ਫਰੀਦਕੋਟ : ਭਾਵੇਂ 2019 ਦੀਆਂ ਲੋਕ ਸਭਾ ਚੋਣਾਂ ਵਿਚ ਰਿਵਾਇਤੀ ਪਾਰਟੀਆਂ ਨੂੰ ਫਰੀਦਕੋਟ ਸੀਟ 'ਤੇ ਉਤਾਰਨ ਲਈ ਕੋਈ ਢੁਕਵਾਂ ਉਮੀਦਵਾਰ ਨਹੀਂ ਮਿਲ ਰਿਹਾ ਹੈ ਪਰ ਫਰੀਦਕੋਟ ਲੋਕ ਸਭਾ ਸੀਟ ਕਿਸੇ ਸਮੇਂ ਸੂਬੇ ਦੀ ਹਾਟ ਸੀਟ ਹੁੰਦੀ ਸੀ। ਇਹ ਸੀਟ ਅਕਾਲੀ ਦਲ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ, ਸੀਨੀਅਰ ਆਗੂ ਜਗਮੀਤ ਸਿੰਘ ਬਰਾੜ, ਕੇਂਦਰੀ ਮੰਤਰੀ ਰਹੇ ਬਲਵੰਤ ਸਿੰਘ ਰਾਮੂੰਵਾਲੀਆ ਵਰਗੇ ਵੱਡੇ ਲੀਡਰਾਂ ਦੀ ਕਰਮਭੂਮੀ ਰਹੀ ਹੈ, ਜਿਸ ਕਾਰਨ ਇਸ ਸੀਟ ਦੀ ਪਛਾਣ ਸੂਬੇ ਦੀਆਂ ਹਾਟ ਸੀਟਾਂ ਦੇ ਰੂਪ ਵਿਚ ਹੁੰਦੀ ਸੀ।
2009 'ਚ ਰਾਖਵਾਂ ਹੋਣ ਤੋਂ ਬਾਅਦ ਫਰੀਦਕੋਟ ਨੇ ਇਹ ਰੁਤਬਾ ਗਵਾ ਲਿਆ। ਮੌਜੂਦਾ ਸਮੇਂ 'ਚ ਹਾਲਾਤ ਅਜਿਹੇ ਹਨ ਕਿ ਕਾਂਗਰਸ ਅਤੇ ਅਕਾਲੀ ਦਲ ਵਰਗੀਆਂ ਰਿਵਾਇਤੀ ਪਾਰਟੀਆਂ ਨੂੰ ਫਰੀਦਕੋਟ ਦੇ ਚੋਣ ਮੈਦਾਨ ਵਿਚ ਉਤਾਰਨ ਲਈ ਕੋਈ ਵੱਡਾ ਚਿਹਰਾ ਨਹੀਂ ਮਿਲ ਰਿਹਾ ਹੈ।
ਜਾਣਕਾਰੀ ਅਨੁਸਾਰ ਫਰੀਦਕੋਟ ਸੀਟ 'ਤੇ ਪਹਿਲੀ ਵਾਰ 1977 ਵਿਚ ਚੋਣਾਂ ਹੋਈਆਂ ਸਨ। ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਦੇ ਅਵਤਾਰ ਸਿੰਘ ਬਰਾੜ ਨੂੰ ਸ਼ਿਕਸਤ ਦਿੱਤੀ ਸੀ। ਦੂਸਰੀ ਵਾਰ 1980 ਦੀਆਂ ਚੋਣਾਂ ਵਿਚ ਹਰਚਰਨ ਸਿੰਘ ਬਰਾੜ ਦੀ ਪਤਨੀ ਗੁਰਵਿੰਦਰ ਕੌਰ ਨੇ ਉਸ ਸਮੇਂ ਅਕਾਲੀ ਦਲ ਦੀ ਟਿਕਟ 'ਤੇ ਮੈਦਾਨ ਵਿਚ ਉਤਰੇ ਬਲਵੰਤ ਸਿੰਘ ਰਾਮੂੰਵਾਲੀਆ ਨੂੰ ਹਰਾਇਆ ਸੀ। 1989 ਦੀਆਂ ਚੋਣਾਂ ਵਿਚ ਫਰੀਦਕੋਟ ਤੋਂ ਹਰਚਰਨ ਸਿੰਘ ਬਰਾੜ ਮੈਦਾਨ ਵਿਚ ਉਤਰੇ ਪਰ ਉਹ ਅਕਾਲੀ ਦਲ (ਅ) ਦੇ ਜਗਦੇਵ ਸਿੰਘ ਤੋਂ ਹਾਰ ਗਏ ਸਨ।
ਫਰੀਦਕੋਟ ਕਦੋਂ ਬਣਿਆ ਦਿਲਚਸਪ ਚੋਣ ਮੈਦਾਨ
ਫਰੀਦਕੋਟ ਨੂੰ ਸਭ ਤੋਂ ਦਿਲਚਸਪ ਚੋਣ ਮੈਦਾਨ ਬਣਨ ਦਾ ਰੁਤਬਾ 1996 ਵਿਚ ਮਿਲਿਆ। ਸੁਖਬੀਰ ਸਿੰਘ ਬਾਦਲ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਚੋਣ ਫਰੀਦਕੋਟ ਤੋਂ ਲੜੀ ਅਤੇ ਹਰਚਰਨ ਸਿੰਘ ਬਰਾੜ ਦੀ ਧੀ ਕੰਵਲਜੀਤ ਕੌਰ ਨੂੰ ਮਾਤ ਦਿੱਤੀ। 1998 ਵਿਚ ਵੀ ਸੁਖਬੀਰ ਬਾਦਲ ਜਿੱਤੇ ਪਰ 1999 ਵਿਚ ਹੋਈਆਂ ਚੋਣਾਂ ਵਿਚ ਉਹ ਕਾਂਗਰਸ ਦੇ ਜਗਮੀਤ ਬਰਾੜ ਹੱਥੋਂ ਹਾਰ ਗਏ।
2004 ਦੀਆਂ ਚੋਣਾਂ ਸਨ ਸਭ ਤੋਂ ਦਿਲਚਸਪ
ਫਰੀਦਕੋਟ 2004 ਦੀਆਂ ਚੋਣਾਂ ਦੌਰਾਨ ਵੀ ਸੂਬੇ ਦੀਆਂ ਸਭ ਤੋਂ ਹਾਟ ਸੀਟ ਰਿਹਾ। ਉਸ ਸਮੇਂ ਸੂਬੇ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ। ਫਰੀਦਕੋਟ ਸੀਟ 'ਤੇ ਮੈਦਾਨ ਵਿਚ ਉਤਰੇ ਸੁਖਬੀਰ ਬਾਦਲ ਦਾ ਮੁਕਾਬਲਾ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਦੀ ਨੂੰਹ ਕਰਨ ਕੌਰ ਬਰਾੜ ਨਾਲ ਸੀ। ਇਨ੍ਹਾਂ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕਰੀਬੀ ਰਿਸ਼ਤੇਦਾਰ ਕਰਨ ਕੌਰ ਬਰਾੜ ਨੂੰ ਜਿਤਵਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਦਿੱਤਾ ਸੀ ਪਰ ਉਹ ਸੁਖਬੀਰ ਬਾਦਲ ਹੱਥੋਂ ਹਾਰ ਗਏ ਸਨ।
2009 ਅਤੇ 2014 ਦੀਆਂ ਚੋਣਾਂ ਵਾਂਗ ਇਸ ਵਾਰ ਵੀ ਰਿਵਾਇਤੀ ਪਾਰਟੀਆਂ ਕੋਲ ਅਜੇ ਤਕ ਫਰੀਦਕੋਟ ਸੀਟ ਲਈ ਕੋਈ ਠੋਸ ਉਮੀਦਵਾਰ ਨਜ਼ਰ ਨਹੀਂ ਆ ਰਿਹਾ ਹੈ। ਆਮ ਆਦਮੀ ਪਾਰਟੀ ਨੇ ਆਪਣੇ ਮੌਜੂਦਾ ਸਾਂਸਦ ਪ੍ਰੋ. ਸਾਧੂ ਸਿੰਘ ਨੂੰ ਮੈਦਾਨ ਵਿਚ ਉਤਾਰਿਆ ਹੈ ਜਦਕਿ ਉਨ੍ਹਾਂ ਨੂੰ ਚੁਣੌਤੀ ਦੇਣ ਲਈ 'ਆਪ' ਤੋਂ ਹੀ ਬਾਗੀ ਹੋਏ ਮਾਸਟਰ ਬਲਦੇਵ ਸਿੰਘ ਸੁਖਪਾਲ ਖਹਿਰਾ ਧੜੇ ਵਲੋਂ ਮੈਦਾਨ ਵਿਚ ਹਨ।
ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 4 ਮੈਂਬਰ ਗ੍ਰਿਫਤਾਰ
NEXT STORY