ ਜੁੜਿਆ ਹੋਇਆ ਵੀ ਹੋ ਸਕਦਾ ਹੈ।
ਸਥਾਪਨਾ ਦਿਵਸ 'ਤੇ ਟਿਕੀਆਂ ਨਜ਼ਰਾਂ
29 ਅਪ੍ਰੈਲ ਸੋਮਵਾਰ ਨੂੰ ਡੇਰਾ ਸੱਚਾ ਸੌਦਾ ਦਾ ਸਥਾਪਨਾ ਦਿਵਸ ਹੈ। ਡੇਰੇ ਨਾਲ ਜੁੜੇ ਲੋਕਾਂ ਨੇ ਦਾਅਵਾ ਕੀਤਾ ਕਿ ਇਸ ਸਥਾਪਨਾ ਦਿਵਸ ਨੂੰ ਡੇਰਾ ਸ਼ਰਧਾਲੂ ਬੜੇ ਉਤਸ਼ਾਹ ਨਾਲ ਮਨਾਉਣਗੇ ਅਤੇ ਭੀੜ ਵੀ ਲੱਖਾਂ 'ਚ ਜੁਟੇਗੀ। ਜਦ ਗੁਰਮੀਤ ਰਾਮ ਰਹੀਮ ਬਾਹਰ ਸਨ ਉਦੋਂ ਚੋਣਾਂ ਦੇ ਸਮੇਂ ਅਜਿਹੇ ਮੌਕਿਆਂ 'ਤੇ ਕਈ ਵੱਡੇ ਦਿੱਗਜ ਡੇਰੇ 'ਚ ਨਤਮਸਤਕ ਹੁੰਦੇ ਸਨ ਅਤੇ ਲੋਕਾਂ ਦੀ ਭੀੜ ਦੇ ਸਾਹਮਣੇ ਡੇਰਾ ਮੁਖੀ ਤੋਂ ਸਿਆਸੀ ਸਮਰਥਨ ਵਜੋਂ ਆਸ਼ੀਰਵਾਦ ਮੰਗਦੇ ਸਨ ਪਰ ਇਸ ਵਾਰ ਡੇਰੇ 'ਚ ਹੁਣ ਤਕ ਕੋਈ ਵੱਡਾ ਨੇਤਾ ਨਹੀਂ ਪਹੁੰਚਿਆ ਕਿਉਂਕਿ ਡੇਰਾ ਮੁਖੀ ਜੇਲ 'ਚ ਹੈ। ਮਗਰ ਮਨਾਏ ਜਾ ਰਹੇ ਸਥਾਪਨਾ ਦਿਵਸ 'ਤੇ ਸਾਰੇ ਸਿਆਸੀ ਦਿੱਗਜ਼ਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਸੂਤਰਾਂ ਅਨੁਸਾਰ ਖੁੱਲ੍ਹੇ ਤੌਰ 'ਤੇ ਨਾ ਸਹੀ ਪਰ ਅੰਦਰੂਨੀ ਤੌਰ 'ਤੇ ਡੇਰਾ ਮੁਖੀ ਦੇ ਪੁੱਤਰ ਤੇ ਹੋਰ ਅਸਰਦਾਇਕ ਲੋਕਾਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋ ਸਕਦਾ ਹੈ। ਸੋਮਵਾਰ ਨੂੰ ਡੇਰੇ ਦੇ ਸਥਾਪਨਾ ਦਿਵਸ 'ਤੇ ਹਰਿਆਣਾ ਤੇ ਪੰਜਾਬ ਦੇ ਕਈ ਸਿਆਸੀ ਨੇਤਾ ਸਿਰਸਾ ਸਥਿਤ ਡੇਰਾ ਮੁੱਖ ਦਫਤਰ ਵੱਲ ਰੁਖ਼ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਹਰਿਆਣਾ ਦੀਆਂ 4 ਸੰਸਦੀ ਸੀਟਾਂ ਸਿਰਸਾ, ਕਰਨਾਲ, ਕੁਰੂਕਸ਼ੇਤਰ, ਅੰਬਾਲਾ ਦੇ ਨਾਲ-ਨਾਲ ਪੰਜਾਬ ਦੇ ਮਾਲਵਾ ਖੇਤਰ ਦੀਆਂ 7 ਸੰਸਦੀ ਸੀਟਾਂ 'ਤੇ ਡੇਰਾ ਸ਼ਰਧਾਲੂਆਂ ਦੀ ਗਿਣਤੀ ਕਿਸੇ ਵੀ ਉਮੀਦਵਾਰ ਦੀ ਜਿੱਤ-ਹਾਰ 'ਚ ਫੈਸਲਾਕੁੰਨ ਭੂਮਿਕਾ ਨਿਭਾਉਂਦੀ ਹੈ।
ਆਖਰੀ ਦਿਨਾਂ 'ਚ ਹੋ ਸਕਦੀ ਹੈ ਮੀਟਿੰਗ
ਫਿਲਹਾਲ ਡੇਰੇ ਦਾ ਸਿਆਸੀ ਵਿੰਗ ਚੋਣ ਨੂੰ ਲੈ ਕੇ ਕੋਈ ਸਰਗਰਮੀ ਨਹੀਂ ਦਿਖਾ ਰਿਹਾ ਹੈ। ਡੇਰਾ ਸੂਤਰਾਂ ਅਨੁਸਾਰ ਨਾਮ ਚਰਚਾਵਾਂ ਦਾ ਦੌਰ ਜਾਰੀ ਹੈ ਅਤੇ ਸਥਾਪਨਾ ਦਿਵਸ ਤੋਂ ਬਾਅਦ ਇਸ ਵਾਰ ਜ਼ਿਲੇ ਦੀ ਸਭ ਤੋਂ ਵੱਡੀ ਨਾਮ ਚਰਚਾ 4 ਮਈ ਨੂੰ ਰਾਮਪੁਰ ਥੇੜੀ ਡੇਰੇ 'ਚ ਰੱਖੀ ਗਈ ਹੈ। ਇਸ ਨਾਮ ਚਰਚਾ ਤੋਂ ਬਾਅਦ ਸੰਭਵ ਤੌਰ 'ਤੇ ਡੇਰੇ ਦਾ ਸਿਆਸੀ ਵਿੰਗ ਸਰਗਰਮ ਹੋਵੇਗਾ ਅਤੇ ਇਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾ ਸਕਦਾ ਹੈ। ਦੱਸਿਆ ਗਿਆ ਹੈ ਕਿ ਐਲਾਨ ਚੋਣਾਂ ਦੇ 2 ਦਿਨ ਪਹਿਲਾਂ ਹੀ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਵੀ ਅਜਿਹਾ ਹੀ ਹੁੰਦਾ ਆਇਆ ਹੈ।
ਗੋਲੀਕਾਂਡ ਮਾਮਲੇ 'ਚ ਕਿਸੇ ਨੂੰ ਵੀ 'ਕਲੀਨ ਚਿੱਟ' ਨਹੀਂ ਦਿੱਤੀ ਗਈ : ਸਿੱਟ
NEXT STORY