ਲੁਧਿਆਣਾ (ਸਿਆਲ) - ਜੇਲ ਦੇ ਹਾਈ ਸਕਿਓਰਿਟੀ ਜ਼ੋਨ 'ਚ ਡਿਊਟੀ ਕਰਨ ਵਾਲੇ ਪੁਲਸ ਕਾਂਸਟੇਬਲ ਦੀ ਤਲਾਸ਼ੀ ਲੈਣ 'ਤੇ ਉਸ ਦੀ ਪਗੜੀ 'ਚੋਂ 2 ਜਰਦੇ ਦੀਆਂ ਪੁੜੀਆਂ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਉਸ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ। ਜੇਲ ਸੁਪਰਡੈਂਟ ਵਲੋਂ ਕੇਸ ਦੀ ਜਾਂਚ ਡੀ. ਐੱਸ. ਪੀ. ਨੂੰ ਸੌਂਪੇ ਜਾਣ ਤੋਂ ਬਾਅਦ ਕੇਸ ਪੁਲਸ ਨੂੰ ਭੇਜ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪੁਲਸ ਦਾ ਕਾਂਸਟੇਬਲ ਡਿਊਟੀ ਕਰਨ ਜੇਲ ਡਿਓਢੀ ਰਾਹੀਂ ਅੰਦਰ ਜਾ ਰਿਹਾ ਸੀ ਤਾਂ ਉੱਥੇ ਤਾਇਨਾਤ ਹੌਲਦਾਰ ਸੁਭਾਸ਼ ਚੰਦਰ ਨੇ ਬਾਰੀਕੀ ਨਾਲ ਤਲਾਸ਼ੀ ਲੈਣ 'ਤੇ ਪੱਗ 'ਚ ਲੁਕੋਈਆਂ 2 ਜਰਦੇ ਦੀਆਂ ਪੁੜੀਆਂ ਬਰਾਮਦ ਕਰ ਲਈਆਂ। ਮਾਮਲਾ ਜੇਲ ਸੁਪਰਡੈਂਟ ਦੇ ਧਿਆਨ 'ਚ ਲਿਆਉਣ 'ਤੇ ਇਸ ਦੀ ਜਾਂਚ ਡੀ. ਐੱਸ. ਪੀ. ਸਕਿਓਰਿਟੀ ਰਜਿੰਦਰ ਸਿੰਘ ਨੂੰ ਸੌਂਪ ਕੇ ਤੁਰੰਤ ਇਸ ਦੀ ਰਿਪੋਰਟ ਕਰਨ ਨੂੰ ਕਿਹਾ ਗਿਆ।
ਜਦੋਂ ਉਕਤ ਅਧਿਕਾਰੀ ਨੇ ਪੁਲਸ ਕਾਂਸਟੇਬਲ ਕੁਲਵਿੰਦਰ ਸਿੰਘ ਤੋਂ ਪੁੱਛÎਗਿੱਛ ਕਰਨੀ ਸ਼ੁਰੂ ਕੀਤੀ ਤਾਂ ਉਸ ਨੇ ਖੁਲਾਸਾ ਕੀਤਾ ਕਿ ਉਕਤ ਪੁੜੀਆਂ ਜੇਲ ਦੇ ਅੰਦਰ ਇਕ ਹਵਾਲਾਤੀ ਨੂੰ ਮੁਹੱਈਆ ਕਰਵਾਉਣੀਆਂ ਸਨ। ਜਾਂਚ ਅਧਿਕਾਰੀ ਨੇ ਜਦੋਂ ਉਕਤ ਹਵਾਲਾਤੀ ਤੋਂ ਰਿਸੈਪਸ਼ਨ ਬਲਾਕ 'ਚ ਜਾ ਕੇ ਸਖਤੀ ਨਾਲ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਕਤ ਹਵਾਲਾਤੀ ਨੇ ਖੁਲਾਸਾ ਕੀਤਾ ਕਿ ਜਰਦੇ ਦੀਆਂ ਪੁੜੀਆਂ ਉਕਤ ਕਾਂਸਟੇਬਲ ਤੋਂ ਤੀਜੀ ਵਾਰ ਮੰਗਵਾਈਆਂ ਹਨ, ਜਿਸ ਦੇ ਬਦਲੇ ਉਹ ਕਾਂਸਟੇਬਲ ਨੂੰ ਹਰ ਪੁੜੀ ਦੇ 500 ਰੁਪਏ ਕਥਿਤ ਰੂਪ ਨਾਲ ਦਿੰਦਾ ਸੀ। ਸਹਾਇਕ ਸੁਪਰਡੈਂਟ ਹਰਮਿੰਦਰ ਸਿੰਘ ਦੀ ਸ਼ਿਕਾਇਤ 'ਤੇ ਮਾਮਲਾ ਪੁਲਸ ਨੂੰ ਕਾਰਵਾਈ ਲਈ ਭੇਜ ਦਿੱਤਾ ਗਿਆ ਹੈ। ਉਧਰ, ਜੇਲ ਸੁਪਰਡੈਂਟ ਰਾਜੀਵ ਕੁਮਾਰ ਅਰੋੜਾ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਹਥਕੰਡੇ ਅਪਣਾਉਣ ਵਾਲੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਬਰਨਾਲਾ : ਆਵਾਰਾ ਪਸ਼ੂਆਂ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ (ਵੀਡੀਓ)
NEXT STORY